ਲੋਕੇਸ਼ ਰਿਸ਼ੀ
ਗੁਰਦਾਸਪੁਰ, 15 ਜੂਨ 2019- ਅਭਿਨੇਤਾ ਤੋਂ ਨੇਤਾ ਬਣੇ ਸੰਨ੍ਹੀ ਦਿਉਲ ਲੋਕ ਸਭਾ ਚੋਣ ਜਿੱਤਣ ਮਗਰੋਂ ਪਹਿਲੀ ਵਾਰ ਗੁਰਦਾਸਪੁਰ ਵਿਖੇ ਪਹੁੰਚੇ। ਸੰਨ੍ਹੀ ਸ਼ਨੀਵਾਰ ਨੂੰ ਭਾਰਤ-ਪਾਕ ਸਰਹੱਦ 'ਤੇ ਚੱਲ ਰਹੇ ਕਰਤਾਰਪੁਰ ਸਾਹਿਬ ਕਾਰੀਡੋਰ ਨਿਰਮਾਣ ਜਾ ਜਾਇਜ਼ਾ ਲੈਣ ਪਹੁੰਚੇ। ਇੱਥੇ ਉਨ੍ਹਾਂ ਨੇ 3 ਕਿੱਲੋ ਮੀਟਰ ਪੈਦਲ ਚੱਲ ਕੇ ਭਾਰਤ ਵਾਲੇ ਪਾਸੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਐਨਐਚਏਆਈ ਦੇ ਨੁਮਾਇੰਦਿਆਂ ਨਾਲ ਗੱਲ ਬਾਤ ਕਰ ਕੇ ਚੱਲ ਰਹੇ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਨਾਲ ਹੀ ਸੰਨ੍ਹੀ ਨੇ ਦੂਰਬੀਨ ਰਾਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕੀਤੇ। ਇਸ ਦੌਰਾਨ ਐਸ.ਡੀ.ਐਮ ਡੇਰਾ ਬਾਬਾ ਨਾਨਕ ਸਮੇਤ ਹੋਰ ਕਈ ਪ੍ਰਸ਼ਾਸਨਿਕ ਅਤੇ ਸੁਰੱਖਿਆ ਅਧਿਕਾਰੀ ਵੀ ਮੌਜੂਦ ਸਨ।
ਹਾਲਾਂਕਿ ਇਸ ਦੌਰਾਨ ਸੰਨ੍ਹੀ ਦਿਉਲ ਆਪਣੀ ਆਦਤ ਮੁਤਾਬਿਕ ਮੀਡੀਆ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਅਤੇ ਮੀਡੀਆ ਨਾਲ ਖੁੱਲ ਕੇ ਮੁਖ਼ਾਤਬ ਨਹੀਂ ਹੋਏ। ਸੰਨ੍ਹੀ ਕੋਲੋਂ ਡੇਰਾ ਬਾਬਾ ਨਾਨਕ ਆਉਣ ਅਤੇ ਕਾਰੀਡੋਰ ਸਬੰਧੀ ਸਵਾਲ ਪੁੱਛੇ ਜਾਣ ਤੇ ਉਨ੍ਹਾਂ ਨੇ ਸਿਰਫ਼ ਇੰਨਾ ਹੀ ਕਿਹਾ ਕਿ ਉਨ੍ਹਾਂ ਨੇ ਵੀ ਉਹੀ ਕੁਝ ਵੇਖਿਆ ਹੈ ਜੋ ਬਾਕੀ ਲੋਕਾਂ ਅਤੇ ਮੀਡੀਆ ਨੇ ਵੇਖਿਆ ਹੈ।
ਉੱਥੇ ਦੂਜੇ ਪਾਸੇ ਮੀਡੀਆ ਨਾਲ ਮੁਖ਼ਾਤਬ ਹੁੰਦਿਆਂ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਨੁਮਾਇੰਦੇ ਜਤਿੰਦਰ ਸਿੰਘ ਨੇ ਦੱਸਿਆ ਕਿ ਸੰਨ੍ਹੀ ਦਿਉਲ ਬਤੌਰ ਸਾਂਸਦ ਪਹਿਲੀ ਵਾਰ ਸ੍ਰੀ ਕਰਤਾਰਪੁਰ ਕਾਰੀਡੋਰ ਦਾ ਜਾਇਜ਼ਾ ਲੈਣ ਪਹੁੰਚੇ ਸਨ ਅਤੇ ਉਨ੍ਹਾਂ ਨੇ 3 ਕਿੱਲੋ ਮੀਟਰ ਪੈਦਲ ਚੱਲ ਕੇ ਭਾਰਤ ਵਾਲੇ ਪਾਸੇ ਚੱਲ ਰਹੇ ਕਾਰੀਡੋਰ ਨਿਰਮਾਣ ਕਾਰਜਾਂ ਦਾ ਜਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸੰਨ੍ਹੀ ਨਿਰਮਾਣ ਕਾਰਜ ਤੋਂ ਖ਼ੁਸ਼ ਹਨ।
ਜਤਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਆਪਣੀ ਹੱਦ ਵਿੱਚ ਪੈਂਦੇ 300 ਮੀਟਰ ਦੇ ਖੇਤਰ ਵਿੱਚ ਕੰਮ ਨਹੀਂ ਚਲਾਇਆ ਜਾ ਰਿਹਾ, ਜੋ ਕਿ ਕਾਰੀਡੋਰ ਖੋਲੇ ਜਾਣ ਦੇ ਸਮੇਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਤੇ ਸੰਨ੍ਹੀ ਦਿਉਲ ਨੇ ਭਰੋਸਾ ਦਵਾਇਆ ਹੈ ਕਿ ਉਹ ਇਸ ਮੁੱਦੇ ਨੂੰ ਕੇਂਦਰ ਸਰਕਾਰ ਅੱਗ ਰੱਖ ਕੇ ਜਲਦ ਤੋਂ ਜਲਦ ਇਸ ਦਾ ਹੱਲ ਕਰਵਾ ਦੇਣਗੇ।
ਇੱਥੇ ਦੱਸਦੇ ਚੱਲੀਏ ਕਿ ਭਾਰਤ ਅਤੇ ਪਾਕਿਸਤਾਨ ਵਿੱਚੋਂ ਲੰਘਦੇ ਰਾਵੀ ਦਰਿਆ ਤੇ ਇੱਕ ਪੁਲ ਬਣਾਇਆ ਜਾਣਾ ਹੈ। ਜੋ ਕਿ 300 ਮੀਟਰ ਪਾਕਿਸਤਾਨੀ ਖੇਤਰ ਵਿੱਚ ਹੈ ਅਤੇ ਪਾਕਿਸਤਾਨ ਵੱਲੋਂ ਇਸ 300 ਮੀਟਰ ਵਿੱਚ ਕੰਮ ਰੋਕ ਦਿੱਤਾ ਗਿਆ ਹੈ। ਜਿਸ ਦਾ ਕਾਰਨ ਦੋਹਾਂ ਦੇਸ਼ਾਂ 'ਚ ਪੁਲ ਦੇ ਨਿਰਮਾਣ ਤਰੀਕੇ ਨੂੰ ਲੈ ਕੇ ਅਸਹਿਮਤੀ ਹੈ। ਭਾਰਤ ਨੇ ਆਪਣੇ ਵਾਲੇ ਪਾਸਿਉਂ ਇਸ ਪੁਲ ਨੂੰ ਮਜ਼ਬੂਤ ਕੰਕਰੀਟ ਨਾਲ ਤਿਆਰ ਕਰਨ ਦੀ ਯੋਜਨਾ ਬਣਾਈ ਹੈ। ਜਦ ਕੀ ਪਾਕਿਸਤਾਨ ਇਸ ਪੁਲ ਨੂੰ ਆਪਣੇ ਵਾਲੇ ਪਾਸਿਉਂ ਮਿੱਟੀ ਨਾਲ ਤਿਆਰ ਕਰਨਾ ਚਾਹੁੰਦਾ ਹੈ। ਬੀਤੇ ਦਿਨੀਂ ਇਸੇ ਸਬੰਧ ਵਿੱਚ ਦੋਹਾਂ ਦੇਸ਼ਾਂ ਦੀਆਂ ਤਕਨੀਕੀ ਟੀਮਾਂ ਵੱਲੋਂ ਇੱਕ ਮੀਟਿੰਗ ਵੀ ਕੀਤੀ ਗਈ ਸੀ ਅਤੇ ਉਸ ਮੀਟਿੰਗ ਵਿੱਚ ਭਾਰਤੀ ਨੁਮਾਇੰਦਿਆਂ ਨੇ ਪਾਕਿਸਤਾਨ ਵਾਲੇ ਪਾਸਿਉਂ ਵੀ ਇਸ 300 ਮੀਟਰ ਦੇ ਹਿੱਸੇ ਵਾਲੇ ਪੁਲ ਨੂੰ ਕੰਕਰੀਟ ਨਾਲ ਬਣਾਉਣ ਦੀ ਸਿਫ਼ਾਰਿਸ਼ ਕੀਤੀ ਸੀ। ਉਦੋਂ ਤੋਂ ਹੀ ਪਾਕਿਸਤਾਨ ਵਾਲੇ ਪਾਸੇ ਉਸ 300 ਮੀਟਰ ਖੇਤਰ ਦੇ ਦਾਇਰੇ ਦਾ ਕੰਮ ਰੋਕ ਦਿੱਤਾ ਗਿਆ ਹੈ ਜੋ ਹੱਲੇ ਤੱਕ ਬੰਦ ਪਿਆ ਹੈ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਪਾਕਿਸਤਾਨ ਵੱਲੋਂ ਜੇਕਰ ਇਸ ਪੁਲ ਨੂੰ ਮਿੱਟੀ ਨਾਲ ਤਿਆਰ ਕੀਤਾ ਜਾਂਦਾ ਹੈ ਤਾਂ ਜਿੱਥੇ ਇੱਕ ਪਾਸੇ ਇਹ ਪੁਲ ਅਸੁਰੱਖਿਅਤ ਹੋਵੇਗਾ। ਉੱਥੇ ਹੀ ਦੂਜੇ ਪਾਸੇ ਮਿੱਟੀ ਨਾਲ ਬਣਿਆ ਹੋਣ ਕਾਰਨ ਇਸ ਵਿੱਚੋਂ ਰਾਵੀ ਦਰਿਆ ਦੇ ਪਾਣੀ ਦੀ ਨਿਕਾਸੀ ਆਰ-ਪਾਰ ਨਹੀਂ ਹੋ ਸਕੇਗੀ। ਨਤੀਜੇ ਵਜੋਂ ਹਰ ਸਾਲ ਬਰਸਾਤਾਂ ਦੇ ਦਿਨਾ 'ਚ ਇਹ ਪਾਣੀ ਨਿਕਾਸੀ ਨਾ ਹੋਣ ਕਾਰਨ ਭਾਰਤੀ ਖੇਤਰ ਦੀ ਲੱਖਾਂ ਏਕੜ ਵਾਹੀ ਯੋਗ ਜ਼ਮੀਨ ਲਈ ਭਾਰੀ ਨੁਕਸਾਨ ਦਾ ਕਾਰਨ ਬਣਿਆ ਕਰੇਗਾ।