ਮਿੱਤਰ ਸੈਨ ਸ਼ਰਮਾ
ਮਾਨਸਾ, 15 ਜੂਨ 2019 : ਥਾਣਾ ਸਿਟੀ–2 ਮਾਨਸਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਧੋਖਾਧੜੀ ਨਾਲ ਵਿਦੇਸ਼ ਭੇਜਣ ਤੇ ਉਸ ਦਾ ਮਾਨਸਿਕ ਸ਼ੋਸ਼ਣ ਕਰਨ ਦੇ ਦੋਸ਼ 'ਚ ਸਥਾਨਕ ਸ਼ਹਿਰ ਵਾਸੀ ਇੱਕ ਵਿਅਕਤੀ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਸਵੀਰ ਸਿੰਘ ਪਿੰਡ ਮੰਢਾਲੀ ਨੂੰ ਸ਼ਹਿਰ ਮਾਨਸਾ ਵਾਸੀ ਇੱਕ ਵਿਅਕਤੀ ਨੇ ਮਲੇਸ਼ੀਆ ਵਿਖੇ ਭੇਜ ਕੇ ਉੱਥੇ ਵਰਕ ਪਰਮਿਟ ਦਿਵਾਉਣ ਦੀ ਗੱਲ ਕੀਤੀ ਅਤੇ ਉਸ ਕੋਲੋਂ 95 ਹਜ਼ਾਰ ਰੁਪਏ ਵਸੂਲ ਲਏ। ਇਸ ਉਪਰੰਤ ਜਦ ਜਸਵੀਰ ਸਿੰਘ ਨੂੰ ਉਕਤ ਵਿਅਕਤੀ ਨੇ 20 ਜੂਨ 2018 ਨੂੰ ਮਲੇਸ਼ੀਆ ਭੇਜਿਆ ਤਾਂ ਉੱਥੋਂ ਦੀ ਇਮੀਗ੍ਰੇਸ਼ਨ ਪੁਲਿਸ ਨੇ ਉਸ ਗ੍ਰਿਫ਼ਤਾਰ ਕਰਕੇ 3 ਦਿਨ ਜ਼ੇਲ੍ਹ 'ਚ ਰੱਖਣ ਉਪਰੰਤ 23 ਜੂਨ 2018 ਨੂੰ ਵਾਪਿਸ ਇੰਡੀਆ ਭੇਜ ਦਿੱਤਾ। ਇਸ ਦੇ ਬਾਅਦ ਜਸਵੀਰ ਸਿੰਘ ਨੇ ਭੇਜਣ ਵਾਲੇ ਵਿਅਕਤੀ ਨੂੰ ਉਕਤ ਸ਼ਿਕਾਇਤ ਕਰਦਿਆਂ 95 ਹਜ਼ਾਰ ਰੁਪਏ ਵਾਪਿਸ ਕਰਨ ਦੀ ਮੰਗ ਕੀਤੀ ਪਰ ਉਸ ਵਿਅਕਤੀ ਨੇ ਇਸ ਨੂੰ ਕੁਦਰਤੀ ਵਰਤਾਰਾ ਦੱਸ ਕੇ ਦੁਬਈ ਵਿਖੇ ਭੇਜ ਕੇ ਕੰਮ ਦਿਵਾਉਣ ਦੀ ਗੱਲ ਕੀਤੀ ਅਤੇ ਫਿਰ ਜਸਵੀਰ ਸਿੰਘ ਨੂੰ 1 ਅਕਤੂਬਰ 2018 ਨੂੰ ਉਸ ਨੇ ਦੁਬਈ ਭੇਜ ਦਿੱਤਾ, ਜਿੱਥੇ ਜਸਵੀਰ ਨੂੰ ਕੁੱਝ ਵਿਅਕਤੀ ਆਪਣੇ ਨਾਲ ਲੈ ਗਏ ਅਤੇ ਖਸਤਾ ਹਾਲਤ ਝੌਂਪੜੀ 'ਚ ਛੱਡ ਦਿੱਤਾ, ਜਿੱਥੇ ਕੁੱਝ ਦਿਨਾਂ ਬਾਅਦ ਉਹ ਕੁੱਝ ਵਿਅਕਤੀਆਂ ਦੀ ਮਦਦ ਨਾਲ 18 ਅਕਤੂਬਰ 2018 ਨੂੰ ਵਾਪਿਸ ਭਾਰਤ ਆ ਗਿਆ। ਇਸ ਉਪਰੰਤ ਪੀੜ੍ਹਤ ਜਸਵੀਰ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਕੋਲ ਸ਼ਿਕਾਇਤ ਕਰਕੇ ਇਨਸਾਫ਼ ਦੀ ਮੰਗ ਕੀਤੀ, ਜਿਸ ਦੀ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵੱਲੋਂ ਜਾਰੀ ਹੁਕਮਾਂ 'ਤੇ ਥਾਣਾ ਸਿਟੀ–2 ਮਾਨਸਾ ਦੀ ਪੁਲਿਸ ਨੇ ਰਾਜਦੀਪ ਸਿੰਘ ਵਾਸੀ ਮਾਨਸਾ ਦੇ ਵਿਰੁੱਧ ਧਾਰਾ 420 ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।