ਚੰਡੀਗੜ੍ਹ, 16 ਜੂਨ 2019 - ਪਿੰਡਾਂ 'ਚ 'ਮਿਨੀ ਫੌਰੈੱਸਟ' ਭਾਵ ਛੋਟੇ ਜੰਗਲ ਪੈਦਾ ਕਰਨ ਦੀ ਤਜਵੀਜ਼ ਨਾਲ ਗੋ ਗ੍ਰੀਨ ਅੰਤਰਰਾਸ਼ਟਰੀ ਸੰਸਥਾ ਦੇ ਸੰਸਥਾਪਕ ਅਤੇ ਵਾਤਾਵਰਨ ਪ੍ਰੇਮੀ ਅਸ਼ਵਨੀ ਜੋਸ਼ੀ ਵੱਲੋਂ ਆਪਣੀ ਸਿਰ ਤੋੜ ਮਿਹਨਤ ਸਦਕਾ ਨਵਾਂਸ਼ਹਿਰ ਦੇ ਪਿੰਡ ਦਿਲਾਵਰਪੁਰ ਦੀ ਪੰਚਾਇਤ ਦੁਆਰਾ ਪਿੰਡ 'ਚ ਮਿਨੀ ਫੌਰੈੱਸਟ ਤਿਆਰ ਕਰਾਇਆ ਗਿਆ ਹੈ। ਇਹ ਪ੍ਰੌਜੈਕਟ ਅਸ਼ਵਨੀ ਜੋਸ਼ੀ ਦੀ ਪਿੰਡ ਦੀ ਪੰਚਾਇਤ ਨੂੰ ਦਿੱਤੀ ਪ੍ਰੇਰਣਾ ਸਦਕਾ ਨੇਪਰੇ ਚੜ੍ਹ ਸਕਿਆ ਹੈ। ਅਸ਼ਵਨੀ ਜੋਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਦਿਲਾਵਰਪੁਰ ਦੀ ਪੰਚਾਇਤ ਨੂੰ ਪਿੰਡ 'ਚ ਖਾਲੀ ਜਗ੍ਹਾ 'ਤੇ ਦਰਖਤ ਵਗੈਰਾ ਲਾ ਕੇ ਛੋਟਾ ਜੰਗਲ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਸੀ, ਜਿਸ ਸਦਕਾ ਅੱਜ ਉਨ੍ਹਾਂ ਦੀ ਮਿਹਨਤ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਡੀ.ਐਫ.ੳ ਸਤਏਂਦਰ ਸਿੰਘ ਬਲਾਕ ਫਾਰੈਸਟ ਅਫਸਰ ਰਵੀ ਦੱਤ ਸਮੇਤ ਦਿਲਾਵਰਪੁਰ ਦੇ ਮਿਨੀ ਫੌਰੈਸਟ ਦਾ ਦੌਰਾ ਵੀ ਕੀਤਾ ਤੇ ਪਿਛਲੇ ਸਾਲ ਵਿੱਢੇ ਇਸ ਕਾਰਜ 'ਤੇ ਸੰਤੁਸ਼ਟੀ ਜਤਾਈ।
ਅਸ਼ਵਨੀ ਜੋਸ਼ੀ ਨੇ ਕਿਹਾ ਕਿ ਇਹੋ ਜਿਹੇ ਕਾਰਜ ਜੇਕਰ ਪੰਜਾਬ ਦੇ ਹਰ ਪਿੰਡ ਦੀ ਪੰਚਾਇਤ ਵਿੱਢਣੇ ਸ਼ੁਰੂ ਕਰੇ ਤਾਂ ਇੱਕ ਦਿਨ ਅਸੀਂ ਆਪਣੇ ਖੋਏ ਹੋਏ ਜੰਗਲਾਂ ਨੂੰ ਵਾਪਸ ਹਾਸਲ ਕਰ ਸਕਾਂਗੇ ਜਿਸ ਨਾਲ ਪੰਜਾਬ ਦੇ ਵਾਤਾਵਰਨ 'ਚ ਕਾਫੀ ਸੁਧਾਰ ਹੋਣਾ ਸੰਭਵ ਹੈ।
ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਿਰਫ ਇੱਕ ਪਾੲਲਟ ਪ੍ਰਾਜੈਕਟ ਸੀ, ਜਿਸ ਤੋਂ ਉਹ ਸੰਤੁਸ਼ਟ ਨੇ ਤੇ ਹੁਣ ਜੇਕਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤਮਾਮ ਪੰਜਾਬ ਤੇ ਭਾਰਤ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਜਿਹੇ ਮਿਨੀ ਫੌਰੈਸਟ ਲਾਉਣ ਦੀਆਂ ਹਦਾਇਤਾਂ ਦੇ ਦੇਵੇ ਤਾਂ ਵਾਤਾਵਰਨ ਨੂੰ ਛੋਟੇ ਪੱਧਰ 'ਤੇ ਬਚਾਇਆ ਜਾ ਸਕੇਗਾ ਅਤੇ ਜਿੰਨੇ ਵੀ ਹੁਣ ਤੱਕ ਵੱਡੇ ਜੰਗਲ ਅਸੀਂ ਆਪ ਆਪਣੇ ਹੱਥੀਂ ਤਬਾਹ ਕਰ ਲਏ, ਉਹ ਵੀ ਵਾਪਸ ਲਿਆਏ ਜਾ ਸਕਣਗੇ।