← ਪਿਛੇ ਪਰਤੋ
ਗੁਰਦਾਸਪੁਰ, 16 ਜੂਨ 2019: ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ ਆਪਣੇ ਰਾਜ ਦੌਰਾਨ ਭਾਵੇਂ ਨਸ਼ੇ ਦੀ ਅੱਗ ਵਿੱਚ ਸੜ ਰਹੇ ਪੰਜਾਬ ਨੂੰ ਬਚਾਉਣ ਦੇ ਲੱਖ ਦਾਅਵੇ ਕੀਤੇ ਗਏ। ਪਰ ਜ਼ਮੀਨੀ ਹਕੀਕਤ ਅੱਜ ਵੀ ਉਨ੍ਹਾਂ ਸਾਰੇ ਦਾਅਵਿਆਂ ਅਤੇ ਵਾਧਿਆਂ ਨੂੰ ਮੂੰਹ ਚਿੜਾਉਂਦੀ ਨਜ਼ਰ ਆ ਰਹੀ ਹੈ। ਮੌਜੂਦਾ ਹਾਲਤਾਂ ਵਿੱਚ ਭਾਵੇਂ ਪੂਰਾ ਸੂਬਾ ਇਸ ਦੀ ਮਾਰ ਹੇਠ ਆਪਣੀਆਂ ਪੀੜੀਆਂ ਗਵਾ ਰਿਹਾ ਹੈ। ਪਰ ਸਰਹੱਦੀ ਖੇਤਰ ਗੁਰਦਾਸਪੁਰ ਦਾ ਕਸਬਾ ਘੁਮਾਣ ਤਾਂ ਇੰਜ ਜਾਪ ਰਿਹਾ ਹੈ, ਜਿਵੇਂ ਕਿਸੇ ਸਰਾਪ ਦਾ ਅਸਰ ਭੋਗ ਰਿਹਾ ਹੋਵੇ। ਇਸ ਦੀ ਮੁੱਖ ਵਜਾ ਨਸ਼ਾ ਹੈ ਜਿਸ ਕਾਰਨ ਇੱਥੋਂ ਦੇ ਨੌਜਵਾਨ ਲਗਾਤਾਰ ਆਪਣੀਆਂ ਜਾਨਾਂ ਗਵਾ ਰਹੇ ਹਨ ਅਤੇ ਬਾਕੀ ਦੇ ਐਚਆਈਵੀ ਵਰਗੀਆਂ ਨਾਮੁਰਾਦ ਬਿਮਾਰੀਆਂ ਦੀ ਲਪੇਟ ਵਿੱਚ ਆਉਂਦੇ ਜਾ ਰਹੇ ਹਨ। ਹਾਲਾਤ ਇਥੋਂ ਤੱਕ ਨਾਜ਼ੁਕ ਹੋ ਚੁੱਕੇ ਹਨ ਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਕਸਬਾ ਘੁਮਾਣ ਵਿਖੇ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਕਿਸੇ ਵੀ ਇਲਾਕੇ ਲਈ ਬਦ ਤੋਂ ਬਦਤਰ ਸਥੀਤੀ ਹੋਰ ਕੀ ਹੋ ਸਕਦੀ ਹੈ, ਕਿ ਇਥੋਂ ਦੇ ਪਿੰਡਾਂ ਵਿਖੇ ਸਥਿਤ ਛੋਟੀਆਂ ਮੋਟੀਆਂ ਕਿਰਿਆਨੇ ਦੀਆਂ ਦੁਕਾਨਾਂ ਤੇ ਵੀ ਨਸ਼ਾ ਵੇਚਿਆ ਜਾ ਰਿਹਾ ਹੈ। ਜਿਸ ਦੇ ਨਤੀਜੇ ਬੇਕਸੂਰ ਅਤੇ ਭੋਲੇ ਭਾਲੇ ਮਾਪਿਆ ਨੂੰ ਆਪਣੇ ਪੁੱਤਰ-ਪੋਤਰੇ ਗਵਾ ਕੇ ਭੁਗਤਣੇ ਪੈ ਰਹੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਕਸਬਾ ਘੁਮਾਣ ਦੇ ਪਿੰਡ ਚੋਣੇ ਵਿਖੇ ਸਾਹਮਣੇ ਆਇਆ ਹੈ। ਜਿੱਥੇ ਵੱਧ ਮਾਤਰਾ 'ਚ ਨਸ਼ਾ ਲੈਣ ਕਾਰਨ 35 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪਿਛਲੇ 20 ਦਿਨਾਂ ਵਿੱਚ ਇਹ ਤੀਸਰੀ ਮੌਤ ਹੈ । ਇਸ ਤੋਂ ਪਹਿਲਾਂ 25 ਮਈ ਨੂੰ ਨਾਲ ਦੇ ਪਿੰਡ ਭੇਜੋ ਚੱਕ ਅਤੇ ਬਾਦ ਵਿੱਚ 30 ਮਈ ਨੂੰ ਪਿੰਡ ਭੋਮਾ ਦੇ ਨੌਜਵਾਨ ਵੀ ਨਸ਼ੇ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ। ਮਿਰਤਕ ਵਿਰਿਆਮ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਅਤੇ ਭਰਾ ਸ਼ਾਮ ਸਿੰਘ ਨੇ ਦੱਸਿਆ ਕਿ ਵਿਰਿਆਮ ਸਿੰਘ ਨਸ਼ਾ ਕਰਨ ਦਾ ਆਦੀ ਸੀ ਅਤੇ ਆਪਣੇ ਦੋਸਤ ਨਾਲ ਘਰੋਂ ਬਾਹਰ ਗਿਆ ਸੀ। ਜਦੋਂ ਘਰ ਪਰਤਿਆ ਤਾਂ ਨਸ਼ੇ ਵਿੱਚ ਧੁੱਤ ਸੀ ਅਤੇ ਕੁਝ ਸਮੇਂ ਬਾਦ ਬੇਸੁੱਧ ਹੋ ਗਿਆ। ਪਰਿਵਾਰ ਵਾਲਿਆਂ ਨੇ ਮਹਿਤਾ ਵਿਖੇ ਇਲਾਜ ਕਰਵਾਉਣਾ ਚਾਹਿਆ। ਪਰ ਡਾਕਟਰ ਨੇ ਵਿਰਿਆਮ ਨੂੰ ਮਿਰਤਕ ਐਲਾਨ ਦਿੱਤਾ। ਪਰਿਵਾਰ ਵਾਲੇ ਕਿਸੇ ਤੇ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਉਨ੍ਹਾਂ ਦੀ ਸਿਰਫ਼ ਇਹੋ ਮੰਗ ਹੈ ਕਿ ਇਲਾਕੇ ਵਿੱਚ ਨਸ਼ੇ ਦੀ ਵਿੱਕਰੀ ਬੰਦ ਕਰਵਾਈ ਜਾਵੇ। ਤਾਂ ਜੋ ਹੋਰ ਲੋਕਾਂ ਦੇ ਪੁੱਤ ਨਾ ਮਰਨ। ਇੱਥੋਂ ਦੇ ਸਾਬਕਾ ਅਕਾਲੀ ਪ੍ਰੀਸ਼ਦ ਚੇਅਰਮੈਨ ਤਰਲੋਕ ਸਿੰਘ ਬਾਠ ਕਹਿੰਦੇ ਹਨ ਕਿ ਉਨ੍ਹਾਂ ਨੇ ਕਈ ਵਾਰ ਪੁਲਿਸ ਅਤੇ ਪ੍ਰਸ਼ਾਸਨ ਨੂੰ ਇਲਾਕੇ ਵਿੱਚ ਪੇਸ਼ ਆ ਰਹੀ ਨਸ਼ੇ ਦੀ ਸਮੱਸਿਆ ਤੋਂ ਜਾਣੂ ਕਰਵਾਇਆ ਪਰ ਕੋਈ ਕਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਕਿਰਿਆਨਾ ਦੀਆਂ ਦੁਕਾਨਾਂ ਤੇ ਵੀ ਨਸ਼ਾ ਵੇਚਿਆ ਜਾ ਰਿਹਾ ਹੈ ਅਤੇ ਕੋਈ ਵੀ ਇੱਥੋਂ ਬੜੀ ਅਸਾਨੀ ਨਾਲ ਨਸ਼ਾ ਖ਼ਰੀਦ ਸਕਦਾ ਹੈ। ਨੌਜਵਾਨ ਦੀ ਮੌਤ ਤੇ ਬਾਠ ਸਾਹਿਬ ਕਾਂਗਰਸ ਨੂੰ ਜਮ ਕੇ ਕੋਸਦੇ ਨਜ਼ਰ ਆਏ। ਪਰ ਪਿਛਲੀ ਅਤੇ ਉਸ ਤੋਂ ਪਿਛਲੀ ਸਰਕਾਰ ਦੇ ਰਾਜ ਵਿੱਚ ਵੀ ਇਲਾਕੇ ਦੇ ਹਾਲਾਤ ਕੁਝ ਅਜਿਹੇ ਹੀ ਸਨ। ਫ਼ਰਕ ਸਿਰਫ ਐਨਾ ਹੈ ਕਿ ਹੁਣ ਪਾਣੀ ਸਿਰ ਤੋਂ ਲੰਗ ਚੁੱਕਾ ਹੈ
Total Responses : 188