ਆਪਣੇ ਪਿਤਾ ਗੁਰਬਖਸ਼ ਸਿੰਘ ਨਾਲ ਹਰਵਿੰਦਰ ਸਿੰਘ ਦੀ ਪੁਰਾਣੀ ਤਸਵੀਰ
ਜਗਦੀਸ਼ ਥਿੰਦ
ਗੁਰੂਹਰਸਹਾਏ ਫਿਰੋਜ਼ਪੁਰ 17 ਜੂਨ - ਕੁਦਰਤ ਕਈ ਵਾਰ ਅਜਿਹੇ ਖੇਲ ਰਚਾਉਂਦੀ ਹੈ ਕਿ ਮਨੁੱਖ ਉਸ ਸਾਹਮਣੇ ਲਾਚਾਰ ਹੋ ਜਾਂਦਾ ਹੈ ਅਤੇ ਸੋਚਦਾ ਹੈ ਕਿ ਕੀ ਉਸ ਨਾਲ ਵਾਪਰਨ ਵਾਲੀ ਅਣਹੋਣੀ ਨਾਲ ਸਬੰਧਤ ਹੀ ਪ੍ਰਤੀਕਿਰਿਆਵਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਸ ਤਰ੍ਹਾਂ ਕੀਤੀਆਂ ?
ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬੁੱਢੇਸ਼ਾਹ ਦੇ ਰਹਿਣ ਵਾਲੇ ਸਾਬਕਾ ਸਰਪੰਚ ਗੁਰਬਖਸ਼ ਸਿੰਘ ਦੇ ਹੋਣਹਾਰ ਪੁੱਤਰ ਹਰਵਿੰਦਰ ਸਿੰਘ ਨੇ ਆਸਟਰੇਲੀਆ ਪੁੱਜ ਕੇ ਪਹਿਲਾਂ ਡਿਪਲੋਮੇ ਦੀ ਪੜ੍ਹਾਈ ਪੂਰੀ ਕੀਤੀ ਅਤੇ ਨਾਲ ਦੇ ਨਾਲ ਕੰਮ ਵੀ ਕਰਨ ਲੱਗਿਆ । ਉਹ ਜਦ ਵੀ ਆਪਣੇ ਬਾਪੂ ਨੂੰ ਫੋਨ ਕਰਦਾ ਤਾਂ ਕਹਿੰਦਾ ਕਿ ਬਾਪੂ ਮੈਂ ਪੂਰੀ ਤਰ੍ਹਾਂ ਇੱਥੇ ਕਾਮਯਾਬ ਹਾਂ ਅਤੇ ਜਲਦੀ ਹੀ ਤੇਰੇ ਕੋਲ ਪੁੱਜ ਕੇ ਤੈਨੂੰ ਵੱਡੀ ਕਾਰ ਗਿਫਟ ਕਰਾਂਗਾ ।
ਪਰ ਇਸ ਤੋਂ ਉਲਟ 7 ਜੂਨ ਨੂੰ ਆਪਣੇ ਪਿਤਾ ਦੀ ਕੀਤੀ ਚਰਨ ਵੰਦਨਾ ਵਿੱਚ ਵਟਸਐਪ ਰਾਹੀਂ ਇੱਕ ਸੰਦੇਸ਼ ਭੇਜਿਆ ।
ਇਸ ਸੰਦੇਸ਼ ਵਿੱਚ ਗਾ ਕੇ ਹਰਵਿੰਦਰ ਆਪਣੇ ਬਾਪੂ ਨੂੰ ਕਹਿ ਰਿਹਾ ਹੈ ---
" ਜਦੋਂ ਜਦੋਂ ਵੀ ਦੁਨੀਆਂ ਤੇ ਤੂੰ ਭੇਜੇਂ ਰੱਬਾ ਮੈਨੂੰ ,
ਏਹੀ ਬਾਪੂ ਦੇਵੀਂ ਹਰ ਵਾਰੀ"
ਬੜਾ ਮੁੜ੍ਹਕਾ ਵਹਾਇਆ ਮੇਰੇ ਕਰਕੇ ,
ਮੈਨੂੰ ਏਸੀਆਂ 'ਚ ਕੀਤਾ ਧੁੱਪੇ ਰੜ੍ਹ ਕੇ ,
ਦੇਨਾਂ ਤੇਰਾ ਕਦੇ ਮੈਂ ਦੇ ਨਹੀਂ ਸਕਦਾ ,
ਚਾਹੇ ਜ਼ਿੰਦਗੀ ਗੁਜ਼ਰ ਜਾਏ ਸਾਰੀ ,
" ਜਦੋਂ ਜਦੋਂ ਦੁਨੀਆਂ ਉੱਤੇ ਭੇਜੇ ਮੈਨੂੰ ਰੱਬਾ ,
ਏਹੀ ਬਾਪੂ ਦੇਵੀਂ ਹਰ ਵਾਰੀ ।।
ਹਰਵਿੰਦਰ ਵੱਲੋਂ 7 ਜੂਨ ਨੂੰ ਇਹ ਪਹਿਲਾਂ ਕੀਤੀਆਂ ਜਾਂਦੀਆਂ ਉਤਸ਼ਾਹਜਨਕ ਗੱਲਾਂ ਦੇ ਬਿਲਕੁਲ ਉਲਟ ਕਰੁਣਾਮਈ ਸੰਦੇਸ਼ ਭੇਜਿਆ ਗਿਆ ਅਤੇ ਕੁਦਰਤ ਦੀ ਅਣਹੋਣੀ ਵੇਖੋ ਕਿ 13 ਜੂਨ ਦੀ ਸਵੇਰ ਨੂੰ ਪਰਥ ( ਆਸਟਰੇਲੀਆ ) ਵਿਖੇ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਕੇ ਇਹ ਗੱਭਰੂ ਆਪਣੇ ਮਾਪਿਆਂ ਅਤੇ ਸਾਕ ਸਬੰਧੀਆਂ ਨੂੰ ਛੱਡ ਕੇ ਸਦੀਵੀ ਵਿਛੋੜਾ ਦੇ ਜਾਂਦਾ ਹੈ ।
ਇਸ ਵੱਡੇ ਸਦਮੇ ਵਿੱਚੋਂ ਗੁਜ਼ਰ ਰਹੇ ਸਾਬਕਾ ਸਰਪੰਚ ਗੁਰਬਖਸ਼ ਸਿੰਘ ਵੱਲੋਂ ਆਪਣੇ ਲਾਡਲੇ ਵੱਲੋਂ ਭੇਜੀ ਆਡੀਓ ਸਾਂਝੀ ਕੀਤੀ ਹੈ । ਜਿਸ ਨੂੰ ਸੁਣਕੇ ਹਰਵਿੰਦਰ ਨੂੰ ਜਾਨਣ ਵਾਲੇ ਅਤੇ ਹੋਰ ਲੱਖਾਂ ਲੋਕ ਵਿਆਕੁਲ ਹੋ ਰਹੇ ਹਨ ਅਤੇ ਇਸ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋ ਗਏ ਪਰਿਵਾਰ ਨਾਲ ਹਮਦਰਦੀ ਪ੍ਰਗਟਾ ਰਹੇ ਹਨ ।