ਫਰੀਦਕੋਟ, 18 ਜੂਨ 2019 ( ਪਰਵਿੰਦਰ ਸਿੰਘ ਕੰਧਾਰੀ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਲੁਧਿਆਣਾ ਦੀ ਸਮਾਜ ਸੇਵੀ ਸੰਸਥਾ ਨਦਰਿ ਫਾਊਂਡੇਸ਼ਨ ਵੱਲੋ ਸਮੇ ਸਮੇ ਤੇ ਅਨੇਕਾ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ । ਫਾਊਡੇਸਨ ਦੇ ਮੁੱਖ ਸੇਵਾਦਾਰ ਪ੍ਰੋਫੈਸਰ ਜਸਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਲੋੜਵੰਦ ਪਰਿਵਾਰ ਵਰਿੰਦਰ ਸਿੰਘ ਦਾ ਹੈ ਜੋ ਕਿ ਸ਼ਹੀਦ ਬਲਵਿੰਦਰ ਨਗਰ ਗਲੀ ਨੰਬਰ 5 (ਬਾਜੀਗਰ ਬਸਤੀ )ਜਿਲਾ ਫਰੀਦਕੋਟ ਦਾ ਹੈ, ਤਕਰੀਬਨ ਇੱਕ ਮਹੀਨਾ ਪਹਿਲਾਂ ਬਾਰਿਸ਼ ਕਰਕੇ ਇਸਦੇ ਕਮਰੇ ਦੀ ਛੱਤ ਡਿੱਗ ਗਈ ਸੀ ਅਤੇ ਇਸਦੇ 8 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ ।
ਇਸ ਘਰ ਦਾ ਗੁਜਾਰਾ ਵੀ ਬਹੁਤ ਮੁਸਕਿਲ ਨਾਲ ਹੁੰਦਾ ਹੈ ਜਿਸਦੇ ਕਾਰਨ ਮਕਾਨ ਦੀ ਡਿੱਗੀ ਛੱਤ ਪਾਉਣ ਤੋਂ ਅਸਮੱਰਥ ਸੀ ਅਤੇ ਫਾਊਡੇਸਨ ਕੋਲ ਮਦਦ ਲਈ ਗੁਹਾਰ ਲਾਈ ਸੀ । ਦਾਨੀ ਸੱਜਣਾ ਦੀ ਮਦਦ ਨਾਲ ਇਸ ਪਰਿਵਾਰ ਨੂੰ ਦੋ ਕਮਰਿਆ,ਰਸੋਈ ਦੀ ਉਸਾਰੀ ਅਤੇ ਲੈਟਰੀਨ ,ਬਾਥਰੂਮ ਬਣਾਉਣ ਲਈ ਮਦਦ ਦਾ ਭਰੋਸਾ ਦਿੱਤਾ ਗਿਆ ਸੀ, ਤਾਂ ਜੋ ਪਰਿਵਾਰ ਛੱਤ ਥੱਲੇ ਆਪਣੀ ਜਿੰਦਗੀ ਗੁਜਾਰ ਸਕੇ । ਅੱਜ ਇਸ ਪਰਿਵਾਰ ਦਾ ਲੈਂਟਰ ਪੈ ਗਿਆ ਹੈ । ਸ. ਹਰਜੀਤ ਸਿੰਘ ਮਾਨ ਹੁਣਾ ਨੇ ਇਸ ਕੰਮ ਵਿੱਚ ਅੱਗੇ ਹੋ ਕੇ ਫਾਊਡੇਸ਼ਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੱਤਾ ਅਤੇ ਆਖਿਆ ਕਿਸੇ ਗਰੀਬ ਨੂੰ ਛੱਤ ਪਾ ਦੇਣੀ,ਇਸ ਤੋਂ ਵੱਡਾ ਕੋਈ ਪਰਉਪਕਾਰ ਨਹੀ ਹੈ ।
ਇਸ ਮਕਾਨ ਦੀ ਉਸਾਰੀ ਲਈ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆ ਨੇ ਮਾਲੀ ਮਦਦ ਕੀਤੀ ਅਤੇ ਕੋਟਕਪੁਰਾ ਤੋਂ ਵਿੱਕੀ ਅਤੇ ਟੀਮ ਨੇ 45 ਬੋਰੀਆ ਸੀਮਿੰਟ ਅਤੇ ਇੱਕ ਰੇਤਾ ਟਰਾਲੀ ਦਾ ਸਹਿਯੋਗ ਕੀਤਾ ।ਇਲਾਕਾ ਵਾਸੀਆ ਨੇ ਇਸ ਨੇਕ ਕੰਮ ਦੀ ਸਲਾਘਾ ਕੀਤੀ ਅਤੇ ਹਰ ਇੱਕ ਨੂੰ ਇਨਸਾਨੀਅਤ ਦੇ ਨਾਤੇ ਫਰਜ ਨਿਭਾਉਣ ਦਾ ਸੁਨੇਹਾ ਦਿੱਤਾ । ਇਸ ਮੌਕੇ ਫਾਊਡੇਸਨ ਦੇ ਮੈਬਰ ਸ. ਵਿਕਰਮਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਸੁਖਦੀਪ ਸਿੰਘ ਗਿੱਲ, ਅਤੇ ਅਮਨਪ੍ਰਤੀਕ ਸਿੰਘ ਵੀ ਹਾਜਿਰ ਸਨ।