ਜਗਦੀਸ਼ ਥਿਦ
ਫ਼ਾਜ਼ਿਲਕਾ, 18 ਜੂਨ:
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਰਾਜ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਪ੍ਰਵਾਸੀ ਬੱਚਿਆਂ ਲਈ 16, 17 ਅਤੇ 18 ਜੂਨ ਨੂੰ ਚਲਾਈ ਗਈ ਪਲਸ ਪੋਲਿਓ ਮੁਹਿੰਮ ਤਹਿਤ 13142 ਪ੍ਰਵਾਸੀ ਬੱਚਿਆਂ ਨੂੰ ਘਰ-ਘਰ ਜਾ ਕੇ ਪੋਲਿਓ ਬੂੰਦਾਂ ਪਿਲਾਈਆਂ ਗਈਆਂ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ 5567, ਦੂਜੇ ਦਿਨ 4328 ਅਤੇ ਤੀਜੇ ਤੇ ਆਖ਼ਰੀ ਦਿਨ 3247 ਬੱਚਿਆਂ ਨੂੰ ਪੋਲਿਓ ਦੀ ਖ਼ੁਰਾਕ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਵਿੱਚ 33 ਰੈਗੂਲਰ ਤੇ 37 ਮੋਬਾਈਲ ਟੀਮਾਂ ਬਣਾਈਆਂ ਗਈਆਂ ਹਨ ਅਤੇ ਨਿਗਰਾਨੀ ਲਈ 13 ਸੁਪਰਵਾਈਜ਼ਰ ਲਾਏ ਗਏ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵਿਅਕਤੀ ਦੇ ਘਰ, ਖੇਤ, ਫ਼ੈਕਟਰੀ, ਭੱਠੇ ਜਾਂ ਉਸਾਰੀ ਇਮਾਰਤ 'ਤੇ ਕੰਮ ਕਰ ਰਹੇ ਮਜ਼ਦੂਰ ਦਾ ਬੱਚਾ ਪਲਸ ਪੋਲਿਓ ਦੀ ਖ਼ੁਰਾਕ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਨਜ਼ਦੀਕੀ ਸਿਹਤ ਕੇਂਦਰ ਵਿਖੇ ਭੇਜਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਸਾਰੇ ਬੱਚਿਆਂ ਨੂੰ ਇਸ ਵਾਇਰਸ ਤੋਂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਸਿਹਤ ਵਿਭਾਗ ਪੋਲਿਓ ਵਾਇਰਸ ਨੂੰ ਰੋਕਣ ਲਈ ਬਿਲਕੁਲ ਚੌਕਸ ਹੈ।
ਟੀਕਾਕਰਨ ਅਫ਼ਸਰ ਡਾ. ਮਨਜੀਤ ਸੋਢੀ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀ ਅਨਿਲ ਧਾਮੂ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਪੰਜਾਬ ਵਿੱਚ ਕਿਸੇ ਤਰ੍ਹਾਂ ਵੀ ਪੋਲਿਓ ਵਾਇਰਸ ਨਾ ਆ ਸਕੇ। ਇਸ ਲਈ ਭੱਠਿਆਂ, ਢਾਣੀਆਂ, ਖੇਤਾਂ ਜਾ ਫ਼ੈਕਟਰੀਆਂ, ਸੜਕਾਂ ਜਾਂ ਉਸਾਰੀ ਅਧੀਨ ਥਾਵਾਂ 'ਤੇ ਰਹਿ ਰਹੇ ਸਾਰੇ ਹੀ ਪ੍ਰਵਾਸੀ ਬੱਚਿਆਂ ਨੂੰ ਸਿਹਤ ਕਰਮਚਾਰੀ ਘਰ-ਘਰ ਜਾ ਕੇ ਪੋਲਿਓ ਬੂੰਦਾਂ ਪਿਲਾ ਰਹੇ ਹਨ।