ਪਟਿਆਲਾ, 18 ਜੂਨ 2019 - ਪਿਛਲੇ ਦਿਨੀਂ ਭਗਵਾਨ ਸ੍ਰੀ ਹਨੂਮਾਨ ਜੀ ਦੀ ਤਸਵੀਰ ਦੇ ਨਾਲ ਛੇੜਛਾੜ ਕਰ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ 'ਤੇ ਸ਼ਿਵ ਸੈਨਾ ਹਿੰਦੁਸਤਾਨ ਭੜਕ ਗਈ ਹੈ। ਜਿਸ ਦੇ ਚੱਲਦਿਆਂ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਸ੍ਰੀ ਪਵਨ ਕੁਮਾਰ ਗੁਪਤਾ ਦੇ ਦਿਸ਼ਾ ਨਿਰਦੇਸ਼ ਤੇ ਹਿੰਦੁਸਤਾਨ ਅਧਿਵਕਤਾ ਸੈਨਾ, ਸਨਾਤਨ ਧਰਮ ਪ੍ਰਚਾਰ ਸੈਨਾ ਅਤੇ ਸ੍ਰੀ ਰਾਮ ਹਨੂਮਾਨ ਸੇਵਾ ਦਲ ਦੇ ਮੈਂਬਰਾਂ ਵੱਲੋਂ ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕਰ ਕੇ ਸ਼ਿਕਾਇਤ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਅਜਿਹੀ ਸ਼ਰਾਰਤ ਕਰਨ ਵਾਰੇ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਣ ਸ਼ਿਵ ਸੈਨਾ ਹਿੰਦੁਸਤਾਨ ਦੀ ਵੱਖ-ਵੱਖ ਸ਼ਾਖਾਵਾਂ ਦੇ ਆਗੂਆਂ ਨੇ ਦੱਸਿਆ ਕਿ ਕਿਸੇ ਅਨੀ ਸਿੰਘ ਬੀ.ਐੱਸ.ਪੀ. ਦੇ ਨਾਂਅ ਤੋਂ ਬਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਭਗਵਾਨ ਹਨੂਮਾਨ ਦੀ ਤਸਵੀਰ ਨਾਲ ਛੇੜਛਾੜ ਕਰ ਕੇ ਸੋਸ਼ਲ ਮੀਡੀਆ 'ਤੇ ਪਾਈ ਗਈ ਹੈ, ਜਿਸ ਨਾਲ ਹਿੰਦੂਆਂ ਦੀ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਗਿਆ ਹੈ। ਸ਼ਿਵ ਸੈਨਿਕਾ ਨੇ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 153 ਏ, 295 ਏ, 298 ਅਤੇ ਆਈ.ਟੀ. ਐਕਟ ਦੀ ਧਾਰਾ 66 ਏ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਐੱਸ.ਐੱਸ.ਪੀ. ਪਟਿਆਲਾ ਨੇ ਉਨ੍ਹਾਂ ਦੀ ਸ਼ਿਕਾਇਤ ਲੈਣ ਤੋਂ ਬਾਅਦ ਇਸ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੇ ਜਾਣ ਦਾ ਵਿਸ਼ਵਾਸ ਦਵਾਇਆ ਗਿਆ। ਇਸ ਮੌਕੇ ਪੰਕਜ ਗੌੜ, ਪੰਡਿਤ ਬਦਰੀ ਪ੍ਰਸਾਦ, ਜਗਦੀਸ਼ ਰਾਇਕਾ, ਰਮੇਸ਼ ਕੁਮਾਰ, ਨੀਲਮ ਸ਼ਰਮਾ, ਰਾਜ ਕੁਮਾਰ ਬਿੱਟੂ, ਸ੍ਰੀ ਚੰਦ ਵੀ ਹਾਜ਼ਰ ਰਹੇ।