ਲੋਕੇਸ਼ ਰਿਸ਼ੀ
ਗੁਰਦਾਸਪੁਰ, 18 ਜੂਨ 2019 - ਹੁਣ ਜਪਾਨ ਪੰਜਾਬ ਦੇ ਸਭਿਆਚਾਰ, ਸਕਿੱਲ ਡਿਵੈਲਪਮੈਂਟ ਤੇ ਉਦਯੋਗਿਕ ਖੇਤਰ ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤ ਦੀ ਸਹਾਇਤਾ ਕਰੇਗਾ। ਕਿਉਂਕਿ ਪੰਜਾਬ ਅੰਦਰ ਇਸ ਦੀਆਂ ਭਰਪੂਰ ਸੰਭਾਵਨਾਵਾਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਪਾਨ ਦੇ ਰਾਜਦੂਤ ਕੇਨਜੀ ਹੀਰਾਮਤਸੂ ਨੇ ਉਸ ਵੇਲੇ ਕੀਤਾ ਜਦੋਂ ਉਹ ਮੰਗਲਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਦੇ ਨਿੱਜੀ ਸੱਦੇ 'ਤੇ ਗੁਰਦਾਸਪੁਰ ਪਹੁੰਚੇ। ਇਸ ਮੌਕੇ ਕੇਨਜੀ ਹੀਰਾਮਤਸੂ ਦੇ ਨਾਲ ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਪਤਰੀਕਾ ਹੀਰਾਮਤਸੂ ਵੀ ਮੌਜੂਦ ਸਨ। ਇਹ ਪਹਿਲਾ ਮੌਕਾ ਸੀ ਜਦੋਂ ਜਾਪਾਨ ਦਾ ਕੋਈ ਰਾਜਦੂਤ ਗੁਰਦਾਸਪੁਰ ਵਿਖੇ ਪੁੱਜਾ।
ਉੱਥੇ ਦੂਜੇ ਪਾਸੇ ਕੇਨਜੀ ਦੇ ਗੁਰਦਾਸਪੁਰ ਪਹੁੰਚਣ ਤੇ ਅਸ਼ਵਨੀ ਕੁਮਾਰ ਸਾਬਕਾ ਕੇਂਦਰੀ ਵਜ਼ੀਰ,ਬਲਵਿੰਦਰ ਸਿੰਘ ਲਾਡੀ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ, ਡੀ.ਕੇ ਤਿਵਾੜੀ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਚੇਅਰਮੈਨ ਰਮਨ ਬਹਿਲ, ਵਿਪੁਲ ਉੱਜਵਲ ਡਿਪਟੀ ਕਮਿਸ਼ਨਰ, ਸਵਰਨਦੀਪ ਸਿੰਘ ਐੱਸ.ਐੱਸ.ਪੀ ਗੁਰਦਾਸਪੁਰ, ਡਾ. ਦੀਪਕ ਭਾਟੀਆ ਐੱਸ.ਡੀ.ਐਮ ਗੁਰਦਾਸਪੁਰ ਤੇ ਅਸ਼ੀਸ ਕੁਮਾਰ ਐਡਵੋਕੇਟ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਅੰਬੈਸਡਰ 'ਤੇ ਉਨ੍ਹਾਂ ਦੀ ਪਤਨੀ ਦਾ ਭਰਵਾਂ ਸਵਾਗਤ ਕੀਤਾ ਗਿਆ।
ਰਾਜਦੂਤ ਕੇਨਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਗੁਰਦਾਸਪੁਰ ਪਹੁੰਚ ਕੇ ਵੇਖਿਆ ਹੈ ਕਿ ਇੱਥੋਂ ਦੇ ਖਿਡਾਰੀਆਂ ਨੇ ਕਰਾਟੇ ਤੇ ਜੂਡੋ ਖੇਡ ਵਿਚ ਅੰਤਰਰਾਸ਼ਟਰੀ ਪੱਧਰ ਤੱਕ ਨਾਮਣਾ ਖੱਟਿਆ ਹੈ ਅਤੇ 2020 ਉਲੰਪਿਕਸ ਖੇਡਾਂ ਲਈ ਕੁਆਲੀਫ਼ਾਈ ਰਾਊਂਡ ਵਿਚ ਵੀ ਇੱਕ ਖਿਡਾਰੀ ਪਹੁੰਚਿਆ ਹੈ। ਉਨ੍ਹਾਂ ਕਿਹਾ ਜਾਪਾਨ ਦੇਸ਼ ਜੂਡੋ-ਕਰਾਟੇ ਖੇਤਰ ਵਿਚ ਮਾਰਸ਼ਲ ਦੇਸ਼ ਹੈ । ਜਿਸ ਦਾ ਦੁਨੀਆ ਵਿਚ ਕੋਈ ਮੁਕਾਬਲਾ ਨਹੀਂ ਹੈ। ਕਿਉਂ ਕਿ ਗੁਰਦਾਸਪੁਰ ਦੇ ਨੌਜਵਾਨ ਜੂਡੋ-ਕਰਾਟੇ ਵਿੱਚ ਰੁਚੀ ਰੱਖਦੇ ਹਨ ਅਤੇ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਤੇ ਜਾਪਾਨ ਤੇ ਭਾਰਤ ਦੇਸ਼ ਵਿਚ ਗੂੜ੍ਹੇ ਸਬੰਧ ਹਨ । ਇਸ ਲਈ ਉਨ੍ਹਾਂ ਦੇ ਦੇਸ਼ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਅੰਦਰ ਕਰਾਟੇ ਤੇ ਜੂਡੋ ਖੇਡ ਨੂੰ ਹੋਰ ਪ੍ਰਫੁਲਿਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇ।
ਇਸ ਦੇ ਨਾਲ ਹੀ ਕੇਨਜੀ ਨੇ ਕਿਹਾ ਕਿ ਸਭਿਆਚਾਰ, ਸਕਿੱਲ ਡਿਵੈਲਪਮੈਂਟ ਅਤੇ ਉਦਯੋਗਿਕ ਖੇਤਰ ਵਿਚ ਜਾਪਾਨ ਵੱਲੋਂ ਪੰਜਾਬ ਸੂਬੇ ਅੰਦਰ ਆਪਸੀ ਸਹਿਯੋਗ ਦੀਆਂ ਕਾਫ਼ੀ ਸੰਭਾਵਨਾਵਾਂ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਜਾਪਾਨ ਤੇ ਪੰਜਾਬ ਦੇ ਆਪਸੀ ਸਬੰਧ ਹੋਰ ਮਜ਼ਬੂਤ ਹੋਣ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ, ਇਲੈਕਟ੍ਰੋਨਿਕਸ, ਤਕਨੀਕੀ ਸਿੱਖਿਆ, ਆਟੋ ਮੋਬਾਈਲ, ਮੈਨੂਫੈਕਚਰਿੰਗ ਅਤੇ ਸਕਿੱਲ ਟਰੇਨਿੰਗ ਆਦਿ ਅਜਿਹੇ ਖੇਤਰ ਹਨ, ਜਿੱਥੇ ਜਾਪਾਨ ਵੱਲੋਂ ਪੰਜਾਬ ਸੂਬੇ ਅੰਦਰ ਵਿਕਾਸ ਸਬੰਧ ਪੈਦਾ ਕੀਤੇ ਜਾ ਸਕਦੇ ਹਨ। ਪੰਜਾਬ ਸੂਬਾ ਤਰੱਕੀ ਦੇ ਖੇਤਰ ਵਿਚ ਕਾਫ਼ੀ ਅੱਗੇ ਵੱਧ ਰਿਹਾ ਹੈ ਅਤੇ ਜਾਪਾਨ ਅਜਿਹੇ ਸੂਬਿਆਂ ਨਾਲ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ।
ਇਸ ਤੋਂ ਪਹਿਲਾਂ ਜਾਪਾਨ ਦੇ ਅੰਬੈਸਡਰ ਸ੍ਰੀ ਕੇਨਜੀ ਹੀਰਾਮਤਸੂ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਬਿਰਦ ਆਸ਼ਰਮ ਦਾ ਦੌਰਾ ਕੀਤਾ ਅਤੇ ਬਾਦ ਵਿੱਚ ਸਥਾਨਕ ਆਈ.ਟੀ.ਆਈ (ਲੜਕਿਆਂ) ਦਾ ਦੌਰਾ ਕੀਤਾ ਗਿਆ ਅਤੇ ਇਸ ਦੌਰਾਨ ਉਹ ਆਈ.ਟੀ.ਆਈ ਵਰਕਸ਼ਾਪ ਵਿਚ ਸਿਖਲਾਈ ਹਾਸਿਲ ਕਰ ਰਹੇ ਵਿਦਿਆਰਥੀਆਂ ਦੀ ਕਲਾ ਤੋ ਕਾਫ਼ੀ ਪ੍ਰਭਾਵਿਤ ਹੋਏ । ਬਾਦ ਵਿੱਚ ਉਨ੍ਹਾਂ ਨੇ ਇਲਾਕੇ ਦੇ ਜੂਡੋ ਤੇ ਕਰਾਟੇ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀਆਂ, ਉਦਯੋਗ ਪਤੀਆਂ ਅਤੇ ਹੋਰ ਉੱਗੀਆਂ ਸ਼ਕਸੀਅਤਾਂ ਨਾਲ ਮੁਲਾਕਾਤ ਵੀ ਕੀਤੀ।