ਕੁਲਵੰਤ ਸਿੰਘ ਬੱਬੂ
ਰਾਜਪੁਰਾ 19 ਜੂਨ 2019 : ਘਨੌਰ ਹਲਕੇ ਦੇ ਪਿੰਡ ਬਠੌਣੀਆਂ ਕਲਾਂ ਵਿਖੇ ਹੈਜੇ ਦੇ ਮਾਮਲੇ ਸਾਹਮਣੇ ਆਉਣ 'ਤੇ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਿੰਡ ਬਠੌਣੀਆਂ ਕਲਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜਾ ਲਿਆ ਅਤੇ ਸਿਹਤ ਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹੈਜਾ ਫੈਲਣ ਦੇ ਕਾਰਨ ਦਾ ਪਤਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ ਰਾਜਪੁਰਾ ਸ੍ਰੀ ਰਜਨੀਸ਼ ਅਰੋੜਾ, ਬੀ.ਡੀ.ਪੀ.ਓ. ਸ੍ਰੀਮਤੀ ਦਿਲਵਾਰ ਕੌਰ ਅਤੇ ਜਲ ਸਪਲਾਈ ਵਿਭਾਗ ਦੇ ਐਕਸੀਅਨ ਸ੍ਰੀ ਜਸਬੀਰ ਸਿੰਘ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਪਿੰਡ ਬਠੌਣੀਆਂ ਕਲਾਂ ਵਿਖੇ ਦਿੱਤੀ ਜਾ ਰਹੀ ਮੈਡੀਕਲ ਸਹੂਲਤ ਦਾ ਜਾਇਜ਼ਾ ਲਿਆ ਅਤੇ ਡਾਕਟਰਾਂ ਨੂੰ ਟੀਮਾਂ ਬਣਾਕੇ ਕੰਮ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਹੈਜਾ ਫੈਲਣ ਦਾ ਮੁੱਖ ਕਾਰਨ ਦੂਸ਼ਿਤ ਪਾਣੀ ਪੀਣਾ ਹੈ ਅਤੇ ਹੁਣ ਪਿੰਡ ਵਿਚ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਅਤੇ ਪੁਰਾਣੇ ਮਰੀਜ਼ਾਂ ਦਾ ਇਲਾਜ਼ ਜਾਰੀ ਹੈ।
ਸ੍ਰੀ ਕੁਮਾਰ ਅਮਿਤ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆ ਕਿਹਾ ਕਿ ਪਿੰਡ ਬਠੌਣੀਆਂ ਕਲਾਂ ਵਿਚ ਫੈਲੇ ਹੈਜੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਇਸ ਲਈ ਜਲ ਸਪਲਾਈ ਅਤੇ ਜਨ ਸਿਹਤ ਵਿਭਾਗ ਸਮੇਤ ਸਿਹਤ ਵਿਭਾਗ ਲੋਕਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ 'ਚ ਕੋਈ ਢਿੱਲ ਮੱਠ ਨਾ ਦਿਖਾਵੇ। ਦੂਸ਼ਿਤ ਪਾਣੀ ਦੇ ਸੋਮਿਆਂ 'ਤੇ ਤੁਰੰਤ ਕਾਬੂ ਪਾਇਆ ਜਾਵੇ ਅਤੇ ਪੀੜਤ ਲੋਕਾਂ ਦੇ ਇਲਾਜ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ। ਸਾਰੇ ਹਸਪਤਾਲਾਂ 'ਚ ਲੋੜੀਂਦੀਆਂ ਦਵਾਈਆਂ ਤੇ ਮੈਡੀਕਲ ਸੇਵਾਵਾਂ ਦੇ ਪ੍ਰਬੰਧ ਰੱਖੇ ਜਾਣ ਤੇ ਜਾਗਰੂਕਤਾ ਫੈਲਾਈ ਜਾਵੇ।
ਇਸ ਮੌਕੇ ਜਲ ਸਪਲਾਈ ਵਿਭਾਗ ਦੇ ਐਕਸੀਅਨ ਸ. ਜਸਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪਿੰਡ ਵਿੱਚ ਕੋਈ ਅਣਅਧਿਕਾਰਤ ਕੁਨੈਕਸ਼ਨ ਨਹੀ ਹੈ। ਜਦੋਂ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ 'ਚ ਐਮਰਜੈਂਸੀ ਸੇਵਾਵਾਂ ਦਾ ਪੂਰਾ ਪ੍ਰਬੰਧ ਹੈ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਬਾਰੇ ਲਗਾਤਾਰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਪਿੰਡ ਬਠੌਣੀਆਂ ਕਲਾਂ ਦੇ ਸਰਪੰਚ ਸ੍ਰੀ ਸ਼ੁਭਾਸ ਚੰਦ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ ਜਿਥੇ ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੂੰ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਅਤੇ ਪਿੰਡ 'ਚ ਪੋਲਟਰੀ ਫਾਰਮਾਂ ਕਾਰਨ ਮੱਖੀਆਂ ਨਾਲ ਹੁੰਦੀ ਪ੍ਰੇਸ਼ਾਨੀ ਦੇ ਹੱਲ ਲਈ ਬੇਨਤੀ ਕੀਤੀ ਅਤੇ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਰਾਜਪੁਰਾ ਨੂੰ ਪਿੰਡ ਵਾਸੀਆਂ ਦੇ ਮਸਲੇ ਦਾ ਹੱਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ।