ਲੋਕੇਸ਼ ਰਿਸ਼ੀ
ਗੁਰਦਾਸਪੁਰ, 19 ਜੂਨ 2019 - ਆਪਣੇ ਪਰਿਵਾਰ ਦੇ ਚੰਗੇ ਪਾਲਣ ਪੋਸ਼ਣ ਦੇ ਸੁਪਨੇ ਲੈ ਕੇ ਵਿਦੇਸ਼ ਦਾ ਰੁਖ਼ ਕਰਨ ਵਾਲੇ ਕੁਝ ਲੋਕ ਗ਼ਲਤ ਟਰੈਵਲ ਏਜੰਟਾਂ ਦੇ ਚੁੰਗਲ ਵਿੱਚ ਫਸ ਕੇ ਅਣਜਾਣੇ ਵਿੱਚ ਹੀ ਆਪਣੇ ਅਤੇ ਆਪਣੇ ਪੂਰੇ ਪਰਿਵਾਰ ਦਾ ਭਵਿੱਖ ਦਾਅ 'ਤੇ ਲਾ ਬੈਠਦੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਸਾਹਮਣੇ ਆਇਆ ਹੈ। ਜਿੱਥੋਂ ਦੀ ਰਹਿਣ ਵਾਲੀ ਇੱਕ ਔਰਤ ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋ ਕੇ ਕੁਵੈਤ ਵਿਖੇ ਫਸ ਚੁੱਕੀ ਹੈ। ਹਾਲਾਤ ਇਹ ਹਨ ਕਿ ਇੱਕ ਪਾਸੇ ਉਹ ਔਰਤ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਮਿਲਣ ਲਈ ਤਰਸ ਰਹੀ ਹੈ ਉੱਥੇ ਦੂਜੇ ਪਾਸੇ ਇਸੇ ਗ਼ਮ 'ਚ ਉਸ ਦਾ ਪਤੀ ਵੀ ਦਮ ਤੋੜ ਚੁੱਕਾ ਹੈ ਅਤੇ ਪਿੱਛੇ ਉਨ੍ਹਾਂ ਦੇ ਤਿੰਨ ਮਾਸੂਮ ਬੱਚਿਆਂ ਕੋਲ ਸਿਵਾਏ ਇੰਤਜ਼ਾਰ ਕਰਨ ਦੇ ਕੋਈ ਚਾਰਾ ਨਹੀਂ ਬਚਿਆ। ਇਹ ਤਿੰਨੇ ਬੱਚੇ ਆਪਣੀ ਮਾਂ ਨੂੰ ਭਾਰਤ ਵਾਪਸ ਲਿਆਉਣ ਲਈ ਪੁਲਿਸ ਤੋਂ ਲੈ ਕੇ ਵਿਦੇਸ਼ ਮੰਤਰਾਲੇ ਤੱਕ ਸਹਾਇਤਾ ਦੀ ਅਪੀਲ ਕਰ ਚੁੱਕੇ ਹਨ। ਪਰ ਇਹਨਾਂ ਮਾਸੂਮਾਂ ਦੇ ਹੱਥ ਹਰ ਜਗਾ ਤੋਂ ਨਿਰਾਸ਼ਾ ਹੀ ਲੱਗੀ।
ਜਾਣਕਾਰੀ ਦਿੰਦਿਆਂ ਰੋਹਿਤ, ਮੋਹਿਤ ਅਤੇ ਸਮਰਿੱਧੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੁਰਿੰਦਰ ਬੇਦੀ ਬਿਜਲੀ ਬੋਰਡ ਵਿੱਚ ਨੌਕਰੀ ਕਰਦੇ ਸਨ। ਇਸ ਦੌਰਾਨ ਉਨ੍ਹਾਂ ਦੇ ਪਿਤਾ ਨੇ ਕਰਜ਼ਾ ਲੈ ਕੇ ਘਰ ਬਣਾਇਆ। ਘਰ ਦੇ ਖ਼ਰਚ, ਕਰਜ਼ੇ ਦੀ ਕਿਸ਼ਤ ਅਤੇ ਬੱਚਿਆਂ ਦੀ ਪੜਾਈ ਦੇ ਖ਼ਰਚ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਚੁੱਕਾ ਸੀ। ਜਿਸ ਕਾਰਨ ਉਨ੍ਹਾਂ ਦੀ ਮਾਂ ਵੀਨਾ ਨੇ ਵਿਦੇਸ਼ ਜਾ ਕੇ ਹਾਊਸ ਕੀਪਿੰਗ ਦਾ ਕੰਮ ਕਰਨ ਦਾ ਫ਼ੈਸਲਾ ਕੀਤਾ ਅਤੇ ਅੰਮ੍ਰਿਤਸਰ ਦੇ ਇੱਕ ਟਰੈਵਲ ਏਜੰਟ ਵੱਲੋਂ ਉਸ ਨੂੰ ਕੁਵੈਤ ਭੇਜ ਦਿੱਤਾ ਗਿਆ। ਕੁਵੈਤ ਜਾਣ ਮਗਰੋਂ ਪਹਿਲੇ ਮਹੀਨੇ ਤਾਂ ਵੀਨਾ ਨੇ ਆਪਣੀ ਤਨਖ਼ਾਹ ਘਰ ਭੇਜ ਦਿੱਤੀ। ਪਰ ਉਸ ਤੋਂ ਬਾਦ ਨਾ ਤਾਂ ਵੀਨਾ ਨੇ ਕੋਈ ਪੈਸਾ ਭੇਜਿਆ ਅਤੇ ਨਾ ਹੀ ਉਸ ਦੇ ਬੱਚਿਆ ਨਾਲ ਉਸ ਦੀ ਫ਼ੋਨ ਤੇ ਕੋਈ ਗੱਲ ਹੋਈ।
ਇਸੇ ਦੌਰਾਨ ਹੀ ਇੱਕ ਦਿਨ ਅਚਾਨਕ ਵੀਨਾ ਨੇ ਆਪਣੇ ਪਰਿਵਾਰ ਨੂੰ ਫ਼ੋਨ ਕਰ ਕੇ ਦੱਸਿਆ ਕਿ ਉਹ ਕੁਵੈਤ ਵਿੱਚ ਤੰਗ ਹੈ। ਇਸ ਲਈ ਉਸ ਨੂੰ ਵਾਪਸ ਭਾਰਤ ਬੁਲਾਵਾ ਲਿਆ ਜਾਵੇ। ਜਿਸ ਮਗਰੋਂ ਵੀਨਾ ਦੇ ਪਤੀ ਸੁਰਿੰਦਰ ਬੇਦੀ ਉਸੇ ਏਜੰਟ ਕੋਲ ਗਿਆ ਅਤੇ ਏਜੰਟ ਨੇ ਵੀਨਾ ਨੂੰ ਵਾਪਸ ਭਾਰਤ ਬੁਲਾਉਣ ਲਈ ਹੋਰ ਪੈਸਿਆਂ ਦੀ ਮੰਗ ਰੱਖੀ। ਏਜੰਟ ਨੂੰ ਮੰਗ ਮੁਤਾਬਿਕ ਪੈਸੇ ਦੇਣ ਦੇ ਬਾਵਜੂਦ ਵੀਨਾ ਭਾਰਤ ਨਾ ਪਰਤ ਸਕੀ। ਇਸੇ ਗ਼ਮ 'ਚ ਬੀਤੀ 21 ਮਈ ਨੂੰ ਸੁਰਿੰਦਰ ਬੇਦੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।
ਆਪਣੇ ਪਿਤਾ ਦੀ ਮੌਤ ਮਗਰੋਂ ਤਿੰਨੋਂ ਬੱਚਿਆਂ ਵੱਲੋਂ ਆਪਣੀ ਵਿਦੇਸ਼ 'ਚ ਫਸੀ ਮਾਂ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ ਨਾਲ ਆਪ ਵਿਦੇਸ਼ ਮੰਤਰਾਲੇ ਦੇ ਦਫ਼ਤਰ ਜਾ ਕੇ ਸਹਾਇਤਾ ਦੀ ਦਰਖ਼ਾਸਤ ਕੀਤੀ ਗਈ। ਪਰ ਹੁਣ ਤੱਕ ਇਹਨਾਂ ਮਾਸੂਮ ਬੱਚਿਆਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਦੂਜੇ ਪਾਸੇ ਬੈਂਕ ਵੀ ਆਪਣਾ ਕਰਜ਼ਾ ਵਸੂਲੀ ਲਈ ਦਬਾਅ ਬਣਾ ਰਿਹਾ ਹੈ। ਹੋਰ ਤੇ ਹੋਰ ਪਿਤਾ ਦੀ ਮੌਤ ਮਗਰੋਂ ਮਾਂ ਵਿਦੇਸ਼ 'ਚ ਹੋਣ ਕਾਰਨ ਵਾਰਿਸਾਂ ਨੂੰ ਮਿਲਣ ਵਾਲੇ ਸਰਕਾਰੀ ਲਾਭ ਵੀ ਬੱਚਿਆਂ ਨੂੰ ਨਹੀਂ ਮਿਲ ਰਹੇ। ਇਹ ਤਿੰਨੋਂ ਮਾਸੂਮ ਬੱਚੇ ਸਰਕਾਰ ਤੋਂ ਅਪੀਲ ਕਰ ਰਹੇ ਹਨ ਕਿ ਉਹਦਾ ਦੀ ਮਾਂ ਨੂੰ ਕੁਵੈਤ ਤੋਂ ਵਾਪਸ ਭਾਰਤ ਲਿਆਂਦਾ ਜਾਵੇ।
ਉਕਤ ਮਾਮਲੇ ਸਬੰਧੀ ਐੱਸ ਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਸਬੰਧਿਤ ਔਰਤ ਵੀਨਾ ਦੇ ਬੇਟੇ ਰੋਹਿਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਵਿੱਚ ਟਰੈਵਲ ਏਜੰਟ ਵੱਲੋਂ ਧੋਖਾ ਕੀਤੇ ਜਾਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਦੱਸਿਆ ਕਿ ਸੁਰਗਵਾਸੀ ਜਾਂਚ ਵਿੱਚ ਰੋਹਿਤ ਦੀ ਸ਼ਿਕਾਇਤ ਸਹੀ ਪਾਈ ਗਈ ਹੈ ਅਤੇ ਜਲਦ ਹੀ ਟਰੈਵਲ ਏਜੰਟ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ।