ਦੇਵਾ ਨੰਦ ਸ਼ਰਮਾ
ਫਰੀਦਕੋਟ 19 ਜੂਨ 2019 - ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2019 ਦੀਆਂ ਤਿਆਰੀਆਂ ਸਬੰਧੀ ਰੀਵਿਊ ਮੀਟਿੰਗ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲ੍ਹਾ ਸੱਭਿਆਚਾਰਕ ਸੁਸਾਇਟੀ ਸ੍ਰੀ ਕੁਮਾਰ ਸੌਰਭ ਰਾਜ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਿਲ੍ਹੇ ਦੀਆਂ ਸਮੂਹ ਸਵੈ ਸੇਵੀ, ਧਾਰਮਿਕ ਸੰਸਥਾਵਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਵੀ ਮੇਲਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਮੇਲੇ ਲਈ ਵਿੱਤੀ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਜਿਲਾ ਸੱਭਿਆਚਾਰਕ ਸੁਸਾਇਟੀ ਫਰੀਦਕੋਟ ਦੇ ਨਾਂਅ ਤੇ ਦਾਨ ਦੀ ਰਾਸ਼ੀ ਸਿਰਫ ਚੈੱਕ ਜਾਂ ਡਿਮਾਂਡ ਡਰਾਫਟ ਰਾਹੀਂ ਦੇਣ। ਉਨਾਂ ਕਿਹਾ ਕਿ ਮੇਲੇ ਦਾ ਸਾਰਾ ਖਰਚਾ ਵਿੱਤੀ ਨਿਯਮਾਂ ਅਨੁਸਾਰ ਹੀ ਕੀਤਾ ਜਾਵੇਗਾ ਤੇ ਮੇਲੇ ਉਪਰੰਤ ਸਾਰਾ ਖਰਚਾ ਜਨਤਕ ਕੀਤਾ ਜਾਵੇਗਾ। ਮੇਲੇ ਦੌਰਾਨ ਵਿਰਾਸਤੀ ਪ੍ਰਦਰਸ਼ਨੀ ਤੋਂ ਇਲਾਵਾ ਕਰਾਫਟ ਮੇਲਾ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਦਸਤਕਾਰੀ ਨਾਲ ਸਬੰਧਤ ਕਲਾਕਾਰਾਂ ਅਤੇ ਕਾਰੀਗਰਾਂ ਦੀਆਂ ਨੁੰਮਾਇਸ਼ਾ ਲਗਾਈਆਂ ਜਾਣਗੀਆਂ ਜੋ ਕਿ ਲਗਾਤਾਰ 10 ਦਿਨ ਚੱਲਣਗੀਆਂ ਜਦਕਿ ਮੁੱਖ ਮੇਲਾ 5 ਦਿਨ ਦਾ ਹੋਵੇਗਾ। ਉਨਾਂ ਕਿਹਾ ਕਿ ਮੇਲਾ ਪੂਰੀ ਤਰਾਂ ਬਾਬਾ ਸ਼ੇਖ ਫਰੀਦ ਦੀਆਂ ਸਿੱਖਿਆਵਾਂ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਹੋਵੇਗਾ।
ਮੀਟਿੰਗ ਮੌਕੇ ਉਨਾਂ ਬਾਬਾ ਫਰੀਦ ਕੌਮੀ ਫੈਸਟੀਵਲ ਦੌਰਾਨ ਹੋਣ ਵਾਲੇ ਪ੍ਰੋਗਰਾਮ, ਖੂਨ ਦਾਨ ਕੈਂਪ, ਨਾਟਕ ਮੇਲਾ, ਪੇਟਿੰਗ ਮੁਕਾਬਲੇ, ਸੈਮੀਨਾਰ ਅਤੇ ਕਵੀ ਦਰਬਾਰ, ਕਵਾਲੀਆਂ ਵੱਖ ਵੱਖ ਤਰਾਂ ਦੀਆਂ ਖੇਡਾਂ, ਪੇਂਡੂ ਖੇਡਾਂ, ਝੂਲੇ ਅਤੇ ਮਨੋਰੰਜਨ ਦੀਆਂ ਆਈਟਮਾਂ, ਤਰਕਸ਼ੀਲ ਨਾਟਕ, ਮੇਲੇ ਦੇ ਵਿਰਾਸਤੀ ਸਮਾਗਮਾਂ, ਸੂਫੀਆਨਾਂ ਸ਼ਾਮਾਂ ਸਮੇਤ ਮੇਲੇ ਦੌਰਾਨ ਹੋਣ ਵਾਲੇ ਹੋਰ ਵੱਖ ਵੱਖ ਮੁਕਾਬਲਿਆਂ, ਸਮਾਗਮਾਂ ਆਦਿ ਸਬੰਧੀ ਜਾਣਕਾਰੀ ਲਈ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੀ ਸਮੱਰਥਾ ਅਨੁਸਾਰ ਮੇਲੇ ਦੀਆਂ ਤਿਆਰੀਆਂ ਵਿੱਚ ਹੁਣੇ ਤੋਂ ਹੀ ਜੁੱਟ ਜਾਣ। ਉਨਾਂ ਕਿਹਾ ਕਿ ਜਿਲ੍ਹੇ ਦੀਆਂ ਤਿੰਨੇ ਨਗਰ ਕੌਂਸਲਾਂ ਸ਼ਹਿਰੀ ਖੇਤਰਾਂ ਵਿੱਚ ਸਾਫ ਸਫਾਈ ਲਈ ਜਿੰਮੇਵਾਰ ਹੋਣਗੀਆਂ ਤੇ ਇਸ ਤੋਂ ਇਲਾਵਾ ਜਿੱਥੇ ਵੀ ਲੋੜ ਪਵੇ ਸੜਕਾਂ ਆਦਿ ਦੀ ਮੁਰੰਮਤ ਅਤੇ ਸਫਾਈ ਕਰਵਾਈ ਜਾਵੇਗੀ।
ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਅਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ, ਸੈਕਟਰੀ ਰੈਡ ਕਰਾਸ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਕਰਾਫਟ ਮੇਲੇ, ਝੂਲਿਆਂ ਵਾਲੀ ਥਾਂ ਦੀ ਚੋਣ ਕਰਨ ਅਤੇ ਇਨ੍ਹਾਂ ਥਾਵਾਂ ਤੇ ਸੁਰੱਖਿਆਂ ਅਤੇ ਪਾਰਕਿੰਗ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨਾਂ ਸਮੂਹ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਦੀ ਸਫਲਤਾ ਲਈ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਇਸ ਅੰਤਰ ਰਾਸ਼ਟਰੀ ਪ੍ਰਸਿੱਧੀ ਵਾਲੇ ਮੇਲੇ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਿਰਕਤ ਹੋ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ: ਗੁਰਜੀਤ ਸਿੰਘ, ਸਕੱਤਰ ਰੈਡ ਕਰਾਸ ਸੁਸਾਇਟੀ ਸੁਭਾਸ਼ ਕੁਮਾਰ, ਮੈਡਮ ਬਲਜੀਤ ਕੌਰ ਡੀ.ਡੀ.ਪੀ.ਓ., ਲਵਪ੍ਰੀਤ ਕੌਰ ਤਹਿਸੀਲਦਾਰ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਪਰਮਜੀਤ ਸਿੰਘ ਨਾਇਬ ਤਹਿਸੀਲਦਾਰ, ਬਲਜੀਤ ਕੈਂਥ ਸਕੱਤਰ ਜਿਲ੍ਹਾਂ ਪ੍ਰੀਸ਼ਦ, ਡੀ.ਸੀ.ਐਫ.ਏ. ਸ: ਗੁਰਿੰਦਰ ਪਾਲ ਸਿੰਘ , ਬਲਜਿੰਦਰ ਸਿੰਘ ਜਿਲ੍ਹਾਂ ਖੇਡ ਅਫਸਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸੰਸਥਾਵਾਂ ਦੇ ਅਹੁਦੇਦਾਰ ਵੀ ਹਾਜ਼ਰ ਸਨ।