ਫਾਜ਼ਿਲਕਾ, 19 ਜੂਨ 2019 (ਇੰਦਰਜੀਤ ਸਿੰਘ) - ਫਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ ਰਾਕੇਸ਼ ਧੂੜਿਆ ਉੱਤੇ ਬੀਤੀ ਦੇਰ ਰਾਤ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰ ਉਨ੍ਹਾਂ ਨੂੰ ਸੱਟਾਂ ਮਾਰਨ ਦੀ ਨੀਅਤ ਨਾਲ ਆਏ ਸਨ ਪਰ ਰਾਕੇਸ਼ ਧੂੜਿਆ ਵੱਲੋਂ ਰੌਲਾ ਪਾਏ ਜਾਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਪਰ ਹਮਲਾਵਰਾਂ ਨਾਲ ਹੱਥੋਪਾਈ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਨੂੰ ਕੁੱਝ ਸੱਟਾਂ ਲੱਗੀਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਫਾਜਿਲਕਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਕੌਂਸਲ ਪ੍ਰਧਾਨ ਦੇ ਬਿਆਨ ਕਲਮ ਬੰਦ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਕੇਸ਼ ਧੂੜਿਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੀ ਅਨਾਜ ਮੰਡੀ ਵਿੱਚ ਸਥਿਤ ਆੜ੍ਹਤ ਦੀ ਦੁਕਾਨ ਤੋਂ ਜਦੋਂ ਘਰ ਵਾਪਿਸ ਆ ਰਹੇ ਸਨ ਤਾਂ ਪਿੱਛੇ ਤੋਂ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰ ਮੁੰਡਿਆਂ ਨੇ ਉਨ੍ਹਾਂ ਨੂੰ ਧੱਕਾ ਦਿੱਤਾ ਜਿਨ੍ਹਾਂ ਵਿੱਚ ਇੱਕ ਹਮਲਾਵਰ ਨੇ ਉਤਰਦੇ ਹੀ ਬੇਸਬਾਲ ਨਾਲ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਸਮਝਿਆ ਕਿ ਇਹ ਲੁੱਟ-ਖਸੁੱਟ ਕਰਨ ਵਾਲੇ ਲੋਕ ਹਨ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਆਪਣਾ ਪਰਸ ਅਤੇ ਮੋਬਾਇਲ ਦੇਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਮੋਬਾਇਲ ਜਾਂ ਪਰਸ ਨਹੀਂ ਲਿਆ ਜਦੋਂ ਕਿ ਤੀਜਾ ਹਮਲਾਵਰ ਜਿਸ ਦੇ ਹੱਥ ਵਿੱਚ ਇੱਕ ਤੇਜਧਾਰ ਹਥਿਆਰ ਸੀ ਉਹ ਉਨ੍ਹਾਂ ਦੀ ਵੱਲ ਵਧਿਆ ਤਾਂ ਉਨ੍ਹਾਂ ਨੇ ਰੌਲਾ ਪਾ ਦਿੱਤਾ। ਜਿਸ ਨਾਲ ਲੋਕ ਇੱਕਠੇ ਹੋਣੇ ਸ਼ੁਰੂ ਹੋ ਗਏ ਅਤੇ ਹਮਲਾਵਰ ਭੱਜ ਗਏ। ਉਨ੍ਹਾਂ ਨੇ ਸ਼ੱਕ ਜਤਾਇਆ ਹੈ ਕਿ ਇਹ ਹਮਲਾ ਉਨ੍ਹਾਂ ਦੇ ਕਿਸੇ ਨੇ ਜਾਣ-ਬੁੱਝ ਕੇ ਕਰਵਾਇਆ ਹੈ।
ਉੱਥੇ ਹੀ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਰਾਕੇਸ਼ ਧੂੜਿਆ ਦੇ ਬਿਆਨ ਕਲਮ ਬੰਦ ਕਰ ਲਏ ਹਨ ਅਤੇ ਇਸ ਹਮਲੇ ਬਾਰੇ ਗੱਲਬਾਤ ਕਰਦੇ ਹੋਏ ਫਾਜ਼ਿਲਕਾ ਸਬ ਡਵੀਜ਼ਨ ਦੇ ਡੀ ਐੱਸ ਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਦੇ ਪ੍ਰਧਾਨ ਉੱਤੇ ਤਿੰਨ ਅਣਪਛਾਤੇ ਹਮਲਾਵਰਾਂ ਨੇ ਹਮਲਾ ਕੀਤਾ ਹੈ ਜਿਸ ਦੀ ਫੁਟੇਜ ਅਸੀਂ ਅਨਾਜ ਮੰਡੀ ਵਿੱਚ ਲੱਗੇ ਕੈਮਰਿਆ 'ਚ ਦੇਖ ਰਹੇ ਹਾਂ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਧਿਆਨ ਯੋਗ ਹੈ ਕਿ ਰਾਕੇਸ਼ ਧੂੜਿਆ ਬੀ ਜੇ ਪੀ ਦੇ ਫਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ ਹਨ ਅਤੇ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਸ ਹਮਲਾਵਰਾਂ ਨੂੰ ਕਦੋਂ ਤੱਕ ਫੜ੍ਹ ਪਾਉਂਦੀ ਹੈ ਨਹੀਂ ਤਾਂ ਮਾਮਲਾ ਬਹੁਤ ਕਾਫੀ ਤੂਲ ਫੜ ਸਕਦਾ ਹੈ।