ਲੁਧਿਆਣਾ, 19 ਜੂਨ 2019 - ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਵੱਜੋਂ ਤੀਜੀ ਮਿਆਦ ਮਿਲਣ ਵਾਲੇ ਡਾ: ਬਲਦੇਵ ਸਿੰਘ ਢਿੱਲੋਂ ਦੂਸਰੇ ਵਿਗਿਆਨੀ ਬਣੇ ਹਨ। ਉਨ੍ਹਾਂ ਤੇਂ ਪਹਿਲਾਂ ਸਿਰਫ਼ ਡਾ. ਸੁਖਦੇਵ ਸਿੰਘ ਹੀ ਤਿੰਨ ਵਾਰ ਵਾਈਸ ਚਾਂਸਲਰ ਬਣੇ ਸਨ। ਡਾ. ਬਲਦੇਵ ਸਿੰਘ ਢਿੱਲੋਂ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੱਕੀ ਵਿਗਿਆਨੀ ਹਨ। ਉਨ੍ਹਾਂ ਨੂੰ ਇਸੇ ਸਾਲ ਹੀ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਰਪ੍ਰਸਤ ਡਾ. ਬਲਦੇਵ ਸਿੰਘ ਢਿੱਲੋਂ ਨੂੰ ਤੀਸਰੀ ਮਿਆਦ ਮਿਲਣ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਡਾ. ਐੱਸ ਪੀ ਸਿੰਘ ਤੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਮੁਬਾਰਕਬਾਦ ਦਿੱਤੀ ਹੈ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਬੁਰਜੀ ਦੇ ਜੰਮਪਲ ਡਾ. ਢਿੱਲੋਂ ਖਾਲਸਾ ਕਾਲਿਜ ਅੰਮ੍ਰਿਤਸਰ ਦੇ ਖੇਤੀਬਾੜੀ ਵਿਭਾਗ ਦੇ ਪੁਰਾਣੇ ਵਿਦਿਆਰਥੀ ਹਨ। ਪੰਜਾਬ ਖੇਤੀ ਯੂਨੀਵਰਸਿਟੀ ਤੋਂ ਐੱਮ ਐੱਸ ਸੀ ਤੇ ਆਈ ਏ ਆਰ ਆਈ ਤੋਂ ਡਾਕਟਰੇਟ ਕਰਕੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਵਿਭਾਗ 'ਚ ਸੇਵਾ ਨਿਭਾਉਣ ਆ ਗਏ। ਡਾ. ਢਿੱਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਚ ਵੀ ਲੰਮਾ ਸਮਾਂ ਡਿਪਟੀ ਡਾਇਰੈਕਟਰ ਜਨਰਲ ਰਹੇ। ਪੰਜਾਬ ਖੇਤੀ ਯੂਨੀਵਰਸਿਟੀ ਦੇ ਉਹ ਡਾਇਰੈਕਟਰ (ਸੀਡਜ਼) ਤੇ ਡਾਇਰੈਕਟਰ(ਖੋਜ) ਵੀ ਰਹੇ। ਮਾਣ ਵਾਲੀ ਗੱਲ ਹੈ ਕਿ ਸਿਰੜੀ, ਸਿਦਕੀ ਧਰਤੀ ਪੁੱਤਰ ਨੂੰ ਪੰਜਾਬ ਸਰਕਾਰ ਨੇ ਤੀਸਰੀ ਟਰਮ ਲਈ ਸੇਵਾ ਦਾ ਮੌਕਾ ਦਿੱਤਾ ਹੈ।