ਹਰਵਿੰਦਰ ਸਿੰਘ ਦੀ ਪੁਰਾਣੀ ਤਸਵੀਰ
ਜਗਦੀਸ਼ ਥਿੰਦ
ਗੁਰੂਹਰਸਹਾਏ/ ਫਿਰੋਜ਼ਪੁਰ 20 ਜੂਨ ਆਸਟਰੇਲੀਆ ਦੇ ਪਰਥ ਵਿੱਚ ਸੜਕ ਦੁਰਘਟਨਾ ਦਾ ਸ਼ਿਕਾਰ ਹੋਏ ਨੌਜਵਾਨ ਪੰਜਾਬੀ ਵਿਦਿਆਰਥੀ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਬਗੈਰ ਪੋਸਟਮਾਰਟਮ ਕੀਤੇ ਪਰਿਵਾਰ ਨੂੰ ਮਿਲ ਗਈ ਹੈ ।
ਇਸ ਸਬੰਧੀ ਇਲਾਕਾ ਮੈਜਿਸਟਰੇਟ ਪਰਥ ਦੀ ਅਦਾਲਤ ਵਿੱਚ ਮ੍ਰਿਤਕ ਹਰਵਿੰਦਰ ਸਿੰਘ ਦੀ ਭੈਣ ਨੇ ਅਪੀਲ ਦਾਇਰ ਕਰ ਕੇ ਬਗੈਰ ਪੋਸਟ ਮਾਰਟਮ ਕੀਤੇ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪਣ ਲਈ ਕਿਹਾ ਸੀ , ਜਿਸ 'ਤੇ ਅਦਾਲਤ ਨੇ ਸਹਿਮਤੀ ਪ੍ਰਗਟਾਈ ਹੈ ।
ਪਰਿਵਾਰਕ ਸੂਤਰਾਂ ਅਨੁਸਾਰ ਇਸ ਨੌਜਵਾਨ ਦਾ ਪਾਰਥਿਵ ਸਰੀਰ ਸ਼ਨੀਵਾਰ ਨੂੰ ਦਿੱਲੀ ਹਵਾਈ ਅੱਡੇ ਤੇ ਪੁੱਜੇਗਾ । 23 ਜੂਨ 2019 ਦਿਨ ਐਤਵਾਰ ਨੂੰ ਸਵੇਰੇ 10 ਵਜੇ ਅੰਤਿਮ ਸੰਸਕਾਰ ਪਿੰਡ ਚੱਕ ਬੁੱਢੇ ਸ਼ਾਹ ( ਸੋਮੀਆਂ ਵਾਲਾ ) ਬਲਾਕ ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਵੇਗਾ ।
* ਦੁਰਘਟਨਾ ਮੌਕੇ ਠੀਕ ਸੀ ਚੱਲ ਵੱਸੇ ਨੌਜਵਾਨ ਦੀ ਹਾਲਤ *
ਆਸਟ੍ਰੇਲੀਆ ਪੁਲਿਸ ਵੱਲੋਂ ਦਰਜ ਕੀਤੇ ਮੁਕੱਦਮੇ ਸਬੰਧੀ ਕੀਤੀ ਜਾ ਰਹੀ ਜਾਂਚ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਦੁਰਘਟਨਾ ਮੌਕੇ ਇਹ ਨੌਜਵਾਨ ਠੀਕ ਠਾਕ ਸੀ । ਇਸ ਦੀ ਮੌਤ ਹਸਪਤਾਲ ਵਿੱਚ ਹਾਰਟ ਅਟੈਕ ਆਉਣ ਨਾਲ ਹੋਈ ।
ਦੁਰਘਟਨਾ ਗ੍ਰਸਤ ਵੈਨ ਜਿਸ ਨੂੰ ਹਰਵਿੰਦਰ ਸਿੰਘ ਚਲਾ ਰਿਹਾ ਸੀ
ਪੁਲਸ ਨੇ ਸੋਸ਼ਲ ਮੀਡੀਆ ਤੇ ਅਪੀਲ ਪਾ ਕੇ ਕਿਹਾ ਸੀ ਕਿ ਵੈਨ ਅਤੇ ਟਰਾਲੇ ਦੀ ਹੋਈ ਟੱਕਰ ਰਾਜ ਵਿੱਚ ਜ਼ਖ਼ਮੀ ਹੋਏ ਨੌਜਵਾਨ ਹਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਘਟਨਾ ਨੂੰ ਅੱਖੀਂ ਦੇਖਣ ਵਾਲੇ ਗਵਾਹ ਦੀ ਜ਼ਰੂਰਤ ਹੈ । ਇਸ ਤੇ ਇੱਕ ਲੜਕੀ ਨੇ ਟਵੀਟ ਕਰਕੇ ਹੈਰਾਨੀ ਪ੍ਰਗਟ ਕੀਤੀ ਕਿ ਇਸ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋ ਗਈ ?
ਇਸ ਲੜਕੀ ਦਾ ਕਹਿਣਾ ਹੈ ਕਿ ਇਹ ਦੁਰਘਟਨਾ ਉਸ ਦੇ ਸਾਹਮਣੇ ਘਟੀ ਅਤੇ ਉਹ ਦੇਖ ਰਹੀ ਸੀ ਕਿ ਦੁਰਘਟਨਾ ਤੋਂ ਬਾਅਦ ਪੁਲਸ ਨੇ ਇਸ ਨੂੰ ਬਾਂਹ ਤੋਂ ਫੜ ਕੇ ਬਾਹਰ ਲਿਆਂਦਾ ।
ਇਹ ਨੌਜਵਾਨ ਆਪਣੇ ਪੈਰਾਂ ਤੇ ਚੱਲ ਕੇ ਐਂਬੂਲੈਂਸ ਵਿੱਚ ਬੈਠਾ । ਇਹ ਲੜਕੀ ਗਵਾਹੀ ਦੇਣ ਲਈ ਵੀ ਸਹਿਮਤ ਹੋ ਗਈ ਹੈ ।
ਦੁਰਘਟਨਾ ਗ੍ਰਸਤ ਟਰਾਲੇ ਨੂੰ ਇੱਕ 50 ਸਾਲਾ ਅੰਗਰੇਜ਼ ਚਲਾ ਰਿਹਾ ਸੀ ਜੋ ਖੁਦ ਵੀ ਸਦਮੇ ਵਿੱਚ ਦੱਸਿਆ ਜਾ ਰਿਹਾ ਹੈ ।
ਇਸ ਤਰ੍ਹਾਂ ਇਸ ਪੰਜਾਬੀ ਨੌਜਵਾਨ ਦੀ ਹੋਈ ਮੌਤ ਦੇ ਕਾਰਨਾਂ ਪਿੱਛੇ ਦੁਰਘਟਨਾ ਦੌਰਾਨ ਲੱਗੀਆਂ ਸੱਟਾਂ ਤੋਂ ਇਲਾਵਾ ਅਚਾਨਕ ਆ ਗਏ ਹਾਰਟ ਅਟੈਕ ਨੂੰ ਵੀ ਕਰਾਰ ਦਿੱਤਾ ਜਾ ਰਿਹਾ ਹੈ ।
ਇਹ ਨੌਜਵਾਨ ਹਰਵਿੰਦਰ ਸਿੰਘ ਸਾਬਕਾ ਸਰਪੰਚ ਚੱਕ ਬੁੱਢੇ ਸ਼ਾਹ ਸਰਦਾਰ ਗੁਰਬਖਸ਼ ਸਿੰਘ ਦਾ ਬੇਟਾ ਸੀ । ਇਸ ਅਣਹੋਣੀ ਘਟਨਾ ਉਪਰ ਵੱਖ ਵੱਖ ਰਾਜਨੀਤਿਕ ਸਮਾਜਿਕ ਧਾਰਮਿਕ ਖੇਤਰ ਦੀਆਂ ਹਸਤੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।