ਨਵੀਂ ਦਿੱਲੀ, 20 ਜੂਨ - ਗੁਜਰਾਤ ਦੇ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਜਾਮਨਗਰ ਕੋਰਟ ਨੇ 30 ਸਾਲ ਪਹਿਲਾ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਇਸ ਮਾਮਲੇ ਵਿਚ ਸੰਜੀਵ ਭੱਟ ਦੇ ਸਹਿਯੋਗੀ ਪੁਲਿਸ ਅਫ਼ਸਰ ਪ੍ਰਵੀਨ ਸਿੰਘ ਝਾਲਾ ਨੂੰ ਵੀ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਜ਼ਿਕਰਯੋਗ ਹੈ ਕਿ 1990 'ਚ ਭਾਰਤ ਬੰਦ ਦੌਰਾਨ ਜਾਮਨਗਰ ਵਿਚ ਹਿੰਸਾ ਹੋਈ ਸੀ। ਉਸ ਵਕਤ ਸੰਜੀਵ ਭੱਟ ਐਸ.ਐਸ.ਪੀ. ਸਨ। ਹਿੰਸਾ ਨੂੰ ਲੈ ਕੇ ਪੁਲਿਸ ਨੇ 100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿਚ ਪ੍ਰਭੂਦਾਸ ਮਾਧਵ ਦੀ ਹਸਪਤਾਲ ਵਿਚ 'ਚ ਮੌਤ ਹੋ ਗਈ ਸੀ। ਪ੍ਰਭੂਦਾਸ ਦੇ ਭਰਾ ਨੇ ਸੰਜੀਵ ਭੱਟ ਖਿਲਾਫ ਮੁਕੱਦਮਾ ਦਰਜ ਕਰਵਾਇਆ ਸੀ ਤੇ ਉਨ੍ਹਾਂ ਨੇ ਹਿਰਾਸਤ ਵਿਚ ਤਸੀਹੇ ਦੇਣ ਦੇ ਦੋਸ਼ ਲਗਾਇਆ ਸੀ।
ਦੱਸਦੇਈਏ ਕਿ ਸੰਜੀਵ ਭੱਟ ਗੁਜਰਾਤ ਕਾਡਰ ਦੇ ਆਈ.ਪੀ.ਐਸ. ਅਧਿਕਾਰੀ ਰਹੇ ਹਨ। ਜਿਨ੍ਹਾਂ ਨੇ 2002 ਵਿਚ ਗੁਜਰਾਤ ਦੰਗਿਆਂ ਵਿਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ 'ਤੇ ਸਵਾਲ ਖੜੇ ਕੀਤੇ ਸਨ। 2015 ਵਿਚ ਗੁਜਰਾਤ ਸਰਕਾਰ ਨੇ ਮੁਅੱਤਲ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਬਰਖ਼ਾਸਤ ਕਰ ਦਿੱਤਾ ਸੀ।