ਦੇਵਾਂ ਨੰਦ ਸ਼ਰਮਾ
ਫਰੀਦਕੋਟ , 20 ਜੂਨ 2019: ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਨਸ਼ਿਆ ਦੇ ਮੁਕੰਮਲ ਖਾਤਮੇ ਲਈ ਵਿੱਢੀ ਗਈ ਮੁਹਿੰਮ ਦੇ ਉਸਾਰੂ ਤੇ ਹਾਂ ਪੱਖੀ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਨਸ਼ਿਆ ਤੋਂ ਪੀੜਤ ਵਿਅਕਤੀ ਨਸ਼ਾ ਛਡਾਉ ਕੇਂਦਰਾਂ ਅਤੇ ਓਟ ਸੈਂਟਰਾਂ ਵਿੱਚ ਇਲਾਜ ਕਰਵਾਕੇ ਆਪਣੇ ਪਰਿਵਾਰ ਨਾਲ ਖੁਸ਼ਹਾਲ ਤੇ ਸਿਹਤਮੰਦ ਜੀਵਨ ਜੀਅ ਰਹੇ ਹਨ।
ਜ਼ਿਲਾ ਫਰੀਦਕੋਟ ਵਿੱਚ ਵਿੱਚ ਨਸ਼ਿਆ ਦੀ ਭੈੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਦੇ ਇਲਾਜ ਲਈ ਇਸ ਸਮੇਂ 4 ਓਟ ਕਲੀਨਿਕ (ਆਊਟ ਪੇਸੈਂਟ ਓਪੀਆਡ ਅਸਿਸਟਿਡ ਟਰੀਟਮੈਂਟ) ਚੱਲ ਰਹੇ ਹਨ। ਇਹ ਕਲੀਨਿਕ ਸਿਵਲ ਹਸਪਤਾਲ ਫਰੀਦਕੋਟ ,ਕਮਿਊਨਿਟੀ ਹੈੱਲਥ ਸੈਂਟਰ ਬਾਜਾਖਾਨਾ, ਕੇਂਦਰੀ ਜੇਲ (ਮਾਡਰਨ ਸੁਧਾਰ ਘਰ) ਫਰੀਦਕੋਟ ,ਸਬ ਡਵੀਜ਼ਨਲ ਹਸਪਤਾਲ ਕੋਟਕਪੂਰਾ ਵਿਖੇ ਚੱਲ ਰਹੇ ਹਨ।ਇਸ ਤੋਂ ਇਲਾਵਾ ਨਜਦੀਕ ਪੁਰਾਣੀ ਜੇਲ ਰੋਡ ਤੋਂ ਨਸ਼ਾ ਛੁਡਾਉ ਤੇ ਪੁਨਰਵਾਸ ਕੇਂਦਰ ਵੀ ਚੱਲ ਰਿਹਾ ਹੈ।
ਇਹਨਾਂ ਆਊਟ ਪੇਸੈਂਟ ਓਪੀਆਡ ਅਸਿਸਟਡ ਟਰੀਟਮੈਂਟ ਕਲੀਨਿਕਾਂ (ਓਟ) ਵਿੱਚ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਡਾਕਟਰਾਂ ਵੱਲੋਂ ਆਪਣੀ ਹਾਜ਼ਰੀ ਵਿੱਚ ਰੋਜ਼ਾਨਾ ਮੁਫ਼ਤ ਦਵਾਈ ਦਿੱਤੀ ਜਾ ਰਹੀ ਹੈ। ਮਈ 201 9 ਤੱਕ ਫਰੀਦਕੋਟ ਜ਼ਿਲੇ ਵਿੱਚ ਕੁੱਲ 3493 ਮਰੀਜ਼ ਇਹਨਾਂ ਓਟ ਕਲੀਨਿਕਾਂ ਤੋਂ ਦਵਾਈ ਲੈ ਕੇ ਨਸ਼ਾ ਮੁਕਤ ਹੋ ਕੇ ਸਿਹਤਮੰਦ ਜੀਵਨ ਬਤੀਤ ਕਰ ਰਹੇ ਹਨ।
ਫਰੀਦਕੋਟ ਦਾ ਰਹਿਣ ਵਾਲਾ ਰੋਸ਼ਨ ਕੁਮਾਰ (ਕਾਲਪਨਿਕ ਨਾਮ) ਉਮਰ 43 ਸਾਲ, ਜੋ ਕਿ ਤਿੰਨ ਲੜਕੀਆਂ ਦਾ ਪਿਤਾ ਹੈ ਅਤੇ ਬਾਗ਼ਾਂ ਨੂੰ ਠੇਕੇ ਤੇ ਲੈ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।ਉਸ ਨੂੰ 2013 ਵਿੱਚ ਭੁੱਕੀ ਅਤੇ ਨਸ਼ੀਲੀਆਂ ਗੋਲ਼ੀਆਂ ਖਾਣ ਦੀ ਆਦਤ ਪੈ ਗਈ ਅਤੇ ਇਨਾਂ ਨਸ਼ਿਆਂ ਦੀ ਮਾੜੀ ਲਤ ਦਾ ਸ਼ਿਕਾਰ ਹੋ ਗਿਆ।ਉਹ ਰੋਜ਼ਾਨਾ 6 ਤੋਂ 8 ਗੋਲੀਆਂ ਖਾਣ ਦਾ ਆਦੀ ਹੋ ਗਿਆ, ਜਿਸ ਕਰਕੇ ਉਸ ਦੀ ਸਿਹਤ ਦੇ ਨਾਲ-ਨਾਲ ਆਰਥਿਕ ਤੇ ਪਰਿਵਾਰਕ ਹਾਲਤ ਖਰਾਬ ਹੋ ਗਈ।ਭਾਰੀ ਆਰਥਿਕ ਹਾਨੀ ਅਤੇ ਸਿਹਤ ਦੀ ਦਿਨੋ ਦਿਨ ਹੋ ਰਹੀ ਬਰਬਾਦੀ ਤੋਂ ਤੰਗ ਆ ਕੇ ਫਿਰ ਉਸ ਨੇ ਆਪਣੀ ਇੱਛਾ ਸ਼ਕਤੀ ਤੇ ਪਰਿਵਾਰ ਦੀ ਪ੍ਰੇਰਨਾ ਸਦਕਾ ਸਿਵਲ ਹਸਪਤਾਲ ਫਰੀਦਕੋਟ ਵਿਖੇ ਬਣੇ ਨਸ਼ਾ ਛਡਾਉ ਕੇਂਦਰ ਤੇ ਓਟ ਕਲੀਨਿਕ ਦਾ ਪਤਾ ਲੱਗਿਆ ਅਤੇ ਉਹ ਆਪਣੇ ਇਲਾਜ ਲਈ ਉੱਥੇ ਗਿਆ, ਜਿੱਥੇ ਉਸ ਦੀ ਸਰੀਰਿਕ ਜਾਂਚ ਕਰਕੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ ਕੌਂਸਲਿੰਗ ਵੀ ਕੀਤੀ ਗਈ।ਇਸ ਇਲਾਜ ਨਾਲ ਉਹ ਸਾਲ 2018 ਵਿੱਚ ਨਸ਼ਾ ਮੁਕਤ ਹੋ ਕੇ ਤੰਦਰੁਸਤ ਅਤੇ ਨਰੋਆ ਜੀਵਨ ਜੀਅ ਰਿਹਾ ਹੈ। ਰੋਸ਼ਨ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਉਹ ਓਟ ਸੈਂਟਰ ਤੋਂ ਆਪਣਾ ਇਲਾਜ ਨਾਂ ਕਰਵਾਉਂਦਾ ਤਾਂ ਸ਼ਾਇਦ ਹੁਣ ਤੱਕ ਮੋਤ ਦੇ ਮੂੰਹ ਪੈ ਜਾਂਦਾ । ਉਸਨੇ ਕਿਹਾ ਕਿ ਉਸਨੂੰ ਹੁਣ ਨਵਾਂ ਜੀਵਨ ਦਾਨ ਮਿਲਿਆਂ ਹੈ।ਘਰ ਦੀ ਆਰਥਿਕ ਹਾਲਤ ਸੁਧਰੀ ਹੈ ਤੇ ਧੀਆਂ ਤੇ ਪਰਿਵਾਰ ਨੂੰ ਆਪਣਾ ਭਵਿਖ ਵੀ ਰੋਸ਼ਨ ਲੱਗ ਰਿਹਾ ਹੈ ਤੇ ਹੋਰ ਨਸ਼ਿਆ ਤੋਂ ਪੀੜਤ ਲੋਕਾਂ ਨੂੰ ਨਸ਼ੇ ਛੱਡਣ ਲਈ ਪਰੇਰ ਰਿਹਾ ਹੈ।
ਡਿਪਟੀ ਮੈਡੀਕਲ ਕਮਿਸ਼ਨਰ ਡਾ. ਚੰਦਰ ਸ਼ੇਖਰ ਅਤੇ ਮੈਡੀਕਲ ਅਫਸਰ ਡਾ. ਰਣਜੀਤ ਕੌਰ ਨੇ ਦੱਸਿਆ ਕਿ ਇਹਨਾਂ ਆਊਟ ਪੇਸੈਂਟ ਓਪੀਆਡ ਅਸਿਸਟਡ ਟਰੀਟਮੈਂਟ ਕਲੀਨਿਕਾਂ ਵਿੱਚ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਦੇ ਇਲਾਜ ਲਈ ਇਸ ਪ੍ਰੋਗ੍ਰਾਮ ਅਧੀਨ ਪੰਜਾਬ ਦੇ ਰਹਿਣ ਵਾਲੇ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕਰਕੇ ਆਈ. ਡੀ. ਨੰਬਰ ਜਾਰੀ ਕੀਤਾ ਜਾਂਦਾ ਹੈ। ਜਿਸ ਨਾਲ ਰਜਿਸਟਰਡ ਵਿਅਕਤੀ ਨੂੰ ਰੋਜ਼ਾਨਾ ਨਸ਼ਾ ਮੁਕਤੀ ਸਬੰਧੀ ਦਵਾਈ ਡਾਕਟਰਾਂ ਦੀ ਦੇਖ-ਰੇਖ ਹੇਠ ਖੁਆਈ ਜਾਂਦੀ ਹੈ। ਇਹਨਾਂ ਓਟ ਕਲੀਨਿਕਾਂ ਵਿੱਚ ਰਜਿਸਟਰਡ ਵਿਅਕਤੀ ਭਾਵੇਂ ਪੰਜਾਬ ਦੇ ਕਿਸੇ ਵੀ ਜ਼ਿਲੇ ਵਿੱਚ ਆਪਣੇ ਕੰਮ-ਕਾਰ ਲਈ ਗਿਆ ਹੋਵੇ, ਉਹ ਆਪਣਾ ਆਈ. ਡੀ. ਨੰਬਰ ਦੱਸ ਕੇ ਕਿਸੇ ਵੀ ਓਟ ਸੈਂਟਰ ਤੋਂ ਦਿਨ ਵਿੱਚ ਇੱਕ ਵਾਰ ਦਵਾਈ ਲੈ ਸਕਦਾ ਹੈ।ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਨਸ਼ਿਆਂ ਦਾ ਸ਼ਿਕਾਰ ਸੈਂਕੜੇ ਲੋਕ ਆਪਣਾ ਮੁਫਤ ਇਲਾਜ ਕਰਵਾ ਕੇ ਸੁੱਖੀ ਪਰਿਵਾਰਕ ਜੀਵਨ ਗੁਜਾਰ ਰਹੇ ਹਨ।