ਹੁਸ਼ਿਆਰਪੁਰ, 20 ਜੂਨ 2019 - ਐਡਵੋਕੇਟ ਸ਼੍ਰੀ ਮਨਿੰਦਰਪਾਲ ਸਿੰਘ ਨੇ ਆਪਣੀ ਸਵਰਗਵਾਸੀ ਮਾਤਾ ਸ਼੍ਰੀਮਤੀ ਕੁਲਦੀਪ ਕੌਰ ਦੀ ਬਰਸੀ 'ਸਾਂਝੀ ਰਸੋਈ' ਵਿਖੇ ਮਨਾਈ। ਇਸ ਦੌਰਾਨ ਪਰਿਵਾਰ ਵੱਲੋਂ ਸਾਂਝੀ ਰਸੋਈ ਵਿਖੇ ਦੁਪਹਿਰ ਦਾ ਖਾਣਾ ਵੀ ਵਰਤਾਇਆ ਗਿਆ। ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੇ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਦਾਨੀ ਸੱਜਣ ਆਪਣੇ ਵਿਸ਼ੇਸ਼ ਦਿਨ 'ਇਕ ਦਿਨ ਸਾਂਝੀ ਰਸੋਈ ਦੇ ਨਾਲ' (ਬੁੱਕ-ਏ-ਡੇਅ) ਮੁਹਿੰਮ ਤਹਿਤ ਬੁੱਕ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਬੁਕਿੰਗ ਲਈ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਸ੍ਰੀਮਤੀ ਈਸ਼ਾ ਕਾਲੀਆ ਦੇ ਨਿਰਦੇਸ਼ਾਂ ਅਤੇ ਅਗਵਾਈ ਵਿੱਚ 'ਸਾਂਝੀ ਰਸੋਈ' ਵਿੱਚ ਰੋਜ਼ਾਨਾ ਕੇਵਲ 10 ਰੁਪਏ ਵਿੱਚ ਪੇਟ ਭਰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਐਡਵੋਕੇਟ ਸ਼੍ਰੀ ਮਨਿੰਦਰਪਾਲ ਸਿੰਘ ਨੂੰ ਜ਼ਿਲ੍ਹਾ ਰੈਡ ਕਰਾਸ ਵੱਲੋਂ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ।