ਗੰਗਾਨਗਰ, 20 ਜੂਨ 2019 - ਰਾਜਸਥਾਨ ਦੀ ਰਹਿਣ ਵਾਲੀ ਅਤੇ ਇੱਕ ਗੰਗਾਨਗਰ ਦੇ ਪ੍ਰਾਈਵੇਟ ਕਾਲਜ ਦੀ ਵਿਦਿਆਰਥਣ ਨੇ ਹੋਸਟਲ ਦੀ ਮੈਨੇਜਮੈਂਟ ਵੱਲੋਂ ਦੁਖੀ ਹੋ ਕੇ ਬੀਤੀ ਰਾਤ ਅਬੋਹਰ ਵਿੱਚ ਰੇਲਗੱਡੀ ਅੱਗੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਸੂਚਨਾ ਮਿਲਦੇ ਹੀ ਜੀ ਆਰ ਪੀ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕ ਲੜਕੀ ਦੇ ਬੈਗ ਵਿੱਚੋਂ ਮਿਲੀ ਆਈ ਡੀ ਪਰੂਫ਼ ਦੀ ਮਦਦ ਨਾਲ ਉਸੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ। ਦੇਰ ਰਾਤ ਪਹੁੰਚੇ ਪਰਿਵਾਰਿਕ ਮੈਂਬਰਾਂ ਵੱਲੋਂ ਲੜਕੀ ਦੀ ਸ਼ਨਾਖ਼ਤ ਕੀਤੀ ਗਈ। ਇਸ ਘਟਨਾ ਤੇ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਉਸਦੇ ਕਾਲਜ ਦੇ ਹੋਸਟਲ ਸਟਾਫ਼਼ ਵੱਲੋਂ ਉਸ ਨੂੰ ਦੁਖੀ ਕਰਨ ਦੇ ਇਲਜ਼ਾਮ ਲਗਾਏ ਹਨ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਸਾਦੁਲਸ਼ਹਰ ਵਾਰਡ ਨੰਬਰ 17 ਨਿਵਾਸੀ 22 ਸਾਲ ਦੀ ਕੁਸਮ ਅਗਰਵਾਲ ਜੋ ਕਿ ਗੰਗਾਨਗਰ ਦੇ ਐੱਸ ਐਨ ਕਾਲਜ ਵਿੱਚ ਨਰਸਿੰਗ ਦੀ ਪੜਾਈ ਕਰ ਰਹੀ ਸੀ ਅਤੇ ਉੱਥੇ ਹੀ ਹੋਸਟਲ ਵਿੱਚ ਰਹਿ ਰਹੀ ਸੀ।
ਮ੍ਰਿਤਕ ਵਿਦਿਆਰਥਣ ਦੇ ਪਿਤਾ ਜਗਦੀਸ਼ ਕੁਮਾਰ ਨੇ ਦੱਸਿਆ ਕਿ ਰਾਜਸਥਾਨ ਸਰਕਾਰ ਦੀ ਯੋਜਨਾ ਦੇ ਮੁਤਾਬਿਕ ਉਸਦੀ ਲੜਕੀ ਨੂੰ ਪੜ੍ਹਾਈ ਅਤੇ ਹੋਸਟਲ ਦੀਆਂ ਸੁਵਿਧਾਵਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਸੀ। ਉਸਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਹੋਸਟਲ ਵੱਲੋ ਰਹਿਣ ਅਤੇ ਖਾਣ ਪੀਣ ਦਾ ਸਾਮਾਨ ਵਧੀਆਂ ਨਹੀਂ ਸੀ ਦਿੱਤਾ ਜਾ ਰਿਹਾ। ਉਸ ਨੇ ਬਾਕੀ ਵਿਦਿਆਰਥਣਾਂ ਨਾਲ ਮਿਲਕੇ ਹੋਸਟਲ ਸੰਚਾਲਕਾਂ ਦੀ ਸ਼ਿਕਾਇਤ ਉੱਥੋਂ ਦੇ ਐੱਸ ਡੀ ਸਾਹਿਬ ਨੂੰ ਕਰ ਦਿੱਤੀ ਸੀ। ਜਿਸਦਾ ਜਦੋਂ ਹੋਸਟਲ ਦੇ ਸੰਚਾਲਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕੁਸਮ ਅਤੇ ਹੋਰ ਲੜਕੀਆਂ ਨੂੰ ਟਾਰਚਰ ਕਰਨਾ ਸ਼ੁਰੂ ਕਰ ਦਿੱਤਾ। 1 ਜੂਨ ਤੋਂ ਲੈ ਕੇ 13 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਨੂੰ ਕੱਟ ਕੇ ਜਦੋਂ ਉਹ ਹੋਸਟਲ ਵਿੱਚ ਗਈ ਤਾਂ ਹੋਸਟਲ ਦੇ ਸੰਚਾਲਕਾਂ ਵੱਲੋਂ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਨੂੰ ਹੋਸਟਲ ਤੋਂ ਕੱਢਣ ਦਾ ਬਾਰੇ ਕਿਹਾ। ਜਿਸ 'ਤੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਕੁਸਮ ਸ਼ਨੀਵਾਰ ਨੂੰ ਉੱਥੋਂ ਪ੍ਰੇਸ਼ਾਨ ਹੋ ਕੇ ਚਲੀ ਗਈ ਅਤੇ ਇਸ ਵਿੱਚ ਉਸ ਨੇ ਕੱਲ੍ਹ ਰਾਤ ਆਪਣੀ ਮਾਂ ਨੂੰ ਫ਼ੋਨ ਉੱਤੇ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ। ਇਨ੍ਹਾਂ ਹੀ ਨਹੀਂ ਉਸ ਨੇ ਆਪਣੇ ਵਟਸਐੱਪ ਦੇ ਜਰੀਏ ਆਪਣੀ ਮਾਂ ਨੂੰ ਲਿਖਿਆ ਕਿ ਉਹ ਬਹੁਤ ਗ਼ਲਤ ਕਰਨ ਜਾ ਰਹੀ ਹੈ। ਉਹ ਹੋਸਟਲ ਦੇ ਸਟਾਫ ਤੋਂ ਬਹੁਤ ਪਰੇਸ਼ਾਨ ਹੈ। ਹੋਸਟਲ ਦੇ ਸਟਾਫ ਨੇ ਉਸਦੀ ਬਹੁਤ ਬੇਇੱਜ਼ਤੀ ਕੀਤੀ ਹੈ। ਮੇਰੀ ਇਸ ਗ਼ਲਤੀ ਲਈ ਮੈਨੂੰ ਮਾਫ਼ ਕਰਨਾ ਅਤੇ ਇੰਨਾ ਹੀ ਨਹੀਂ ਉਸਨੇ ਆਪਣੀ ਚੈਟ ਵਿੱਚ ਲਿਖਿਆ ਕਿ ਇਸ ਗ਼ਲਤੀ ਲਈ ਹੋਸਟਲ ਸਟਾਫ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ।
ਇਸ ਮਾਮਲੇ ਦੀ ਜਾਂਚ ਕਰ ਰਹੇ ਜੀ ਆਰ ਪੀ ਅਬੋਹਰ ਪੁਲਿਸ ਦੇ ਅਧਿਕਾਰੀ ਸਬ ਇੰਸਪੈਕਟਰ ਓਮ ਪ੍ਰਕਾਸ਼ ਨੇ ਦੱਸਿਆ ਕਿ ਗੱਡੀ ਅੱਗੇ ਚਾਲ ਮਾਰ ਕੇ ਆਤਮਹੱਤਿਆ ਕਰਨ ਵਾਲੀ ਕੁਸਮ ਦੀ ਮਾਤਾ ਨੈਨਾ ਦੇਵੀ ਪਤਨੀ ਜਗਦੀਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਨੰ. 23, 19. 6. 2019, ਆਈ ਪੀਸੀ ਦੀ ਧਾਰਾ 306, 34 ਦੇ ਤਹਿਤ ਗੌਰਵ ਸੇਠੀ, ਮਨਪ੍ਰੀਤ ਕੌਰ ਅਤੇ ਅਜੈ ਕੁਮਾਰ ਦੇ ਖ਼ਿਲਾਫ਼ ਉਸ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਕੁਸਮ ਦਾ ਪੋਸਟਮਾਰਟਮ ਕਰਵਾ ਕੇ ਉਸਦੀ ਲਾਸ਼ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕੀਤੀ ਗਈ ਹੈ। ਸਬ ਇੰਸਪੈਕਟਰ ਓਮ ਪ੍ਰਕਾਸ਼ ਨੇ ਦੱਸਿਆ ਕਿ ਲੜਕੀ ਦੇ ਕੋਲੋਂ ਸੁਈਸਾਈਡ ਨੋਟ ਵੀ ਮਿਲਿਆ ਹੈ ਜਿਸ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਜਲਦ ਹੀ ਗਿਰਫਤਾਰ ਕੀਤਾ ਜਾਏਗਾ।