-ਪਿਛਲੀ ਸਰਕਾਰ ਵਲੋਂ ਅਧਿਆਪਕਾਂ ‘ਤੇ ਦਰਜ ਝੂਠੇ ਪਰਚੇ ਹੋਣਗੇ ਰੱਦ
-ਰੈਗੂਲਰ ਹੋਣ ਤੋਂ ਰਹਿੰਦੇ ਅਧਿਆਪਕਾ ਨੂੰ ਜਲਦ ਹੋਣਗੇ ਜਾਰੀ ਆਰਡਰ
-ਐੱਸ.ਐੱਸ.ਏ./ਰਮਸਾ ਅਧੀਨ ਨਾਨ-ਟੀਚਿੰਗ ਸਟਾਫ਼ ਜਲਦ ਕੀਤਾ ਜਾਵੇਗਾ ਰੈਗੂਲਰ
ਚੰਡੀਗੜ੍ਹ, 23 ਜੂਨ 2019 - ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਅਧਿਆਪਕ ਆਗੂ ਗੁਰਪ੍ਰੀਤ ਰੂਪਰਾ ਅਤੇ ਸੁਨੀਲ ਮੋਹਾਲੀ ਦੀ ਅਗਵਾਈ ਵਿਚ ਸਿੱਖਿਆ ਮੰਤਰੀ ਸ਼੍ਰੀ ਵਿਜੇਇੰਦਰ ਸਿੰਗਲਾ ਨਾਲ ਹੋਈ। ਜਿਸ ਵਿਚ ਐਸੋਸੀਏਸ਼ਨ ਵਲੋਂ ਸਿੱਖਿਆ ਮੰਤਰੀ ਵਲੋਂ ਅਹੁਦਾ ਸੰਭਾਲਣ ‘ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਇਕ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਐਸੋਸੀਏਸ਼ਨ ਵਲੋਂ ਸਿੱਖਿਆ ਮੰਤਰੀ ਨੂੰ ਅਧਿਆਪਕਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਜਿਸ ਵਿੱਚ ਮੁੱਖ ਤੌਰ ‘ਤੇ ਆਰਡਰ ਲੈਣ ਤੋਂ ਰਹਿੰਦੇ ਅਧਿਆਪਕਾਂ ਨੂੰ ਜਲਦ ਆਰਡਰ ਜਾਰੀ ਕਰਨ ਬਾਰੇ, ਪਿਛਲੀ ਸਰਕਾਰ ਵਲੋਂ ਅਧਿਆਪਕਾਂ ‘ਤੇ ਪਾਏ ਝੂਠੇ ਪਰਚੇ ਰੱਦ ਕਰਨ ਸੰਬੰਧੀ, ਐੱਸ.ਐੱਸ.ਏ./ਰਮਸਾ ਅਤੇ ਮਿਡ-ਡੇ-ਮੀਲ ਅਧੀਨ ਕੰਮ
ਕਰਦੇ ਨਾਨ-ਟੀਚਿੰਗ ਸਟਾਫ਼ ਅਤੇ ਐੱਸ.ਟੀ.ਆਰ./ ਸਿੱਖਿਆ ਪ੍ਰੋਵਾਈਡਰ/ਈ.ਜੀ.ਐੱਸ/ਏ.ਆਈ ਨੂੰ ਵਿਭਾਗ ਵਿੱਚ ਰੈਗੂਲਰ ਕਰਨ ਸੰਬੰਧੀ, ਜਰੂਰਤਮੰਦ 3582 ਅਧਿਆਪਕਾਂ ਦੀਆਂ ਘਰਾਂ ਨੇੜੇ ਬਦਲੀਆਂ ਕਰਨ ਆਦਿ ਮੰਗਾਂ ਸੰਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਸਿੱਖਿਆ ਮੰਤਰੀ ਵਲੋਂ ਭਰੋਸਾ ਦਵਾਇਆ ਕਿ ਸਰਕਾਰ ਦਾ ਕੋਈ ਇਰਾਦਾ ਨਹੀਂ ਕਿ ਅਧਿਆਪਕਾਂ ਦੀ ਤਨਖਾਹ ਘਟਾਈ ਜਾਵੇ, ਪਰ ਖ਼ਜ਼ਾਨੇ ਦੀ ਹਾਲਤ ਨੂੰ ਦੇਖਦਿਆ ਅਜਿਹਾ ਕਦਮ ਚੁੱਕਣਾ ਪਿਆ।
ਉਹਨਾਂ ਵਲੋਂ ਸਾਰੀਆਂ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਦਿਆਂ ਕਿਹਾ ਗਿਆ ਕਿ ਜਲਦ ਰੈਗੂਲਰ ਹੋਣ ਤੋਂ ਰਹਿੰਦੇ ਅਧਿਆਪਕਾਂ ਨੂੰ ਰੈਗੂਲਰ ਦੇ ਆਰਡਰ ਜਾਰੀ ਕੀਤੇ ਜਾਣਗੇ, ਐੱਸ.ਐੱਸ.ਏ./ਰਮਸਾ ਅਤੇ ਮਿਡ-ਡੇ-ਮੀਲ ਅਧੀਨ ਕੰਮ ਕਰਦੇ ਨਾਨ-ਟੀਚਿੰਗ ਸਟਾਫ਼ ਨੂੰ ਜਲਦ ਵਿਭਾਗ ਵਿੱਚ ਰੈਗੂਲਰ ਕਰਨ ਦੀ ਪਾਲਿਸੀ ਬਣਾਈ ਜਾ ਰਹੀ ਹੈ, ਐੱਸ.ਟੀ.ਆਰ./ ਸਿੱਖਿਆ ਪ੍ਰੋਵਾਈਡਰ/ਈ.ਜੀ.ਐੱਸ/ਏ.ਆਈ ਨੂੰ ਵਿਭਾਗ ਵਿੱਚ ਰੈਗੂਲਰ ਕਰਨ ਸੰਬੰਧੀ ਉਹਨਾਂ ਐਸੋਸੀਏਸ਼ਨ ਦੇ ਆਗੂਆਂ ਨੂੰ ਉਹਨਾਂ ਦਾ ਕੇਸ ਤਿਆਰ ਕਰ ਕੇ ਲਿਆਉਣ ਲਈ ਕਿਹਾ, ਪਿਛਲੀ ਸਰਕਾਰ ਵਲੋਂ ਪਾਏ ਪਰਚਿਆਂ ਦੇ ਸੰਬੰਧ ਵਿੱਚ ਉਹਨਾਂ ਐਸੋਸੀਏਸ਼ਨ ਦੇ ਆਗੂਆਂ ਨੂੰ ਸਾਰੇ ਪਰਚਿਆਂ ਦੀ ਵਿਸਥਾਰ ਪੂਰਵਕ ਰਿਪੋਰਟ ਲਿਆਉਣ ਲਈ ਕਿਹਾ ਤਾਂ ਜੋ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਮਸਲਾ ਧਿਆਨ ਵਿੱਚ ਲਿਆ ਕੇ ਇਹਨਾਂ ਪਰਚਿਆਂ ਨੂੰ ਰੱਦ ਕਰਵਾਇਆ ਜਾ ਸਕੇ।
ਉਹਨਾਂ ਕਿਹਾ ਕਿ ਅਧਿਆਪਕ ਦਾ ਕੰਮ ਸਿਰਫ ਸਕੂਲ ਵਿੱਚ ਪੜ੍ਹਾਉਣਾ ਹੈ ਤੇ ਉਹ ਵਚਨਬੱਧ ਹਨ ਕਿ ਅਧਿਆਪਕ ਦੀ ਕੋਈ ਵੀ ਜਾਇਜ ਮੰਗ ਪੂਰੀ ਹੋਣ ਤੋਂ ਨਾ ਰਹੇ ਤਾਂ ਜੋ ਅਧਿਆਪਕ ਆਪਣਾ ਧਿਆਨ ਸਿਰਫ ਬੱਚਿਆਂ ਨੂੰ ਪੜ੍ਹਾਉਣ ਵਿੱਚ ਲਾਉਣ।ਇਸ ਮੌਕੇ ਹਰਮਨਦੀਪ ਸਿੰਘ ਸੰਗਰੂਰ, ਸਪਰਜਨ ਜੌਨ ਫ਼ਰੀਦਕੋਟ, ਸ਼ਮਿੰਦਰ ਮਾਨ ਫ਼ਰੀਦਕੋਟ, ਜਸਵਿੰਦਰ ਜਵਾਹਰਕੇ, ਸੁਨੀਲ ਚੰਡੀਗੜ੍ਹ, ਬਲਵਿੰਦਰ ਸਿੰਘ, ਨਵੀਨ ਮਿੱਤਲ, ਸੁਸ਼ੀਲ ਕੁਮਾਰ, ਬਲਵਿੰਦਰ ਖੰਨਾ, ਰਾਕੇਸ਼ ਕੁਮਾਰ, ਹਰਬੰਸ ਬਠਿੰਡਾ, ਅਮਨਦੀਪ ਮੁਕਤਸਰ, ਭਗਵੰਤ ਫਾਜ਼ਿਲਕਾ, ਅਸ਼ਵਨੀ ਫਿਰੋਜ਼ਪੁਰ, ਗੁਰਸ਼ਰਨ ਤਰਤਾਰਨ, ਸੰਦੀਪ ਪਠਾਨਕੋਟ, ਦਰਸ਼ਨ ਮਾਨਸਾ, ਸਾਹਿਲ ਡਾਂਗ, ਹਰਦੀਪ ਸਿੰਘ, ਸੁਖਦੇਵ ਭੂਟਾਲ, ਦਵਰਿੰਦਰ ਪੰਨਵਾ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।