← ਪਿਛੇ ਪਰਤੋ
ਮੋਹਾਲੀ 23 ਜੂਨ, 2019 - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੇਰੇ ਵੱਲੋਂ 2014 ਦੀ ਲੋਕ ਸਭਾ ਚੋਣ ਜਿੱਤਣ ਸਮੇਂ ਸ਼ਹਿਰ ਵਾਸੀਆਂ ਨਾਲ ਮੁਹਾਲੀ ਦੇ ਪਾਰਕਾਂ ਅੰਦਰ ਲਾਇਬਰੇਰੀਆਂ ਸਥਾਪਿਤ ਕਰਨ ਦਾ ਕੀਤਾ ਵਾਅਦਾ ਤੁਰੰਤ ਪੂਰਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੰਦਭਾਗੇ ਤੌਰ ਤੇ ਸੂਬੇ ਅੰਦਰ ਸੱਤਾਧਾਰੀ ਵਾਲੀ ਕਾਂਗਰਸ ਸਰਕਾਰ ਦੇ ਆਉਣ ਨਾਲ ਇਨ੍ਹਾਂ ਲਾਇਬਰੇਰੀਆਂ ਨੂੰ ਪੂਰੀ ਤੌਰ 'ਤੇ ਅਣਗੌਲਿਆ ਕੀਤਾ ਗਿਆ। ਪ੍ਰੋ. ਚੰਦੂਮਾਜਰਾ ਨੇ ਦੋਸ਼ ਲਾਉਦਿਆਂ ਕਿਹਾ ਕਿ ਕਾਂਗਰਸ ਮੰਤਰੀ ਬਲਵੀਰ ਸਿੱਧੂ ਵੱਲੋਂ ਇਨ੍ਹਾਂ ਪਬਲਿਕ ਲਾਇਬਰੇਰੀਆਂ ਦਾ ਇੱਕ ਵਾਰ ਫਿਰ ਤੋਂ ਉਦਘਾਟਨ ਕਰਕੇ ਮੁਹਾਲੀ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਚੰਦੂਮਾਜਰਾ ਨੇ ਕਿਹਾ ਕਿ ਜੇਕਰ ਕਾਂਗਰਸ ਦੇ ਵਜ਼ੀਰਾਂ ਨੂੰ ਉਦਘਾਟਨ ਕਰਨ ਦਾ ਬਹੁਤਾ ਸ਼ੌਕ ਹੈ ਤਾਂ ਸ਼ਹਿਰ ਅੰਦਰ ਬਹੁਤ ਸਾਰੇ ਹੋਰ ਵਿਕਾਸਮਈ ਕੰਮ ਕਰਵਾ ਕੇ ਆਪਣਾ ਚਾਅ ਪੂਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਮੰਤਰੀ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਅਤੇ ਸਫ਼ਾਈ ਵੱਲ ਧਿਆਨ ਦੇਣ ਦੀ ਲੋੜ ਹੈ। ਅਕਾਲੀ ਆਗੂ ਨੇ ਕਿਹਾ ਕਿ ਪਾਰਕਾਂ ਅੰਦਰਲੀਆਂ ਲਾਇਬਰੇਰੀਆਂ ਦਾ ਬਾਰ-ਬਾਰ ਉਦਘਾਟਨ ਕਰਨ ਦੀ ਬਜਾਏ ਉਨ੍ਹਾਂ ਨੂੰ ਹੋਰ ਬਿਹਤਰ ਬਣਾਉਣ ਬਾਰੇ ਕੰਮ ਕੀਤੇ ਜਾ ਸਕਦੇ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਾਰਕਾਂ ਵਿਚਲੀਆਂ ਇਨ੍ਹਾਂ ਲਾਇਬਰੇਰੀਆਂ ਵਿੱਚ ਬਜੁਰਗਾਂ ਅਤੇ ਬੱਚਿਆਂ ਦੇ ਪੜ੍ਹਨ ਲਈ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਅਤੇ ਮੈਗਜ਼ੀਨ ਤੁਰੰਤ ਮੁਹੱਈਆ ਕਰਵਾਏ ਜਾਣ। ਉਨ੍ਹਾਂ ਮੰਗ ਕੀਤੀ ਕਿ ਲਾਇਬਰੇਰੀਆਂ ਦੀ ਸਾਂਭ-ਸੰਭਾਲ, ਕਿਤਾਬਾਂ ਦੇ ਰੱਖ-ਰਖਾਓ ਅਤੇ ਪਾਰਕਾਂ ਦੀ ਸਾਫ-ਸਫ਼ਾਈ ਲਈ ਵੱਧ ਤੋਂ ਵੱਧ ਕਰਮਚਾਰੀ ਰੱਖਣ ਦੀ ਲੋੜ ਹੈ, ਜਿਨ੍ਹਾਂ ਦੇ ਰੱਖਣ ਨਾਲ ਲਾਇਬਰੇਰੀਆਂ ਅਤੇ ਪਾਰਕਾਂ ਦਾ ਧਿਆਨ ਵੀ ਰੱਖਿਆ ਜਾਵੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦਾ ਸਾਧਨ ਵੀ ਪੈਦਾ ਹੌਵੇਗਾ।
Total Responses : 930