ਲੁਧਿਆਣਾ, 23 ਜੂਨ 2019 - ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਵਿੱਚ ਪੰਥਕ ਸਫਾ ਵਿੱਚ ਕਾਰਜਸ਼ੀਲ 21 ਮੈਂਬਰੀ ਕਮੇਟੀ ਅਤੇ ਵਿਸ਼ੇਸ਼ ਸੱਦੇ ਤੇ ਪਹੁੰਚੇ ਪੰਥਕ ਸਖਸ਼ੀਅਤਾਂ ਦੀ ਇੱਕ ਮੀਟਿੰਗ ਗੁਰਦੁਆਰਾ ਸਿੰਘ ਸਭਾ, ਅਵਤਾਰ ਨਗਰ, ਲੁਧਿਆਣਾ ਵਿੱਖੇ ਹੋਈ। ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਦਾ ਖੁੱਲ੍ਹ ਕੇ ਵਿਸ਼ਲੇਸ਼ਣ ਕੀਤਾ ਗਿਆ। ਹਵਾਰਾ ਕਮੇਟੀ ਦੀਆਂ ਗਤੀਵਿਧੀਆਂ ਦਾ ਘੇਰਾ ਵਧਾਉਣ ਅਤੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਥੇਬੰਧਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਬੁਲਾਰੇ ਅਤੇ ਪ੍ਰੈਸ ਸਕੱਤਰ ਪ੍ਰੋ. ਬਲਜਿੰਦਰ ਸਿੰਘ ਨੇ ਲਿੱਖਤੀ ਬਿਆਨ ਰਾਹੀ ਦੱਸਿਆ ਕੇ ਭਾਈ ਨਰਾਇਣ ਸਿੰਘ ਚੌੜਾ ਨੂੰ ਸਰਭ ਸੰਮਤੀ ਨਾਲ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਭਾਈ ਜਸਪਾਲ ਸਿੰਘ ਹੇਰਾਂ ਅਤੇ ਬਾਪੂ ਗੁਰਚਰਨ ਸਿੰਘ ਪਟਿਆਲਾ ਨੂੰ ਮੁੱਖ ਸਲਾਹਕਾਰ ਥਾਪਿਆ ਗਿਆ ਹੈ। ਨੌਜਵਾਨ ਸਿੱਖਾਂ ਨੂੰ ਕੌਮ ਦੀ ਮੁੱਖ ਧਾਰਾ ਨਾਲ ਜੌੜਨ ਲਈ ‘ਸਿੱਖ ਯੂਥ ਵਿੰਗ’ ਦੀ ਸਥਾਪਨਾ ਕੀਤੀ ਗਈ ਹੈ ਜਿਸਦੀ ਰਹਿਨੂਮਾਈ ਭਾਈ ਬਗੀਚਾ ਸਿੰਘ ਜੀ ਰਤਾਖੇੜਾ ਅਤੇ ਭਾਈ ਸੁਖਰਾਜ ਸਿੰਘ ਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਕਰਨਗੇ ਅਤੇ ਭਾਈ ਗੁਰਤੇਜ ਸਿੰਘ ਮਾਨਸਾ, ਭਾਈ ਜਸਵਿੰਦਰ ਸਿੰਘ ਰਾਜਪੁਰਾ ਸਹਿਯੋਗੀ ਦੀ ਸੇਵਾ ਨਿਭਾਉਨਗੇ।
ਪਿੰਡ ਪੱਧਰ ਤੱਕ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ‘ਧਰਮ ਪ੍ਰਚਾਰ ਲਹਿਰ’ ਚਲਾਈ ਜਾਵੇਗੀ। ਜਿਸ ਵਿੱਚ ਮਾਸਟਰ ਸੰਤੋਖ ਸਿੰਘ ਲੁਧਿਆਣਾ, ਭਾਈ ਪਾਲ ਸਿੰਘ ਫਰਾਂਸ, ਮਾਸਟਰ ਬਲਦੇਵ ਸਿੰਘ ਤਰਨਤਾਰਨ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਤਰਲੌਕ ਸਿੰਘ, ਭਾਈ ਸਤਨਾਮ ਸਿੰਘ ਖੰਡਾ (ਪੰਜਾਂ ਸਿੰਘਾਂ ‘ਚੋਂ), ਦਿਲਬਾਗ ਸਿੰਘ ਗੁਰਦਾਸਪੁਰ, ਬਾਬਾ ਸੁਰਿੰਦਰ ਸਿੰਘ ਸਿਧਾਣਾ ਨੂੰ ਸ਼ਾਮਿਲ ਕੀਤਾ ਗਿਆ ਹੈ। ਜੇਲ਼੍ਹ ਵਿੱਚ ਬੰਦ ਨੌਜਵਾਨਾਂ ਨੂੰ ਕਾਨੂੰਨੀ ਸਲਾਹ ਅਤੇ ਉਹਨਾਂ ਦੇ ਕੇਸਾਂ ਦੀ ਪੈਰਵੀ ਕਰਨ ਲਈ ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਦਿੱਲਸ਼ੇਰ ਸਿੰਘ ਅਤੇ ਅੇਡਵੋਕੇਟ ਜਗਦੀਪ ਸਿੰਘ ਰੰਧਾਵਾ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਮੀਡੀਆ ਨਾਲ ਤਾਲਮੇਲ ਕਰਨ ਲਈ ਪ੍ਰੋ. ਬਲਜਿੰਦਰ ਸਿੰਘ, ਭਾਈ ਬਲਜੀਤ ਸਿੰਘ ਖਾਲਸਾ ਅਤੇ ਭਾਈ ਭੁਪਿੰਦਰ ਸਿੰਘ ਸੱਜਣ ਨੂੰ ਜਿੰਮੇਵਾਰੀ ਸੌਂਪੀ ਗਈ ਹੈ।
ਜਥੇਦਾਰ ਜਗਤਾਰ ਸਿੰਘ ਹਵਾਰਾ ਨਾਲ ਵਕੀਲ ਰਾਹੀਂ ਰਾਬਤਾ ਅਤੇ ਸੁਨੇਹਾ ਲੈਣ ਦੇਣ ਦੀ ਜਿੰਮੇਵਾਰੀ ਭਾਈ ਬਲਬੀਰ ਸਿੰਘ ਹਿਸਾਰ, ਭਾਈ ਹਰਮਿੰਦਰ ਸਿੰਘ ਦਿੱਲੀ ਅਤੇ ਬਾਪੂ ਗੁਰਚਰਨ ਸਿੰਘ ਦੀ ਲਗਾਈ ਗਈ ਹੈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਇਸ ਗੱਲ ਦੀ ਸ਼ਲਾਘਾ ਕੀਤੀ ਗਈ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਸੋਧਾ ਲਾਉਣ ਵਾਲੇ ਮਹਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਦੇ ਕੇਸਾਂ ਦੀ ਪੈਰਵੀ ਜਥੇਦਾਰ ਹਵਾਰਾ ਦੀ ਕਮੇਟੀ ਕਰੇਗੀ ਅਤੇ ਉਹਨਾਂ ਦਾ ਢੁਕਵਾਂ ਸਨਮਾਨ ਕੀਤਾ ਜਾਵੇਗਾ।
ਦਿੱਲੀ ਵਿਖੇ ਪੁਲਿਸ ਵਲੋਂ ਬੇਰਹਿਮੀ ਨਾਲ ਡਰਾਇਵਰ ਸਰਬਜੀਤ ਸਿੰਘ ਅਤੇ ਉਸਦੇ ਨਾਬਾਲਿਗ ਪੁੱਤਰ ਨੂੰ ਤਸ਼ਦਦ ਕੀਤੇ ਜਾਣ ਦਾ ਸਖਤ ਨੋਟਿਸ ਲੈਂਦਿਆਂ ਕਮੇਟੀ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੇ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤਧਾਰੀ ਹੋਣ ਅਤੇ ਸ਼ਸਤਰ ਧਾਰੀ ਹੋਣ ਤਾਂ ਜੋ ਉਹ ਆਪਣੀ ਅਤੇ ਸਮਾਜ ਦੇ ਬੇਸਹਾਰਾ ਲੋਕਾਂ ਦੀ ਖਾਲਸਾਈ ਪਰਮਪਰਾਵਾਂ ਅਨੁਸਾਰ ਰਾਖੀ ਕਰ ਸਕਣ। ਪ੍ਰੋ. ਬਲਜਿੰਦਰ ਸਿੰਘ ਨੇ ਦੱਸਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਿਰਦੇਸ਼ਾਂ ਅਨੁਸਾਰ ਅਤਿ ਜਰੂਰੀ ਹਲਾਤਾਂ ‘ਚ ਫੈਸਲਾ ਲੈਣ ਦਾ ਅਧਿਕਾਰ ਕੋਰ ਕਮੇਟੀ ਨੂੰ ਹੋਵੇਗਾ। ਜਿਸ ਵਿੱਚ ਬਾਪੂ ਗੁਰਚਰਨ ਸਿੰਘ ਪਟਿਆਲਾ,
ਭਾਈ ਜਸਪਾਲ ਸਿੰਘ ਹੇਰਾਂ, ਐਡਵੋਕੇਟ ਅਮਰ ਸਿੰਘ ਚਾਹਲ, ਭਾਈ ਨਰਾਇਣ ਸਿੰਘ ਚੌੜਾ, ਮਾਸਟਰ ਸੰਤੋਖ ਸਿੰਘ, ਭਾਈ ਬਲਬੀਰ ਸਿੰਘ ਹਿਸਾਰ, ਭਾਈ ਬਗੀਚਾ ਸਿੰਘ ਰਤਾਖੇੜਾ ਅਤੇ ਭਾਈ ਸੁਖਰਾਜ ਸਿੰਘ ਹੋਣਗੇ।