ਨਵਾਂ ਸ਼ਹਿਰ, 24 ਜੂਨ, 2019: ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਨੇ ਬਰਸਾਤ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਡਰੇਨਾਂ/ਨਿਕਾਸੀ ਨਾਲਿਆਂ ਦੀ ਸਾਫ਼-ਸਫ਼ਾਈ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਰਿਆ ਸਤਲੁੱਜ ਦੇ ਧੁੱਸੀ ਬੰਨ੍ਹ ਦੇ ਨਾਜ਼ੁਕ ਹਿੱਸਿਆਂ ’ਤੇ ਖਾਸ ਨਜ਼ਰ ਰੱਖਣ ਲਈ ਵੀ ਆਖਿਆ ਹੈ।
ਅੱਜ ਵੱਖ-ਵੱਖ ਵਿਭਾਗਾਂ ਨਾਲ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਕੀਤੀਆਂ ਜਾਣ ਵਾਲੀਆਂ ਅਗਾਊਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ ’ਚ ਉਕਤ ਹਦਾਇਤਾਂ ਦਿੰਦਿਆਂ ਉਨ੍ਹਾਂ ਇਸ ਵਾਸਤੇ ਜ਼ਿਲ੍ਹਾ ਪੱਧਰ ਅਤੇ ਸਬ ਡਵੀਜ਼ਨ ਪੱਧਰ ’ਤੇ 24 ਘੰਟੇ ਚੱਲਣ ਵਾਲੇ ਹੜ੍ਹ ਕੰਟਰੋਲ ਕੇਂਦਰ ਵੀ ਸਥਾਪਿਤ ਕਰਨ ਲਈ ਆਖਿਆ। ਉਨ੍ਹਾਂ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਬਲਾਚੌਰ ਅਤੇ ਨਵਾਂਸ਼ਹਿਰ ਸਬ ਡਵੀਜ਼ਨਾਂ ’ਚ ਪੈਂਦੇ ਦਰਿਆ ਸਤਲੁੱਜ ਦੇ ਬੰਨ੍ਹ ਦੀ ਮਜ਼ਬੂਤੀ ਅਤੇ ਡਰੇਨਾਂ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਨੇ ਡਰੇਨਾਂ ਦੀ ਸਫ਼ਾਈ ’ਚ ਮਨਰੇਗਾ ਵਰਕਰਾਂ ਦਾ ਸਹਿਯੋਗ ਲੈਣ ਲਈ ਵੀ ਕਿਹਾ ਤਾਂ ਜੋ ਕੰਮ ਨੂੰ ਸਮੇਂ ਸਿਰ ਨਿਪਟਾਇਆ ਜਾ ਸਕੇ।
ਇਸ ਮੌਕੇ ਫ਼ਗਵਾੜਾ ਜਲ ਨਿਕਾਸ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਈਸਟ ਬੇਈਂ, ਕਟਾਰੀਆ ਡਰੇਨ, ਬੰਗਾ-ਗੋਪਾਲਪੁਰ ਡਰੇਨ, ਫਾਂਬੜਾ ਡਰੇਨ ਅਤੇ ਰਾਹੋਂ-ਬਾਜੀਦਪੁਰ ਡਰੇਨਾਂ ਦੀ ਸਫ਼ਾਈ ਜੰਗੀ ਪੱਧਰ ’ਤੇ ਚੱਲ ਰਹੀ ਹੈ। ਇਸ ਤੋਂ ਇਲਾਵਾ ਨਵਾਂਸ਼ਹਿਰ ਸਬ ਡਵੀਜ਼ਨ ’ਚ ਤਾਜੋਵਾਲ ਅਤੇ ਬੇਗੋਵਾਲ ਕੰਪਲੈਕਸ ’ਚ ਸਤਲੁੱਜ ਬੰਨ੍ਹ ਦੇ ਮਜ਼ਬੂਤੀ ਕਾਰਜ ਚਲ ਰਹੇ ਹਨ।
ਜਲ ਨਿਕਾਸ ਮੰਡਲ ਹੁਸ਼ਿਆਰਪੁਰ (ਗੜ੍ਹਸ਼ੰਕਰ) ਦੇ ਅਧਿਕਾਰੀਆਂ ਨੇ ਦੱਸਿਆ ਕਿ ਬਲਾਚੌਰ ਸਬ ਡਵੀਜ਼ਨ ’ਚ ਸੜੋਆ ਡਰੇਨ ਦੀ ਸਫ਼ਾਈ ਕਰਵਾਈ ਜਾ ਚੁੱਕੀ ਹੈ ਜਦਕਿ ਸਤਲੁੱਜ ਬੰਨ੍ਹ ਦੇ ਦੁੱਗਰੀ ਅਤੇ ਖੋਜਾ ਬੇਟ ਕੰਪਲੈਕਸਾਂ ’ਚ ਬੰਨ੍ਹ ਮਜ਼ਬੂਤੀ ਦਾ ਕੰਮ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੋਵਾਂ ਜਲ ਨਿਕਾਸ ਮੰਡਲਾਂ ਦੇ ਅਧਿਕਾਰੀਆਂ ਨੂੰ ਦਰਿਆ ਦੇ ਵਹਿਣ ’ਤੇ ਨਜ਼ਰ ਰੱਖਣ ਅਤੇ ਪਾਣੀ ਦਾ ਪੱਧਰ ਵਧਣ ’ਤੇ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ ਲਈ ਵੀ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਜ਼ਿਲ੍ਹਾ ਮਾਲ ਅਫ਼ਸਰ ਨੂੰ ਮਾਲ ਮਹਿਕਮੇ ਰਾਹੀਂ ਅਤੇ ਪੁਲਿਸ ਪੈਟਰੋਲਿੰਗ ਰਾਹੀਂ ਦਰਿਆ ਦੇ ਵਹਿਣ ’ਤੇ ਨਜ਼ਰ ਰੱਖਣ ਦੇ ਪ੍ਰਬੰਧ ਕਰਨ ਲਈ ਆਖਿਆ।
ਉਨ੍ਹਾਂ ਨੇ ਸਿਹਤ ਵਿਭਾਗ ਨੂੰ ਹੰਗਾਮੀ ਹਾਲਤ ਦੀ ਸੂਰਤ ’ਚ ਤੁਰੰਤ ਕਾਰਜਸ਼ੀਲ ਹੋਣ ਵਾਲੀਆਂ ਮੈਡੀਕਲ ਟੀਮਾਂ, ਪਸ਼ੂ ਪਾਲਣ ਵਿਭਾਗ ਨੂੰ ਵੈਟਰਨਰੀ ਟੀਮਾਂ ਤੇ ਹਰੇ ਚਾਰੇ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਲੋੜੀਂਦੇ ਰਾਸ਼ਨ ਤੇ ਪੈਟਰੋਲ/ਡੀਜ਼ਲ ਦੇ ਪ੍ਰਬੰਧ ਕਰਕੇ ਰੱਖਣ ਲਈ ਕਿਹਾ।
ਇਸ ਤੋਂ ਇਲਾਵਾ ਉਨ੍ਹਾਂ ਰਾਹਤ ਕੇਂਦਰਾਂ ਜਿੱਥੇ ਲੋਕਾਂ ਨੂੰ ਲੋੜ ਪੈਣ ’ਤੇ ਸੁਰੱਖਿਆ ਥਾਂ ਵਜੋਂ ਲੈ ਕੇ ਆਉਣਾ ਹੈ, ਦੀ ਬਣਾਈ ਹੋਈ ਸੂਚੀ ਮੁਤਾਬਕ ਉਚਿੱਤ ਪ੍ਰਬੰਧਾਂ ਲਈ ਤਿਆਰ ਕਰਕੇ ਰੱਖਣ ਲਈ ਹਦਾਇਤ ਕੀਤੀ।
ਮੀਟਿੰਗ ’ਚ ਡੀ ਆਰ ਓ ਵਿਪਿਨ ਭੰਡਾਰੀ, ਡੀ ਐਫ ਐਸ ਸੀ ਰਜਨੀਸ਼ ਕੌਰ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਜਲ ਨਿਕਾਸ ਮੰਡਲਾਂ ਦੇ ਕਾਰਜਕਾਰੀ ਇੰਜੀਨੀਅਰ, ਸਬ ਡਵੀਜ਼ਨ ਅਫ਼ਸਰ, ਮੰਡੀ ਬੋਰਡ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਮੌਜੂਦ ਸਨ।