*ਨਸ਼ਿਆਂ ਦੀ ਮਾੜੀ ਆਦਤ ਦਾ ਸ਼ਿਕਾਰ ਹੋਏ ਲੋਕਾਂ ਦੀ ਤੰਦਰੁਸਤੀ ਲਈ ਸਾਰਥਕ ਕਦਮ ਪੁੱਟੇ ਜਾਣ: ਮਨਜੀਤ ਕੌਰ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਸੁਨਾਮ/ਸੰਗਰੂਰ, 24 ਜੂਨ:
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਡੀ.ਐਮ ਸੁਨਾਮ ਸ੍ਰੀਮਤੀ ਮਨਜੀਤ ਕੌਰ ਅਤੇ ਡੀ.ਐਸ.ਪੀ ਰਾਜੇਸ਼ ਸਨੇਹੀ ਵੱਲੋਂ ਸਾਂਝੇ ਤੌਰ ਤੇ ਓਟ ਕਲੀਨਿਕ ਦਾ ਅਚਨਚੇਤ ਦੌਰਾ ਕਰਕੇ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਇਲਾਜ ਸੁਵਿਧਾਵਾਂ ਦਾ ਨਿਰੀਖਣ ਕੀਤਾ। ਐਸ.ਡੀ.ਐਮ ਨੇ ਡਾਕਟਰੀ ਅਮਲੇ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਦਿਆਂ ਨਸ਼ਿਆਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਚ ਸੁਧਾਰ ਕਰਨ ਲਈ ਸਾਰਥਕ ਉਪਰਾਲੇ ਕੀਤੇ ਜਾਣ।
ਉਨਾਂ ਕਿਹਾ ਕਿ ਓਟ ਕਲੀਨਿਕਾਂ ਦੀ ਸਥਾਪਨਾ ਦਾ ਮੁੱਖ ਮਕਸਦ ਤੰਦਰੁਸਤ ਸਮਾਜ ਦੀ ਸਿਰਜਣਾ ਹੈ ਤਾਂ ਜੋ ਗੈਰ ਸਮਾਜਿਕ ਅਨਸਰਾਂ ਦੇ ਹੱਥੇ ਚੜ• ਕੇ ਨਸ਼ਿਆਂ ਦੀ ਮਾੜੀ ਆਦਤ ਦਾ ਸ਼ਿਕਾਰ ਹੋਏ ਲੋਕਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਐਸ.ਡੀ.ਐਮ ਨੇ ਦੱਸਿਆ ਕਿ ਓਟ ਕਲੀਨਿਕ ਵਿੱਚ ਡਾਕਟਰ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਜਦਕਿ ਰੋਗੀਆਂ ਨੂੰ ਮਾਨਸਿਕ ਤੌਰ ਤੇ ਮਜਬੂਤ ਕਰਨ ਲਈ ਕੌਂਸਲਰ ਸੋਮਵਾਰ ਅਤੇ ਸਨੀਵਾਰ ਉਪਲਬਧ ਹੁੰਦੇ ਹਨ।
ਉਨਾਂ ਦੱਸਿਆ ਔਸਤਨ 50 ਤੋਂ 60 ਮਰੀਜ਼ ਇਸ ਕਲੀਨਿਕ ਵਿੱਚ ਨਿਯਮਤ ਤੌਰ ਤੇ ਇਲਾਜ ਸੁਵਿਧਾਵਾਂ ਹਾਸਲ ਕਰਨ ਲਈ ਪਹੁੰਚਦੇ ਹਨ ਜਦਕਿ ਸਮੇਂ-ਸਮੇਂ ਤੇ ਓਟ ਕਲੀਨਕਾਂ ਦੀ ਕਾਰਜਸ਼ੈਲੀ ਵਿੱਚ ਸੁਧਾਰ ਲਿਆਉਣ ਅਤੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਸਰਕਾਰ ਤੱਕ ਪਹੁੰਚਾਉਣ ਲਈ ਸਿਵਲ ਤੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਾਇਜ਼ਾ ਲਿਆ ਜਾਂਦਾ ਹੈ।
ਇਸ ਦੌਰਾਨ ਐਸ.ਡੀ.ਐਮ ਤੇ ਡੀ.ਐਸ.ਪੀ ਨੇ ਓਟ ਕਲੀਨਕ 'ਚ ਓ.ਪੀ.ਡੀ ਸੇਵਾਵਾਂ ਹਾਸਲ ਕਰ ਰਹੇ ਮਰੀਜ਼ਾਂ ਨੂੰ ਪੰਜਾਬ ਸਰਕਾਰ ਦੀਆਂ ਡੇਪੋ ਅਤੇ ਬਡੀ ਸਕੀਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਆਪਣੇ ਆਲੇ ਦੁਆਲੇ ਲੋਕਾਂ ਨੂੰ ਇਸ ਬਾਰੇ ਜ਼ਰੂਰ ਜਾਗਰੂਕ ਕਰਨ ਅਤੇ ਆਪਣੀ ਜਾਣ-ਪਹਿਚਾਣ ਦੇ ਅਜਿਹੇ ਲੋਕਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਅਤੇ ਓਟ ਕਲੀਨਿਕਾਂ ਬਾਰੇ ਵੀ ਜਾਣੂ ਕਰਵਾਉਣ ਜੋ ਹਾਲੇ ਤੱਕ ਜਾਗਰੂਕਤਾ ਦੀ ਕਮੀ ਕਾਰਨ ਸਰਕਾਰ ਦੀਆਂ ਇਨਾਂ ਮਹੱਤਵਪੂਰਨ ਯੋਜਨਾਵਾਂ ਦਾ ਲਾਭ ਉਠਾਉਣ ਤੋਂ ਵਾਂਝੇ ਹਨ। ਇਸ ਮੌਕੇ ਸੀ.ਡੀ.ਪੀ.ਓ ਸ਼ੁਭਮ ਭਾਰਦਵਾਜ ਵੀ ਮੌਜੂਦ ਸਨ।