ਲੋਕੇਸ਼ ਰਿਸ਼ੀ
ਗੁਰਦਾਸਪੁਰ, 25 ਜੂਨ 2019- ਬਿਹਾਰ 'ਚ ਫੈਲੇ ਚਮਕੀ ਨਾਮ ਦੇ ਬੁਖ਼ਾਰ ਕਾਰਨ ਸੌ ਤੋਂ ਜ਼ਿਆਦਾ ਬੱਚੇ ਆਪਣੀ ਜਾਨ ਗਵਾ ਚੁੱਕੇ ਹਨ। ਬਿਹਾਰ ਤੋਂ ਬਾਦ ਚੰਮਕੀ ਬਿਮਾਰੀ ਦਾ ਅਸਰ ਹੁਣ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੇ ਵੀ ਵਿਖਾਈ ਦੇਣਾ ਸ਼ੁਰੂ ਹੋ ਚੁੱਕਾ ਹੈ। ਜਿਸ ਦੀ ਮੁੱਖ ਵਜਾ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਲੀਚੀ ਸਬੰਧੀ ਵੀਡੀਓ ਹੈ। ਇਸ ਵੀਡੀਓ ਵਿੱਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਲੀਚੀ ਵਿੱਚ ਪੈਣ ਵਾਲੇ ਕੀੜੇ ਨੂੰ ਚਮਕੀ ਬੁਖ਼ਾਰ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਆਮ ਲੋਕ ਲੀਚੀ ਖਾਣ ਤੋਂ ਘਬਰਾਉਣ ਲੱਗ ਪਏ ਹਨ। ਹਾਲਾਤ ਇਹ ਹਨ ਕਿ ਜ਼ਿਲ੍ਹੇ ਅੰਦਰ ਭਾਵੇਂ ਇਸ ਵਾਰ ਲੀਚੀ ਦੀ ਬੰਪਰ ਪੈਦਾਵਾਰ ਹੋਈ ਹੈ, ਪਰ ਵਾਇਰਲ ਵੀਡੀਓ ਕਾਰਨ ਦਿੱਲੀ ਵਰਗੀਆਂ ਵੱਡੀਆਂ ਮੰਡੀਆਂ ਵੀ ਲੀਚੀ ਦੀ ਫ਼ਸਲ ਚੁੱਕਣ ਤੋਂ ਕਤਰਾ ਰਹੀਆਂ ਹਨ ਅਤੇ ਇਸੇ ਕਾਰਨ ਦੂਜੇ ਰਾਜਾਂ 'ਚ ਜਾਣ ਵਾਲੀ ਲੀਚੀ ਦੀ ਸਪਲਾਈ ਵੀ ਰੁਕ ਗਈ ਹੈ। ਕੁੱਲ ਮਿਲਾ ਕੇ ਲੀਚੀ ਉਤਪਾਦਨ ਦਾ ਮੁੱਖ ਕੇਂਦਰ ਮੰਨੇ ਜਾਣ ਵਾਲੇ ਗੁਰਦਾਸਪੁਰ ਦੇ ਲੀਚੀ ਕਾਸ਼ਤਕਾਰਾਂ ਦੇ ਸਾਹ ਸੂਤੇ ਹੋਏ ਹਨ। ਹਾਲਾਂ ਕਿ ਬਾਗ਼ਬਾਨੀ ਮਾਹਿਰਾਂ ਨੇ ਲੀਚੀ ਨਾਲ ਕਿਸੇ ਵੀ ਬਿਮਾਰੀ ਹੋਣ ਤੋਂ ਸਾਫ਼਼ ਇਨਕਾਰ ਕੀਤਾ ਹੈ।
ਲੀਚੀ ਕਾਸ਼ਤਕਾਰਾਂ ਅਤੇ ਉਤਪਾਦਕਾਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਲੀਚੀ ਦੀ ਚੰਗੀ ਪੈਦਾਵਾਰ ਹੋਈ ਹੈ, ਜਿਸ ਕਾਰਨ ਉਨ੍ਹਾਂ ਨੂੰ ਚੰਗੇ ਮੁਨਾਫ਼ੇ ਦੀ ਉਮੀਦ ਸੀ। ਪਰ ਬਿਹਾਰ ਵਿੱਚ ਫੈਲੇ ਚਮਕੀ ਬੁਖ਼ਾਰ ਅਤੇ ਉਸ ਮਗਰੋਂ ਸੋਸ਼ਲ ਮੀਡੀਆ 'ਤੇ ਲੀਚੀ ਸਬੰਧੀ ਵਾਇਰਲ ਹੋਈ ਵੀਡੀਓ ਕਾਰਨ। ਲੀਚੀ ਦੇ ਰੇਟਾਂ ਵਿੱਚ ਕਮੀ ਆਈ ਹੈ ਅਤੇ ਕਾਰੋਬਾਰ ਵਿੱਚ ਘਟਿਆ ਹੈ। ਇਸੇ ਕਾਰਨ ਦਿੱਲੀ ਸਮੇਤ ਬਾਕੀ ਰਾਜਾਂ ਨੂੰ ਜਾਣ ਵਾਲੀ ਲੀਚੀ ਦੀ ਸਪਲਾਈ ਰੁਕ ਚੁੱਕੀ ਹੈ ਅਤੇ ਬੂਟੇ ਫ਼ਸਲ ਨਾਲ ਭਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਅਗਲੇ ਕੁੱਝ ਦਿਨਾਂ ਤੱਕ ਇਹ ਫ਼ਸਲ ਬੂਟਿਆਂ ਤੋਂ ਨਾ ਉਤਾਰੀ ਗਈ ਤਾਂ ਇਹ ਸਾਰੀ ਫ਼ਸਲ ਖ਼ਰਾਬ ਹੋ ਜਾਵੇਗੀ। ਕਾਸ਼ਤਕਾਰਾਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਕਾਰਨ ਜਿੱਥੇ ਲੀਚੀ ਦੀ ਵਿੱਕਰੀ ਵਿੱਚ ਭਾਰੀ ਕਮੀ ਆਈ ਹੈ। ਉੱਥੇ ਹੀ ਉਨ੍ਹਾਂ ਦੱਸਿਆ ਕਿ ਖ਼ਰੀਦਦਾਰ ਲੀਚੀ ਖ਼ਰੀਦਣ ਤੋਂ ਪਹਿਲਾਂ ਦੁਕਾਨਦਾਰ ਨੂੰ ਖਾ ਕੇ ਵਿਖਾਉਣ ਦੀ ਮੰਗ ਕਰਨ ਲੱਗ ਪਏ ਹਨ।
ਉੱਥੇ ਦੂਜੇ ਪਾਸੇ ਬਾਗ਼ਬਾਨੀ ਵਿਭਾਗ ਦੇ ਮਾਹਿਰ ਡਾ. ਪ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਪੂਰੇ ਪੰਜਾਬ ਵਿੱਚ ਲੀਚੀ ਨੂੰ ਲੈ ਕੇ ਹੋਣ ਵਾਲੀ ਕਿਸੇ ਵੀ ਬਿਮਾਰੀ ਦੀ ਘਟਨਾ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਰਹੀ ਵੀਡੀਓ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਕਿਉਂ ਕਿ ਉਸ ਵੀਡੀਓ ਕਾਰਨ ਲੋਕ ਲੀਚੀ ਖਾਣ ਤੋਂ ਡਰ ਰਹੇ ਹਨ ਅਤੇ ਇਸ ਦਾ ਬੁਰਾ ਅਸਰ ਲੀਚੀ ਕਾਰੋਬਾਰ ਤੇ ਪੈ ਰਿਹਾ ਹੈ। ਉਨ੍ਹਾਂ ਲੋਕਾਂ ਕੋਲੋਂ ਅਪੀਲ ਕੀਤੀ ਕਿ ਉਹ ਖੇਤੀਬਾੜੀ ਨਾਲ ਸਬੰਧਿਤ ਕੋਈ ਵੀ ਵੀਡੀਓ ਜਾਚੇਂ ਪਰਖੇ ਨਾ ਪਾਉਣ।