ਬੇਹਤਰੀਨ ਸੇਵਾਵਾਂ ਦੇਣ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸੇਵਾ ਕੇਂਦਰ ਵਿੱਚ ਲਗਾਏ ਗਏ 2 ਵਾਧੂ ਕਾਊਂਟਰ, ਟਰਾਂਸਪੋਰਟ ਵਿਭਾਗ ਦੇ ਸੇਵਾ ਕਾਊਂਟਰ ਕੀਤੇ ਡਰਾਈਵਿੰਗ ਟਰੈਕ 'ਤੇ ਸ਼ਿਫਟ
ਹਰ ਕਾਊਂਟਰ 'ਤੇ ਲਗਾਈ ਟੋਕਨ ਡਿਸਪਲੇਅ ਸਕਰੀਨ, ਪੈਂਡਿੰਗ ਕੰਮ 13 ਘੱਟ ਕੇ 3 ਫੀਸਦੀ ਤੱਕ ਪਹੁੰਚੇ
ਜ਼ਿਲੇ ਵਿੱਚ ਚੱਲ ਰਹੇ 24 ਸੇਵਾ ਕੇਂਦਰ ਦੇ ਰਹੇ ਹਨ 23 ਵਿਭਾਗਾਂ ਦੀਆਂ 254 ਸੇਵਾਵਾਂ
ਜਨਵਰੀ ਤੋਂ ਲੈ ਕੇ ਹੁਣ ਤੱਕ ਦਿੱਤੀਆਂ ਗਈਆ 1 ਲੱਖ 34 ਹਜ਼ਾਰ ਸੇਵਾਵਾਂ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਹੁਸ਼ਿਆਰਪੁਰ, 25 ਜੂਨ :
ਪੰਜਾਬ ਸਰਕਾਰ ਵਲੋਂ ਜ਼ਿਲੇ ਵਿੱਚ ਆਮ ਲੋਕਾਂ ਨੂੰ ਬੇਹਤਰ ਸੁਵਿਧਾਵਾਂ ਦੇਣ ਲਈ ਸ਼ੁਰੂ ਕੀਤੇ ਗਏ ਸੇਵਾ ਕੇਂਦਰ ਜਿਥੇ ਅਹਿਮ ਭੂਮਿਕਾ ਅਦਾ ਕਰ ਰਹੇ ਹਨ, ਉਥੇ ਜ਼ਿਲਾ ਵਾਸੀਆਂ ਨੂੰ ਸੁਚਾਰੂ ਢੰਗ ਨਾਲ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਵੀ ਵਚਨਬੱਧ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਲਰ ਈਸ਼ਾ ਕਾਲੀਆ ਨੇ ਦੱਸਿਆ ਕਿ ਲੋਕਾਂ ਨੂੰ ਸੁਚਾਰੂ ਢੰਗ ਨਾਲ ਸੇਵਾ ਕੇਂਦਰਾਂ ਦੁਆਰਾ ਸਰਕਾਰੀ ਸੇਵਾਵਾਂ ਦੇਣ ਲਈ ਸੇਵਾ ਕੇਂਦਰ ਵਿੱਚ ਕੁਝ ਬਦਲਾਵ ਕੀਤੇ ਗਏ ਹਨ, ਤਾਂ ਜੋ ਲੋਕਾਂ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਉਨਾਂ ਦੱਸਿਆ ਕਿ ਲੋਕਾਂ ਨੂੰ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਟਰਾਂਸਪੋਰਟ ਸਬੰਧੀ ਸੁਵਿਧਾਵਾਂ ਦੇ ਕਾਊਂਟਰ ਹੁਣ ਟਾਂਡਾ ਰੋਡ, ਡਰਾਇਡਿੰਗ ਟਰੈਕ 'ਤੇ ਸ਼ਿਫਟ ਕੀਤੇ ਗਏ ਹਨ। ਇਸ ਨਾਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸੇਵਾ ਕੇਂਦਰ ਵਿੱਚ ਦੋ ਵਾਧੂ ਕਾਊਂਟਰ ਲਗਾ ਦਿੱਤੇ ਗਏ ਹਨ, ਤਾਂ ਜੋ ਲੋਕਾਂ ਨੂੰ ਬੇਹਤਰੀਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ
ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਸੇਵਾ ਕੇਂਦਰ ਵਿੱਚ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਹਰ ਕਾਊਂਟਰ 'ਤੇ ਟੋਕਨ ਸਬੰਧੀ ਐਲ.ਈ.ਡੀ. ਲਗਾ ਦਿੱਤੀ ਗਈ ਹੈ, ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਨਾਂ ਦਾ ਨੰਬਰ ਕਿੰਨੀ ਦੇਰ ਵਿੱਚ ਆਉਣਾ ਹੈ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਸੇਵਾ ਕੇਂਦਰ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਸੇਵਾ ਕੇਂਦਰਾਂ ਵਿੱਚ ਪੈਂਡਿੰਗ ਪਏ ਕੰਮ 13 ਫੀਸਦੀ ਤੋਂ ਘੰਟ ਕੇ 3 ਫੀਸਦੀ ਤੱਕ ਪਹੁੰਚ ਚੁੱਕੇ ਹਨ।
ਉਨਾਂ ਦੱਸਿਆ ਕਿ ਜ਼ਿਲੇ ਵਿੱਚ 24 ਸੇਵਾ ਕੇਂਦਰਾਂ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ 1 ਲੱਖ 34 ਹਜ਼ਾਰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆ ਹਨ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਚੱਲ ਰਹੇ 24 ਸੇਵਾ ਕੇਂਦਰਾਂ ਦੇ 23 ਵਿਭਾਗਾਂ ਵਿੱਚ 254 ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲਾ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਤੇ ਹਫ਼ਤੇ ਦੇ 6 ਦਿਨ ਖੁੱਲੇ ਰਹਿੰਦੇ ਸੇਵਾ ਕੇਂਦਰਾਂ ਵਿੱਚ ਪਹੁੰਚ ਕੇ ਸਮੇਂ ਸਿਰ ਸਰਕਾਰੀ ਸੇਵਾਵਾਂ ਦਾ ਲਾਭ ਲੈਣ। ਉਨਾਂ ਅਧਿਕਾਰੀਆਂ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੇਵਾਵਾਂ ਸਮੇਂ ਸਿਰ ਪ੍ਰਦਾਨ ਕੀਤੀਆਂ ਜਾਣ ਅਤੇ ਕਿਸੇ ਕਿਸਮ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸੇਵਾ ਕੇਂਦਰਾਂ ਵਿੱਚ ਬਣਾਏ ਜਾ ਸਕਦੇ ਹਨ ਜਨਰਲ ਸ਼੍ਰੇਣੀ ਵਿੱਚ 10 ਫੀਸਦੀ ਰਿਜ਼ਰਵੇਸ਼ਨ ਲੈਣ ਲਈ ਆਮਦਨ ਸਰਟੀਫਿਕੇਟ
ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਵਲੋਂ ਆਮਦਨ ਅਤੇ ਜਾਇਦਾਦ ਸਬੰਧੀ ਸਰਟੀਫਿਕੇਟ ਦੀਆਂ ਸੇਵਾਵਾਂ ਹਾਸਲ ਕਰਨ ਲਈ ਸੇਵਾਂ ਕੇਂਦਰਾਂ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਇਹ ਸਰਟੀਫਿਕੇਟ ਈ-ਸੇਵਾ ਪੋਰਟਲ ਰਾਹੀਂ ਸਬੰਧਤ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵਲੋਂ ਡਿਜੀਟਲ ਜਾਰੀ ਕੀਤੇ ਜਾਣਗੇ।
ਪੰਜਾਬ ਸਰਕਾਰ ਵਲੋਂ ਜਨਰਲ ਸ਼੍ਰੇਣੀ ਦੇ ਆਰਥਿਕ ਤੌਰ 'ਤੇ ਕਮਜੋਰ ਲੋਕਾਂ ਨੂੰ ਸਰਕਾਰੀ ਨੌਕਰੀਆਂ ਅਤੇ ਵਿੱਦਿਅਕ ਅਦਾਰੇ ਵਿੱਚ ਦਾਖਲੇ ਲਈ 10 ਫੀਸਦੀ ਰਿਜ਼ਰਵੇਸ਼ਨ ਦਿੱਤਾ ਗਿਆ ਹੈ। ਰਿਜ਼ਰਵੇਸ਼ਨ ਦਾ ਇਹ ਲਾਭ ਉਨਾਂ ਪਰਿਵਾਰਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ, ਜੋ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਅਤੇ ਪੱਛਲੇ ਵਰਗ ਲਈ ਰਿਜ਼ਰਵੇਸ਼ਨ ਦੀ ਪਹਿਲਾਂ ਚੱਲਦੀਆਂ ਯੋਜਨਾਵਾਂ ਦੇ ਘੇਰੇ ਵਿੱਚ ਨਹੀਂ ਆਉਂਦੇ ਅਤੇ ਜਿਨਾਂ ਪਰਿਵਾਰਾਂ ਦੀ ਸਲਾਨਾ ਆਮਦਨ 8 ਲੱਖ ਰੁਪਏ ਤੋਂ ਘੱਟ ਹੈ।
ਉਨਾਂ ਕਿਹਾ ਕਿ ਜਿਸ ਪਰਿਵਾਰ ਕੋਲ 5 ਏਕੜ ਤੋਂ ਵੱਧ ਖੇਤੀ ਯੋਗ ਜ਼ਮੀਨ, ਰਿਹਾਇਸ਼ੀ ਇਲਾਕੇ ਵਿੱਚ ਇਕ ਹਜ਼ਾਰ ਵਰਗ ਫੁੱਟ ਤੋਂ ਵੱਧ ਫਲੈਟ, ਨਗਰ ਨਿਗਮ ਦੇ ਨੋਟੀਫਾਈਡ ਰਿਹਾਇਸ਼ੀ ਇਲਾਕੇ ਵਿੱਚ 100 ਸਕੇਅਰ ਗਜ ਜਾਂ ਇਸਤੋਂ ਵੱਧ ਦਾ ਪਲਾਟ ਜਾਂ ਨੋਟੀਫਾਈਡ ਨਗਰ ਨਿਗਮ ਤੋਂ ਇਲਾਵਾ ਹੋਰ ਖੇਤਰ ਵਿੱਚ 200 ਗਜ ਜਾਂ ਇਸਤੋਂ ਵੱਧ ਦਾ ਪਲਾਟ ਵਾਲੇ ਪਰਿਵਾਰ ਇਸ ਸੁਵਿਧਾ ਦਾ ਫਾਇਦਾ ਨਹੀਂ ਲੈ ਸਕਦੇ ।
ਬਿਨੈਕਾਰ ਨੂੰ ਇਸ ਯੋਜਨਾ ਦਾ ਲਾਭ ਲੈਣ ਲਈ ਆਪਣੀ ਅਰਜੀ ਵਿੱਚ ਸਵੈ ਘੋਸ਼ਣਾ ਪੱਤਰ ਦੇਣਾ ਪਵੇਗਾ।