ਦੇਵਾ ਨੰਦ ਸ਼ਰਮਾ
ਫਰੀਦਕੋਟ 26 ਜੂਨ 2019 -ਅੱਜ ਅੰਤਰਰਾਸ਼ਟਰੀ ਨਸ਼ਾ ਖੋਰੀ ਅਤੇ ਨਸ਼ਾ ਤਸਕਰੀ ਵਿਰੋਧੀ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਪੁਲਿਸ,ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਹਿਯੋਗ ਨਾਲ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਸੈਨਟ ਹਾਲ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਆਈ ਏ ਐਸ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਰਾਜ ਬਹਾਦਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ ਰਾਜਬਚਨ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਚ ਸਿਵਲ, ਪੁਲਿਸ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਜ਼ਿਲ੍ਹੇ ਦੀਆਂ ਪੰਚਾਇਤਾਂ ਦੇ ਨੁਮਾਇੰਦੇ,ਡੈਪੋ, ਬੱਡੀ ਗਰੁੱਪ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਤੇ ਖਾਸ ਕਰ ਨੌਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ ਜਿਸ ਦਾ ਸਾਡੇ ਪਰਿਵਾਰਿਕ, ਸਮਾਜਿਕ ਤੇ ਆਰਥਿਕ ਜੀਵਨ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹਾਦਰ ਅਤੇ ਸੰਘਰਸ਼ੀ ਹਨ। ਜਿਨ੍ਹਾਂ ਨੇ ਅਤੀਤ ਵਿਚ ਆਈ ਹਰ ਵੱਡੀ ਤੋਂ ਵੱਡੀ ਮੁਸ਼ਕਿਲ ਨੂੰ ਪੂਰੇ ਜ਼ਜਬੇ ਨਾਲ ਹੱਲ ਕੀਤਾ ਅਤੇ ਪੂਰੇ ਦੇਸ਼ ਅਤੇ ਦੁਨੀਆ ਵਿਚ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੋਧੀ ਚਲਾਈ ਗਈ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਨਸ਼ਿਆਂ ਵਿਰੁੱਧ ਸੰਦੇਸ਼ ਘਰ ਘਰ ਪਹੁੰਚਾਇਆ ਜਾਵੇ ਅਤੇ ਇਸ ਨੂੰ ਲੋਕ ਲਹਿਰ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਚੱਲ ਰਹੇ ਓਟ ਕਲੀਨਿਕਾਂ, ਨਸ਼ਾ ਛੁਡਾਊ ਕੇਂਦਰਾਂ ਵਿਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦਾ ਸ਼ਿਕਾਰ ਲੋਕਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਸਮੂਹ ਡੈਪੋ, ਪੰਚਾਇਤਾਂ ਤੇ ਸਵੈ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਇਨ੍ਹਾਂ ਦੇ ਸ਼ਿਕਾਰ ਲੋਕਾਂ ਨੂੰ ਇਲਾਜ ਲਈ ਓਟ ਕਲੀਨਿਕਾਂ, ਸਰਕਾਰੀ ਹਸਪਤਾਲਾਂ ਵਿਚ ਇਲਾਜ ਲਈ ਲਿਆਉਣ ਅਤੇ ਉਨ੍ਹਾਂ ਦੀ ਇਥੇ ਇਲਾਜ ਤੋਂ ਇਲਾਵਾ ਕੌਂਸਲਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਹੋ ਕੇ ਨਸ਼ਿਆਂ ਦੇ ਖਾਤਮੇ ਲਈ ਪੂਰਨ ਸਹਿਯੋਗ ਦੇਣ ਅਤੇ ਪੰਚਾਇਤਾਂ ਤੇ ਜ਼ਿਲ੍ਹੇ ਦਾ ਹਰ ਨਾਗਰਿਕ ਨਸ਼ਾ ਤਸਕਰਾਂ ਅਤੇ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਸਬੰਧੀ ਜਾਣਕਾਰੀ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਤਾਂ ਜੋ ਪੂਰੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਉਨ੍ਹਾਂ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਉਹ ਹਰੇਕ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਪੂਰਨ ਸਹਿਯੋਗ ਦੇਣ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹੈ।
ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਰਾਜ ਬਹਾਦਰ ਨੇ ਆਪਣੇ ਸੰਖੇਪ ਸੰਬੋਧਨ ਵਿਚ ਕਿਹਾ ਕਿ ਨਸ਼ਿਆਂ ਦਾ ਵਰਤਾਰਾ ਵਿਸ਼ਵ ਵਿਆਪੀ ਸਮੱਸਿਆ ਹੈ ਤੇ ਇਸ ਸਮੇਂ ਇਹ ਦੁਨੀਆ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰ ਨੇ ਲੋਕਾਂ ਦੇ ਸਹਿਯੋਗ ਨਾਲ ਦੇਸ਼ ਨੂੰ ਪੋਲੀਓ ਮੁਕਤ ਕੀਤਾ ਹੈ ਉਸੇ ਤਰ੍ਹਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਮੂਹ ਵਰਗਾਂ ਦਾ ਸਹਿਯੋਗ ਜ਼ਰੂਰੀ ਹੈ।ਉਨ੍ਹਾਂ ਨਸ਼ਾ ਮੁਕਤੀ ਲਈ ਚੀਨ ਵਰਗੇ ਦੇਸ਼ਾਂ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਵੀ ਕੀਤਾ।
ਆਪਣੇ ਸੰਬੋਧਨ ਵਿਚ ਐਸ ਐਸ ਪੀ ਫਰੀਦਕੋਟ ਸ ਰਾਜ ਬਹਾਦਰ ਸਿੰਘ ਸੰਧੂ ਨੇ ਕਿਹਾ ਕਿ ਨਸ਼ਿਆਂ ਦੇ ਦੈਂਤ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਜ਼ਿਲ੍ਹੇ ਦੇ ਹਰ ਨਾਗਰਿਕ ਦਾ ਸਹਿਯੋਗ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਦੇ ਦਿਨ ਨਸ਼ਿਆਂ ਦੇ ਸ਼ਿਕਾਰ ਇਕ-ਇਕ ਵਿਅਕਤੀ ਦਾ ਇਲਾਜ ਕਰਵਾਉਣ, ਉਸ ਨੂੰ ਸਮਾਜਿਕ ਮੁੱਖ ਧਾਰਾ ਵਿਚ ਵਾਪਸ ਲਿਆਉਣ ਲਈ ਪ੍ਰਣ ਕਰੀਏ ਤਾਂ ਪੂਰਾ ਪੰਜਾਬ ਹੀ ਥੋੜ੍ਹੇ ਸਮੇਂ ਵਿਚ ਨਸ਼ਾ ਮੁਕਤ ਹੋ ਜਾਵੇਗਾ ਅਤੇ ਸਾਡਾ ਸਾਰਿਆਂ ਦਾ ਆਪਣੇ ਸਮਾਜ ਅਤੇ ਦੇਸ਼ ਲਈ ਵੱਡਾ ਯੋਗਦਾਨ ਹੋਵੇਗਾ। ਉਨ੍ਹਾਂ ਸਮੂਹ ਪੰਚਾਇਤਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਸਬੰਧੀ ਪੁਲਿਸ ਨੂੰ ਜਾਣਕਾਰੀ ਦੇਣ ਤਾਂ ਜੋ ਨਸ਼ੇ ਦੀ ਸਪਲਾਈ ਲਾਈਨ ਨੂੰ ਪੂਰੀ ਤਰ੍ਹਾਂ ਤੋੜਿਆ ਜਾ ਸਕੇ ਅਤੇ ਇਹ ਵੀ ਕਿਹਾ ਕਿ ਨਸ਼ਿਆਂ ਦਾ ਸ਼ਿਕਾਰ ਲੋਕਾਂ ਨਾਲ ਹਮਦਰਦੀ ਵਾਲਾ ਵਤੀਰਾ ਅਪਣਾਇਆ ਜਾਵੇਗਾ ਅਤੇ ਉਨ੍ਹਾਂ ਤੇ ਪੁਲਿਸ ਕਾਰਵਾਈ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲਿਸ, ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਾ ਛੱਡ ਚੁੱਕੇ ਲੋਕਾਂ ਦੇ ਪੁਨਰਵਾਸ ਲਈ ਵੀ ਹਰ ਉਪਰਾਲਾ ਕਰੇਗੀ।ਇਸ ਮੌਕੇ ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਛੱਡੋ-ਨਸੇ ਛੁਡਾਊ ਦਾ ਸੰਦੇਸ਼ ਘਰ ਘਰ ਪਹੁੰਚਾਉਣ ਲਈ ਪੈਂਫਲੈਟ ਵੀ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਨੈਸ਼ਨਲ ਯੂਥ ਕਲੱਬ ਵੱਲੋਂ ਸਮਾਗਮ ਵਿਚ ਪਹੁੰਚੇ ਲੋਕਾਂ ਨੂੰ ਵਾਤਾਵਰਨ ਦੀ ਸੁੱਧਤਾ ਲਈ ਬੂਟੇ ਵੀ ਵੰਡੇ ਗਏ।ਹਾਜ਼ਰ ਲੋਕਾਂ ਨੂੰ ਨਸ਼ਿਆਂ ਦਾ ਸੇਵਨ ਨਾਲ ਕਰਨ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ ਦੀ ਸਹੁੰ ਚੁਕਵਾਈ ਗਈ।ਇਸ ਮੌਕੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜਪੁਰ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਇਕ ਸਕਿੱਟ ਪੇਸ਼ ਕੀਤੀ ਗਈ।ਸਮਾਜ ਸੇਵੀ ਦਵਿੰਦਰ ਸਿੰਘ ਪੰਜਾਬ ਮੋਟਰਜ਼, ਮਨਪ੍ਰੀਤ ਲੂੰਬਾ ਆਰਟ ਆਫ ਲਿਵਿੰਗ, ਡਾ ਰਾਜੀਵ ਭੰਡਾਰੀ ਆਦਿ ਨੇ ਵੀ ਸੰਬੋਧਨ ਕੀਤਾ।ਮੰਚ ਦੇ ਸੰਚਾਲਨ ਦੀ ਭੂਮਿਕਾ ਜ਼ਿਲ੍ਹਾ ਗਾਈਡੈਂਸ ਅਤੇ ਕੌਸਲਰ ਸ੍ਰੀ ਜਸਬੀਰ ਜੱਸੀ ਵਲੋਂ ਬਾਖੂਬੀ ਹੀ ਨਿਭਾਈ ਗਈ।
ਇਸ ਮੌਕੇ ਏ ਡੀ ਸੀ (ਜ) ਸ ਗੁਰਜੀਤ ਸਿੰਘ, ਪਿੰ੍ਰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਡਾ ਦੀਪਕ ਜੌਹਨ ਭੱਟੀ, ਰਜਿਸਟਰਾਰ ਐਚ ਓ ਡੀ ਸਾਈਕੈਟਰੀ ਡਾ ਅਰਵਿੰਦ ਸ਼ਰਮਾ, ਸੀ ਐਮ ਓ ਡਾ ਅਮਰੀਕ ਸਿੰਘ, ਐਸ ਐਮ ਓ ਡਾ ਚੰਦਰ ਸ਼ੇਖਰ, ਐਸ ਪੀ ਸੇਵਾ ਸਿੱਘ ਮੱਲੀ, ਐਸ ਪੀ ਸ੍ਰੀਮਤੀ ਗੁਰਮੀਤ ਕੌਰ, ਡੀ ਐਸ ਪੀ ਯਾਦਵਿੰਦਰ ਸਿੰਘ ਬਾਜਵਾ, ਡੀ ਐਸ ਪੀ ਅਵਤਾਰ ਚੰਦ, ਡਾ ਮਨਜੀਤ ਸਿੰਘ,ਡਾ ਰਣਜੀਤ ਕੌਰ, ਲੈਕਚਰਾਰ ਮਨਿੰਦਰ ਕੌਰ ਸਿੱਖਿਆ ਵਿਭਾਗ, ਡਾ ਪ੍ਰਭਦੀਪ ਚਾਵਲਾ, ਸਮਾਜਸੇਵੀ ਰਾਜਿੰਦਰ ਦਾਸ ਰਿੰਕੂ, ਪ੍ਰਵੀਨ ਕਾਲਾ, ਦਵਿੰਦਰ ਕੁਮਾਰ ਨੀਟੂ ਆਦਿ ਹਾਜ਼ਰ ਸਨ।