ਨਵਾਂ ਸ਼ਹਿਰ, 26 ਜੂਨ, 2019: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਕੌਮਾਂਤਰੀ ਨਸ਼ਾ ਵਿਰੋਧੀ ਤੇ ਨਜਾਇਜ਼ ਤਸਕਰੀ ਵਿਰੋਧੀ ਦਿਵਸ ਮੌਕੇ ਸਥਾਨਕ ਵਾਲਮੀਕ ਮੁਹੱਲਾ ਦੇ ਕਮਿਊਨਿਟੀ ਸੈਂਟਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ’ਤੇ ਜਿੱਤ ਲੋਕਾਂ ਦੇ ਸਹਿਯੋਗ ਅਤੇ ਨਸ਼ਾ ਛੱਡਣ ਦੀ ਦਿੜ ਇੱਛਾ ਸ਼ਕਤੀ ਨਾਲ ਹੀ ਪਾਈ ਜਾ ਸਕਦੀ ਹੈ। ਇਸ ਮੌਕੇ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਅਤੇ ਐਸ ਡੀ ਐਮ ਡਾ. ਵਿਨੀਤ ਕੁਮਾਰ ਵੀ ਮੌਜੂਦ ਸਨ।
ਉਨ੍ਹਾਂ ਨੇ ਸਮਾਗਮ ਦੌਰਾਨ ਨਸ਼ੇ ਛੱਡ ਕੇ ਸਮਾਜ ਦੀ ਮੁੱਖ ਧਾਰਾ ’ਚ ਆਏ ਹਰਪ੍ਰੀਤ ਸਿੰਘ ਤੇ ਦਲਜੀਤ ਸਿੰਘ ਦੀ ਉਦਾਹਰਣ ਦਿੰਦਿਆਂ ਆਖਿਆ ਕਿ ਦੋਵਾਂ ਵੱਲੋਂ ਆਪਣੇ ਨਸ਼ਿਆਂ ’ਚ ਗਲਤਾਨ ਹੋਣ ’ਤੇ ਉਸ ਤੋਂ ਬਾਅਦ ਨਸ਼ਿਆਂ ਤੋਂ ਮੁਕਤ ਹੋਣ ਦੇ ਸਾਂਝੇ ਕੀਤੇ ਤਜਰਬੇ ਤੋਂ ਸਪੱਸ਼ਟ ਹੈ ਕਿ ਕੋਈ ਵੀ ਕੰਮ ਪਰਿਵਾਰ ਦੇ ਸਹਿਯੋਗ ਅਤੇ ਆਪਣੀ ਦਿ੍ਰੜ ਇੱਛਾ ਸ਼ਕਤੀ ਦੇ ਸਿਰ ’ਤੇ ਹੀ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਜ਼ੀਰੋ ਸਹਿਣ ਸ਼ਕਤੀ ਅਪਣਾਈ ਜਾ ਰਹੀ ਅਤੇ ਪੰਜਾਬ ਦੀ ਧਰਤੀ ਅਤੇ ਪੰਜਾਬ ਦੀ ਜੁਆਨੀ ਨੂੰ ਨਸ਼ਾ ਮੁਕਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਆਰੰਭੇ ਗਏ ਹਨ, ਜਿਨ੍ਹਾਂ ਨੂੰ ਸਫ਼ਲਤਾ ਵੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜ ’ਚ 178 ਓਟ ਸੈਂਟਰ ਕੰਮ ਕਰ ਰਹੇ ਹਨ, ਜਿਨ੍ਹਾਂ ’ਚੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ 7 ਕੇਂਦਰ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ, ਬੰਗਾ, ਮੁਕੰਦਪੁਰ, ਰਾਹੋਂ, ਕਾਠਗੜ੍ਹ, ਸੜੋਆ ਅਤੇ ਬਲਾਚੌਰ ਵਿਖੇ ਸਥਾਪਿਤ ਇਨ੍ਹਾਂ ਓਟ ਸੈਂਟਰਾਂ ’ਤੇ 1600 ਤੋਂ ਵਧੇਰੇ ਨਸ਼ਾ ਪੀੜਤ ਰਜਿਸਟ੍ਰਡ ਹਨ, ਜਿਨ੍ਹਾਂ ਨੂੰ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਨੌਜੁਆਨ ਓਟ ਸੈਂਟਰਾਂ ਰਾਹੀਂ ਨਸ਼ਾ ਛੱਡ ਕੇ ਆਪਣੀ ਵਧੀਆ ਜ਼ਿੰਦਗੀ ਜੀਅ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿੰਮੇਂਵਾਰ ਨਾਗਰਿਕ ਹੋਣ ਦੇ ਨਾਂ ’ਤੇ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਜ਼ਿਲ੍ਹੇ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਈਏ ਅਤੇ ਨਸ਼ਿਆਂ ਦੇ ਤਸਕਰਾਂ ਦੀ ਸੂਚਨਾ ਪੁਲਿਸ ਤੱਕ ਪਹੁੰਚਾਉਣ ਦੇ ਨਾਲ-ਨਾਲ, ਨਸ਼ਾ ਪੀੜਤਾਂ ਨੂੰ ਇਲਾਜ ਮੁਹੱਈਆ ਕਰਵਾਉਣ ਲਈ ਇਨ੍ਹਾਂ ਓਟ ਸੈਂਟਰਾਂ ਤੱਕ ਲਿਆਈਏ।
ਇਸ ਤੋਂ ਪਹਿਲਾਂ ਨਸ਼ੇ ਨੂੰ ਅਲਵਿਦਾ ਆਖ ਚੁੱਕੇ ਹਰਪ੍ਰੀਤ ਸਿੰਘ ਤੇ ਦਲਜੀਤ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ, ਨਸ਼ਿਆਂ ’ਤੇ ਕਾਬੂ ਪਾਉਣ ਲਈ ਦਿੜ੍ਹ ਇੱਛਾ ਸ਼ਕਤੀ ਅਤੇ ਪਰਿਵਾਰ ਦੇ ਸਹਿਯੋਗ ਨੂੰ ਜ਼ਰੂਰੀ ਦੱਸਿਆ।
ਨਸ਼ਿਆਂ ਖ਼ਿਲਾਫ਼ ਕੰਮ ਕਰ ਰਹੀ ਐਨ ਜੀ ਓ ‘ਕਿੱਕਡਰੱਗਜ਼’ ਦੇ ਨੁਮਾਇੰਦਿਆਂ ਨੇ ਇਸ ਮੌਕੇ ਦੱਸਿਆ ਕਿ ਨਸ਼ਿਆਂ ਤੋਂ ਬਚਾਅ ਲਈ ਸਕੂਲ ਪੜ੍ਹਦੇ ਵਿਦਿਆਰਥੀਆਂ ’ਚ ਜਾਗਰੂਕਤਾ ਲਾਜ਼ਮੀ ਹੈ, ਜਿਸ ਲਈ ਉਨ੍ਹਾਂ ਦੀ ਐਨ ਜੀ ਓ ਕੰਮ ਕਰ ਰਹੀ ਹੈ। ਇਸ ਮੌਕੇ ਐਨ ਜੀ ਓ ਵੱਲੋਂ ਸੰਖੇਪ ਜਾਗਰੂਕਤਾ ਫ਼ਿਲਮ ਵੀ ਦਿਖਾਈ ਗਈ।
ਸਰਕਾਰੀ ਸਕੂਲ ਉੜਾਪੜ ਦੀ ਵਿਦਿਆਰਥਣ ਪਰਮਜੀਤ ਕੌਰ, ਸਰਕਾਰੀ ਸਕੂਲ ਨਵਾਂਸ਼ਹਿਰ ਦੀ ਵਿਦਿਆਰਥਣ ਜਸਪ੍ਰੀਤ ਕੌਰ ਅਤੇ ਸਰਕਾਰੀ ਸਕੂਲ ਨੌਰਾ ਦੀ ਵਿਦਿਆਰਥਣ ਕਮਲਪ੍ਰੀਤ ਕੌਰ, ਬੀ ਈ ਈ ਤਰਸੇਮ ਸਿੰਘ, ਨਗਰ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਅਤੇ ਐਨ ਜੀ ਓ ਕਿੱਕ ਡਰੱਗਜ਼ ਦੇ ਸ੍ਰੀ ਰਮੇਸ਼ ਨੇ ਵੀ ਇਸ ਮੌਕੇ ਆਪਣੇ ਵਿਚਾਰ ਰੱਖੇ।
ਡਿਪਟੀ ਕਮਿਸ਼ਨਰ ਵੱਲੋਂ ਇਸ ਮੌਕੇ ਸਮੂਹ ਹਾਜ਼ਰੀਨ ਨੂੰ ਨਸ਼ਿਆਂ ਖਿਲਾਫ਼ ਡਟਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਵਾਈ ਗਈ।
ਇਸ ਮੌਕੇ ਡੀ ਐਸ ਪੀ ਜਤਿੰਦਰ ਸਿੰਘ, ਡੀ ਈ ਓ (ਸੈਕੰਡਰੀ) ਹਰਚਰਨ ਸਿੰਘ, ਤਹਿਸੀਲਦਾਰ ਅਰਵਿੰਦ ਪ੍ਰਕਾਸ਼ ਵਰਮਾ, ਨਾਇਬ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸੁਰਿੰਦਰ ਪਾਲ ਅਗਨੀਹੋਤਰੀ, ਕੌਂਸਲਰ ਵਿਨੋਦ ਪਿੰਕਾ, ਕੁਲਵੰਤ ਕੌਰ, ਮਹਿੰਦਰ ਸਿੰਘ ਡੀ ਐਸ ਪੀ, ਮੱਖਣ ਸਿੰਘ ਗਰੇਵਾਲ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਚੋਪੜਾ ਵੀ ਮੌਜੂਦ ਸਨ। ਮੰਚ ਸੰਚਾਲਨ ਅਧਿਆਪਕ ਬਖਸ਼ੀਸ਼ ਸਿੰਘ ਸੈਂਬੀ ਨੇ ਕੀਤਾ।