ਲੋਕੇਸ਼ ਰਿਸ਼ੀ
ਗੁਰਦਾਸਪੁਰ, 26 ਮਾਰਚ 2019: ਸੂਬੇ ਅੰਦਰ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਭਾਵੇਂ ਸਮੇਂ ਦੀਆਂ ਸਰਕਾਰਾਂ ਲੱਖ ਦਾਅਵੇ ਅਤੇ ਵਾਅਦੇ ਕਰਦੀਆਂ ਹੋਣ, ਪਰ ਵਾਧੇ ਹਕੀਕਤ ਵਿੱਚ ਹੁਣ ਤੱਕ ਕੋਈ ਵੀ ਵਾਅਦਾ ਵਫ਼ਾ ਹੁੰਦਾ ਨਜ਼ਰ ਨਹੀਂ ਆ ਰਿਹਾ। ਨਤੀਜੇ ਵਜੋਂ ਇਸ ਵੇਲੇ ਵੀ ਪੰਜਾਬ 'ਚ ਨਸ਼ਾ ਉਸੇ ਤਰਾਂ ਹੀ ਵੇਚਿਆ, ਖ਼ਰੀਦਿਆ ਅਤੇ ਵਰਤਿਆ ਜਾ ਰਿਹਾ ਹੈ, ਜਿਸ ਤਰਾਂ ਪਿਛਲੀ ਅਤੇ ਉਸ ਤੋਂ ਪਿਛਲੀ ਸਰਕਾਰ ਦੇ ਰਾਜ ਵਿੱਚ ਸੀ। ਫ਼ਰਕ ਇੰਨਾ ਹੈ ਕਿ ਸਿਰ ਤੋਂ ਪਾਣੀ ਲੰਘਦਾ ਵੇਖ ਸੂਬੇ ਦੇ ਅਮਨ ਪਸੰਦ ਲੋਕਾਂ ਅੰਦਰ ਗ਼ੁੱਸਾ ਭਰ ਚੁੱਕਾ ਹੈ। ਅਤੇ ਲੋਕ ਹੁਣ ਅਧਿਕਾਰੀਆਂ ਦੇ ਮੂੰਹ 'ਤੇ ਹੀ ਸਰਕਾਰ ਅਤੇ ਪ੍ਰਸ਼ਾਸਨ ਦੀ ਪੋਲ ਖੋਲ੍ਹਣਾ ਸ਼ੁਰੂ ਹੋ ਗਏ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਉਸ ਸਮੇਂ ਵੇਖਣ ਨੂੰ ਮਿਲ਼ਿਆਂ, ਜਦੋਂ ਇੱਥੋਂ ਦੇ ਇੱਕ ਪਿੰਡ ਵਿਖੇ ਕੁਝ ਸਰਕਾਰੀ ਅਧਿਕਾਰੀ ਨਸ਼ਾ ਵਿਰੋਧੀ ਸੈਮੀਨਾਰ ਲਾਉਣ ਪਹੁੰਚੇ। ਸਥਾਨਕ ਲੋਕ ਪਹਿਲਾਂ ਤਾਂ ਸੈਮੀਨਾਰ ਵਿੱਚ ਚੁੱਪ ਚਾਪ ਅਧਿਕਾਰੀਆਂ ਦਿਆਂ ਗੱਲਾਂ ਸੁਣਦੇ ਰਹੇ, ਪਰ ਜਿੱਦਾਂ ਹੀ ਅਧਿਕਾਰੀਆਂ ਨੇ ਨਸ਼ੇ ਦੀ ਸਮੱਸਿਆ ਸਬੰਧੀ ਬੋਲਣਾ ਸ਼ੁਰੂ ਕੀਤਾ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ ਦੇ ਮੂੰਹ ਤੇ ਹੀ ਪ੍ਰਸ਼ਾਸਨ ਦੀ ਪੋਲ ਖੋਲ੍ਹਦਿਆਂ ਨਸ਼ਾ ਵਿੱਕਰੀ ਦਾ ਮੁੱਖ ਕਾਰਨ ਸਰਕਾਰ ਅਤੇ ਪੁਲਿਸ ਨੂੰ ਦੱਸਣਾ ਸ਼ੁਰੂ ਕਰ ਦਿੱਤਾ। ਉੱਥੇ ਦੂਜੇ ਪਾਸੇ ਸੈਮੀਨਾਰ ਲਾਉਣ ਪਹੁੰਚੇ ਅਧਿਕਾਰੀ ਲੋਕਾਂ ਦੇ ਸੁਆਲਾਂ ਤੋਂ ਭੱਜਦੇ ਨਜ਼ਰ ਆਏ ਅਤੇ ਇਸ ਸਬੰਧੀ ਪੁੱਛਣ ਤੇ ਰਟਿਆ ਰਟਾਇਆ ਜਵਾਬ ਦੇ ਕੇ ਤੁਰਦੇ ਬਣੇ, ਕਿ ਉਹ ਆਪਣੇ ਉੱਚ ਅਧਿਕਾਰੀਆਂ ਤੱਕ ਪਿੰਡ ਵਾਸੀਆਂ ਦੀ ਸਮੱਸਿਆ ਪਹੁੰਚਾ ਕੇ ਉਸ ਦਾ ਹੱਲ ਕਰਨ ਦੀ ਸਿਫ਼ਾਰਿਸ਼ ਕਰਨਗੇ।
ਪੂਰਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਾਲਾ ਅਫਗਾਨਾ ਦਾ ਹੈ, ਜਿੱਥੇ ਨਸ਼ਾ ਵਿੱਕਰੀ ਕੌਮਾਂਤਰੀ ਦਿਵਸ ਸਬੰਧੀ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਇੱਕ ਨਸ਼ਾ ਵਿਰੋਧੀ ਸੈਮੀਨਾਰ ਕੀਤਾ ਜਾ ਰਿਹਾ ਸੀ। ਸੈਮੀਨਾਰ ਦੌਰਾਨ ਸਥਾਨਕ ਲੋਕਾਂ ਨੇ ਦੱਸਿਆ ਕਿ ਜਿੰਨਾ ਚਿਰ ਪੁਲਿਸ ਇਮਾਨਦਾਰੀ ਨਾਲ ਆਪਣੀ ਡਿਊਟੀ ਨਹੀਂ ਕਰਦੀ। ਓਨਾ ਚਿਰ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨਾ ਨਾ ਮੁਮਕਿਨ ਹੈ। ਪਿੰਡ ਕਾਲਾ ਅਫਗਾਨਾ ਦੇ ਗੁਰਬਿੰਦਰ ਸਿੰਘ ਅਤੇ ਨਵਜੋਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਬਾਕਾਇਦਾ ਪੁਲਿਸ ਚੌਂਕੀ ਹੋਣ ਦੇ ਬਾਵਜੂਦ ਨਸ਼ਾ ਵੇਚਿਆ ਅਤੇ ਖ਼ਰੀਦਿਆ ਜਾ ਰਿਹਾ ਹੈ ਅਤੇ ਇਲਾਕੇ ਦੇ 40 ਤੋਂ 50 ਨੌਜਵਾਨ ਇਸ ਦੀ ਲਪੇਟ ਵਿੱਚ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਉਨ੍ਹਾਂ ਦੇ ਪਿੰਡ ਵਿਖੇ 5 ਤੋਂ 6 ਵੱਖ ਵੱਖ ਨਸ਼ਾ ਵਿਰੋਧੀ ਸੈਮੀਨਾਰ ਲੱਗ ਚੁੱਕੇ ਹਨ, ਜਿਸ ਦਾ ਕੋਈ ਵੀ ਸਕਾਰਾਤਮਿਕ ਸਿੱਟਾ ਨਹੀਂ ਨਿਕਲਿਆ। ਉਨ੍ਹਾਂ ਪੁਲਿਸ ਅਤੇ ਪ੍ਰਸ਼ਾਸਨ ਦੇ ਸਿੱਧੇ ਦੋਸ਼ ਲਾਉਂਦਿਆਂ ਕਿਹਾ ਕਿ ਪਿੰਡ ਵਾਸੀ ਕਈ ਵਾਰ ਨਸ਼ਾ ਵਿੱਕਰੀ ਸਬੰਧੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਚੁੱਕੇ ਹਨ। ਪਰ ਹਰ ਵਾਰ ਪੁਲਿਸ ਨਸ਼ਾ ਵੇਚਣ ਵਾਲਿਆਂ ਨੂੰ ਫੜਨ ਦੀ ਬਜਾਏ ਸ਼ਿਕਾਇਤ ਕਰਨ ਵਾਲਿਆਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਅਜਿਹੇ ਸੈਮੀਨਾਰਾਂ ਤੋਂ ਅੱਕ ਚੁੱਕੇ ਹਨ ਅਤੇ ਹੁਣ ਅਜਿਹੇ ਸੈਮੀਨਾਰਾਂ ਵਿੱਚ ਆਉਣਾ ਵੀ ਜ਼ਰੂਰੀ ਨਹੀਂ ਸਮਝਦੇ। ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਅਸਲੀਅਤ ਵਿੱਚ ਨਸ਼ਾ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਪੁਲਿਸ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨ ਦੀ ਤਾਕੀਦ ਕੀਤੀ ਜਾਵੇ।
ਉੱਥੇ ਦੂਜੇ ਪਾਸੇ ਜਦੋਂ ਸੈਮੀਨਾਰ ਲਾਉਣ ਆਏ ਸੀਡੀਪੀਓ ਰਸ਼ਪਾਲ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ ਇਲਾਕੇ ਵਿੱਚ ਨਸ਼ੇ ਦੀ ਸਮੱਸਿਆ ਹੈ। ਪਰ ਇਸ ਤੋਂ ਇਲਾਵਾ ਉਹ ਕੋਈ ਹੋਰ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ ਅਤੇ ਜਾਂਦੇ ਜਾਂਦੇ ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਕੋਲੋਂ ਲਿਖਤੀ ਸ਼ਿਕਾਇਤ ਲੈ ਲਈ ਗਈ ਹੈ। ਜਿਸ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਜਾਵੇਗਾ।