ਨਾਭਾ, 26 ਜੂਨ 2019 - ਬੀਤੇ ਕੁੱਝ ਦਿਨ ਪਹਿਲਾਂ ਬੇਅਦਬੀ ਦੇ ਮਾਮਲੇ 'ਚ ਨਾਭਾ ਜੇਲ੍ਹ 'ਚ ਬੰਦ ਮਹਿੰਦਰ ਪਾਲ ਬਿੱਟੂ ਦਾ ਨਾਭਾ ਜੇਲ੍ਹ ਦੇ ਦੋ ਕਥਿਤ ਕੈਦੀਆਂ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਵੱਲੋਂ ਲੋਹੇ ਦੀਆਂ ਰਾਡਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿੱਟ (ਐੱਸ ਆਈ ਟੀ) ਦਾ ਗਠਨ ਕੀਤਾ ਗਿਆ ਅਤੇ ਜਾਂਚ ਕਰ ਰਹੀ ਸਿੱਟ ਪੁਲਿਸ ਦਾ ਕਹਿਣਾ ਹੈ ਕਿ ਨਾਭਾ ਦੀ ਅਤਿ ਸੁਰੱਖਿਆ ਵਾਲੀ ਜੇਲ੍ਹ ਦੇ ਹੋਰ ਵੀ ਕਈ ਕੈਦੀ ਵੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਬਿੱਟੂ ਤੇ ਹੋਰਨਾਂ ਮੁਲਜ਼ਮਾਂ ਦੇ ਕਤਲ ਦੀ ਯੋਜਨਾ ਉਲੀਕੀ ਬੈਠੇ ਸਨ।
ਤੁਹਾਨੂੰ ਦੱਸ ਦੇਈਏ ਕਿ ਨਿਹਾਲਾ ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਵਸਨੀਕ ਜਸਪ੍ਰੀਤ ਸਿੰਘ ਨਿਹਾਲਾ ਨੇ ਸਾਲ 2016 ਦੌਰਾਨ ਬੇਅਦਬੀ ਕਾਂਡ ਦੀ ਇੱਕ ਹੋਰ ਮੁਲਜ਼ਮ ਬਲਵਿੰਦਰ ਕੌਰ ਦਾ ਲੁਧਿਆਣਾ ਵਿਖੇ ਕਤਲ ਕੀਤਾ ਸੀ ਤੇ ਜਿਸ ਲਈ ਖ਼ਾਸ ਤੌਰ ’ਤੇ ਲੁਧਿਆਣਾ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਹੁਣ ਲੁਧਿਆਣਾ ਦੀ ਜੇਲ੍ਹ ਤੋਂ ਨਾਭਾ ਦੀ ਜੇਲ੍ਹ ਵਿੱਚ ਆਪਣਾ ਤਬਾਦਲਾ ਕਰਵਾਇਆ ਸੀ। ਨਿਹਾਲਾ ਤਾਂ ਬਿੱਟੂ ਦੇ ਦੋਵੇਂ ਕਥਿਤ ਕਾਤਲਾਂ ਦੇ ਵੀ ਸੰਪਰਕ ਵਿੱਚ ਸੀ ਤੇ ਇਨ੍ਹਾਂ ਤਿੰਨਾਂ ਨੇ ਆਪਣੀ ਇਹ ਯੋਜਨਾ ਇੱਕ–ਦੂਜੇ ਨਾਲ ਸਾਂਝੀ ਵੀ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਪੁਲਿਸ ਡੇਰਾ ਪ੍ਰੇਮੀ ਮਹਿੰਦਰ ਬਿੱਟੂ ਦੇ ਮਾਮਲੇ 'ਚ ਕਰੀਬ ਪੰਜ ਜਾਣਿਆ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਮਾਮਲੇ ਨਾਲ ਸਬੰਧਿਤ ਚਾਰ ਜਾਣੇ ਤਾਂ ਪਹਿਲਾਂ ਹੀ ਜੇਲ੍ਹ ਦੇ ਕੈਦੀ ਸਨ ਜਦੋਂ ਕਿ ਇੱਕ ਬਾਹਰਲੇ ਨੌਜਵਾਨ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਦਾ ਅਦਾਲਤ ਨੇ ਪਹਿਲਾਂ ਚਾਰ ਦਿਨ ਦਾ ਰਿਮਾਂਡ ਦਿੱਤਾ ਸੀ। ਹੁਣ ਦੁਬਾਰਾ ਇਹਨਾਂ ਮੁਲਜ਼ਮਾਂ ਨੂੰ ਕੱਲ੍ਹ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਵੱਲੋਂ ਪੁੱਛਗਿੱਛ ਲਈ ਹੋਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਤੁਹਾਨੂੰ ਇੱਥੇ ਇੱਕ ਗੱਲ ਜਰੂਰ ਦੱਸਣੀ ਚਾਹਾਂਗੇ ਕਿ ਮੁੱਖ ਮੁਲਜ਼ਮ ਗੁਰਸੇਵਕ ਮਾਰਚ ਮਹੀਨੇ 'ਚ 56 ਦਿਨਾਂ ਦੀ ਪੈਰੋਲ 'ਤੇ ਗਿਆ ਸੀ ਅਤੇ ਮਈ 'ਚ ਹੀ ਵਾਪਿਸ ਆਇਆ ਸੀ। ਮਾਮਲੇ ਦੀ ਜਾਂਚ ਕਰ ਰਹੀ ਸਿੱਟ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸਾਈਦ ਇਸ ਦੌਰਾਨ ਗੁਰਸੇਵਕ ਸਿੰਘ ਇਸ ਦੌਰਾਨ ਕਿਸੇ ਦੇ ਸੰਪਰਕ ਵਿੱਚ ਆਇਆ ਹੋਵੇ। ਪਰ ਅਜੇ ਤੱਕ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ।
ਐੱਸਆਈਟੀ ਨਾਲ ਸਬੰਧਿਤ ਇੱਕ ਅਫ਼ਸਰ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਉਮੀਦ ਹੈ ਕਿ ਇੱਕ ਜਾਂ ਦੋ ਦਿਨਾਂ 'ਚ ਇਸ ਮਾਮਲੇ ਦੀ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।