ਮਸੂਰੀ, 27 ਜੂਨ 2019 - ਸੈਲਾਨੀਆਂ ਲਈ ਖਿੱਚ ਦਾ ਕੇਂਦਰ ਮਸੂਰੀ ਦੇ ਅੰਦਰ ਤੇ ਆਲੇ ਦੁਆਲੇ ਇੰਨ੍ਹੀ ਦਿਨੀਂ 1500 ਫੁੱਟ ਲੰਬੀ ਤੇ 12 ਫੁੱਟ ਉਚਾਈ ਵਾਲੀ ਕੰਧ ਬਣਾਈ ਜਾ ਰਹੀ ਹੈ। ਇਹ ਕੰਧ ਕੋਈ ਆਮ ਕੰਧ ਨਹੀਂ ਹੈ, ਸਗੋਂ 15 ਹਜ਼ਾਰ ਵੇਸਟ ਪਲਾਸਟਿਕ ਦੀਆਂ ਬੋਤਲਾਂ ਤੋਂ ਬਣਾਈ ਗਈ ਹੈ। ਇਸ ਕੰਧ ਨੂੰ 'ਵਾਲ ਆਫ ਹੋਪ' ਦਾ ਨਾਮ ਦਿੱਤਾ ਗਿਆ ਹੈ।
'ਦ ਕੁਇੰਟ' ਦੀ ਖ਼ਬਰ ਮੁਤਾਬਕ ਇਸ ਕੰਧ ਨੂੰ ਗੋਆ ਮਿਊਜ਼ੀਅਮ ਦੇ ਸੰਸਥਾਪਕ ਸੁਬੋਧ ਕੇਰਾਕਰ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ। ਇਸ ਪੂਰੇ ਪ੍ਰਾਜੈਕਟ ਨੂੰ ਇੱਕ ਹਿਲਦਾਰੀ ਪ੍ਰਾਜੈਕਟ ਨਾਮੀ ਐਨ.ਜੀ.ੳ ਵੱਲੋਂ ਬਣਾਇਆ ਜਾ ਗਿਆ ਹੈ। ਇਸ ਕੰਧ ਨੂੰ ਮਸੂਰੀ ਦੇ ਸਥਾਨਕ ਲੋਕਾਂ ਦੀ ਮਦਦ ਨਾਲ ਅਤੇ ਸਕੂਲ ਕਾਲਜ ਦੇ ਬੱਚਿਆਂ ਦੀ ਮਦਦ ਨਾਲ ਨੇਪਰੇ ਚਾੜ੍ਹਿਆ ਗਿਆ ਹੈ।
ਪਲਾਸਟਿਕ ਵੇਸਟ ਮੈਨੇਜਮੈਂਟ ਅਤੇ ਵਾਤਾਵਰਨ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਉਦੇਸ਼ ਨਾਲ ਚੱਲੀ ਇਹ ਐਨ.ਜੀ.ੳ ਮਸੂਰੀ 'ਚ ਆਉਣ ਵਾਲੇ ਸੈਲਾਨੀਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰ ਰਹੀ ਹੈ। ਇਹ ਕੰਧ ਅਲੱਗ ਅਲੱਗ ਰੰਗਾਂ ਦੀਆਂ ਬੋਤਲਾਂ ਨਾਲ ਬਣਾਈ ਗਈ ਹੈ। ਭਾਵੇਂ ਇਹ ਕੰਧ ਵੇਸਟ ਪਲਾਸਟਿਕ ਨਾਲ ਬਣਾਈ ਗਈ ਹੈ ਪਰ ਇਸ ਕੰਧ ਵਾਕਿਆ ਹੀ ਬੜੀ ਖੂਬਸੂਰਤ ਹੈ।