ਪਟਿਆਲਾ, 4 ਜੁਲਾਈ 2019 - 19 ਅਗਸਤ ਤੋਂ 31 ਅਗਸਤ ਤੱਕ ਫ਼ੌਜ ਦੇ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ ਭਾਰਤੀ ਫ਼ੌਜ 'ਚ ਵੱਖ-ਵੱਖ ਵਰਗਾਂ ਦੀ ਭਰਤੀ ਲਈ ਇੱਕ ਭਰਤੀ ਰੈਲੀ ਕਰਵਾਈ ਜਾ ਰਹੀ ਹੈ, ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਨੂੰ ਭਰਤੀ ਰੈਲੀ ਦੀਆਂ ਤਿਆਰੀਆਂ ਸਬੰਧੀ ਹਦਾਇਤਾ ਜਾਰੀ ਕੀਤੀਆਂ ਗਈਆਂ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਜਨਰਲ) ਸ੍ਰੀਮਤੀ ਇਸਮਿਤ ਵਿਜੈ ਸਿੰਘ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਭਰਤੀ ਹੋਣ ਆਏ ਨੌਜਵਾਨਾਂ ਲਈ ਪੁਖਤਾ ਪ੍ਰਬੰਧ ਕਰਨ ਅਤੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਸਹਾਇਕ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਭਰਤੀ ਸਮੇਂ ਟ੍ਰੈਫਿਕ ਅਤੇ ਪਾਰਕਿੰਗ ਦੇ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕਰਦਿਆ ਕਿਹਾ ਕਿ ਪਟਿਆਲਾ ਸੰਗਰੂਰ ਰੋਡ 'ਤੇ ਟ੍ਰੈਫਿਕ ਨੂੰ ਨਿਰਵਿੰਘਨ ਚਲਾਉਣ ਲਈ ਭਰਤੀ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ।
ਇਸ ਮੌਕੇ ਆਰਮੀ ਭਰਤੀ ਡਾਇਰਕੈਟਰ ਕਰਨਲ ਆਰ.ਆਰ. ਚੰਦੇਲ ਨੇ ਕਿਹਾ ਕਿ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਦੀ ਇਸ ਭਰਤੀ ਰੈਲੀ ਵਿੱਚ ਵੱਡੀ ਗਿਣਤੀ ਨੌਜਵਾਨ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਭਰਤੀ 'ਚ ਹਿੱਸਾ ਲੈਣ ਦੇ ਚਾਹਵਾਨ ਨੌਜਵਾਨਾਂ ਲਈ ਆਨ ਲਾਇਨ ਰਜਿਸਟ੍ਰੇਸ਼ਨ ਵੈਬਸਾਇਟ www.joinindianarmy.nic.in 'ਤੇ 20 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਜੋ 3 ਅਗਸਤ 2019 ਤੱਕ ਜਾਰੀ ਰਹੇਗੀ।
ਕਰਨਲ ਆਰ.ਆਰ. ਚੰਦੇਲ ਨੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਟਾਊਟਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆ ਕਿਹਾ ਕਿ ਆਰਮੀ 'ਚ ਭਰਤੀ ਬਿਲਕੁਲ ਮੁਫ਼ਤ ਅਤੇ ਕੇਵਲ ਮੈਰਿਟ 'ਤੇ ਪਾਰਦਰਸ਼ੀ ਢੰਗ ਨਾਲ ਕੀਤੀ ਹੀ ਜਾਂਦੀ ਹੈ, ਇਸ ਲਈ ਉਮੀਦਵਾਰ ਫ਼ੌਜ 'ਚ ਭਰਤੀ ਹੋਣ ਲਈ ਕਿਸੇ ਨੂੰ ਵੀ ਕਿਸੇ ਕਿਸਮ ਦੀ ਰਿਸ਼ਵਤ ਆਦਿ ਨਾ ਦੇਣ ਅਤੇ ਟਾਊਟਾਂ ਤੋਂ ਸਾਵਧਾਨ ਰਹਿਣ।ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਰਿਸ਼ਵਤ ਦੀ ਮੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ।
ਭਰਤੀ ਡਾਇਰੈਕਟਰ ਨੇ ਦੱਸਿਆ ਕਿ ਪਟਿਆਲਾ-ਸੰਗਰੂਰ ਰੋਡ 'ਤੇ ਸਥਿਤ ਫ਼ਲਾਇੰਗ ਕਲੱਬ ਪਟਿਆਲਾ ਦੇ ਸਾਹਮਣੇ ਪਟਿਆਲਾ ਮਿਲਟਰੀ ਸਟੇਸ਼ਨ ਦੇ ਖੁੱਲ੍ਹੇ ਮੈਦਾਨ ਵਿਖੇ ਹੋਣ ਵਾਲੀ ਇਸ ਭਰਤੀ ਰੈਲੀ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ, ਸਿਪਾਹੀ ਤਕਨੀਕੀ (ਏ.ਐਮ.ਸੀ.), ਸਿਪਾਹੀ ਕਲਰਕ, ਸਟੋਰ ਕੀਪਰ ਟੈਕਨੀਕਲ ਅਤੇ ਸਿਪਾਹੀ ਇਨਵੈਨਟਰੀ ਮਨੈਜੇਮੈਂਟ ਦੀ ਭਰਤੀ ਕੀਤੀ ਜਾਵੇਗੀ।
ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਲਈ ਉਮਰ (ਜਨਮ 1 ਅਕੂਤਬਰ 1998 ਤੋਂ 1 ਅਪ੍ਰੈਲ 2002) ਸਾਢੇ 17 ਤੋਂ 21 ਸਾਲ ਕੱਦ 170 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਦਸਵੀਂ 45 ਫ਼ੀਸਦੀ ਅੰਕਾਂ ਨਾਲ ਦਸਵੀ ਪਾਸ ਕੀਤੀ ਹੋਵੇ। ਸਿਪਾਹੀ ਤਕਨੀਕੀ ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 170 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਬਾਰਵੀਂ ਸਾਇੰਸ ਵਿਸ਼ਿਆਂ ਫ਼ਿਜਿਕਸ, ਕੈਮਿਸਟਰੀ, ਮੈਥ ਤੇ ਅੰਗਰੇਜੀ 50 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ।
ਸਿਪਾਹੀ ਤਕਨੀਕੀ (ਏ.ਐਮ.ਸੀ.) ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 170 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਬਾਰਵੀਂ ਸਾਇੰਸ ਵਿਸ਼ਿਆਂ ਫ਼ਿਜਿਕਸ, ਕੈਮਿਸਟਰੀ, ਬਾਇਲੋਜੀ ਤੇ ਅੰਗਰੇਜੀ 50 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ। ਸਿਪਾਹੀ ਕਲਰਕ, ਸਟੋਰ ਕੀਪਰ ਟੈਕਨੀਕਲ (ਐਸ.ਕੇ.ਟੀ.) ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 162 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਬਾਰਵੀਂ ਆਰਟਸ, ਕਾਮਰਸ ਜਾਂ ਸਾਇੰਸ ਵਿਸ਼ਿਆਂ 'ਚ 60 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ।
ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਸਮੇਤ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਲਈ ਨਿਯਮਾਂ ਮੁਤਾਬਕ ਕੱਦ, ਭਾਰ ਤੇ ਛਾਤੀ 'ਚ ਛੋਟ ਹੋਵੇਗੀ ਜਦੋਂਕਿ ਰੈਲੀ ਦੀ ਜਗ੍ਹਾ 'ਤੇ ਫ਼ਿਜੀਕਲ ਫਿਟਨੈਸ ਦਿਖਾਉਂਦਿਆਂ 1.6 ਕਿਲੋਮੀਟਰ ਦੌੜ, ਪੁਲਅੱਪਸ, 9 ਫੁੱਟ ਖੱਡਾ, ਜਿਗਜੈਗ ਬੈਲੈਂਸ ਆਦਿ ਟੈਸਟ ਪਾਸ ਕਰਨ ਵਾਲਿਆਂ ਦਾ ਮੈਡੀਕਲ ਹੋਵੇਗਾ ਅਤੇ ਬਾਅਦ 'ਚ ਲਿਖਤੀ ਟੈਸਟ (ਸੀਈਈ) ਵੀ ਪਾਸ ਕਰਨਾ ਪਵੇਗਾ। ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਉਮੀਦਵਾਰ ਕਿਸੇ ਕਿਸਮ ਦਾ ਨਸ਼ਾ ਨਾ ਵਰਤਦਾ ਹੋਵੇ ਅਤੇ ਉਸਦੇ ਸਰੀਰ ਉਪਰ ਕਿਸੇ ਕਿਸਮ ਦਾ ਟੈਟੂ ਵੀ ਨਹੀਂ ਛਪਿਆ ਹੋਣਾਂ ਚਾਹੀਦਾ।
ਕਰਨਲ ਚੰਦੇਲ ਨੇ ਹੋਰ ਦੱਸਿਆ ਕਿ ਉਮੀਦਵਾਰ ਆਪਣੇ ਦਾਖਲਾ ਪੱਤਰ ਸਮੇਤ ਦਸਤਾਵੇਜਾਂ ਦੀਆਂ ਤਸਦੀਕਸ਼ੁਦਾ ਦੋ-ਦੋ ਕਾਪੀਆਂ ਸਮੇਤ 20 ਫੋਟੋਗ੍ਰਾਫ਼ਸ ਸਮੇਤ ਰਿਹਾਇਸ਼, ਜਾਤੀ, ਧਰਮ, ਆਚਰਣ, ਕੁਆਰਾ, ਸਾਬਕਾ ਸੈਨਿਕਾਂ ਨਾਲ ਸਬੰਧ ਵਾਲੇ ਸਰਟੀਫਿਕੇਟ ਰੈਲੀ ਵਾਲੀ ਥਾਂ 'ਤੇ ਲੈਕੇ ਆਉਣਗੇ। ਭਰਤੀ ਡਾਇਰੈਕਟਰ ਨੇ ਉਮੀਦਵਾਰਾਂ ਨੂੰ ਆਪਣੇ ਖਾਣ-ਪੀਣ ਲਈ ਜਰੂਰੀ ਵਸਤਾਂ ਨਾਲ ਲੈਕੇ ਆਉਣ ਦੀ ਸਲਾਹ ਦਿੱਤੀ ਹੈ ਪਰ ਮੋਬਾਇਲ ਫੋਨ ਨਾਲ ਨਹੀਂ ਲਿਆਂਦਾ ਜਾ ਸਕੇਗਾ।