ਭੁੰਗਾ/ਹੁਸ਼ਿਆਰਪੁਰ: 7 ਜੁਲਾਈ 2019 - ਪੰਜਾਬ ਅਤੇ ਪੰਜਾਬੀ ਸਭਿਆਚਾਰ ਦੇ ਮਹਾਂ-ਨਾਇਕ ਸਵਰਗੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿਚ ਇੱਥੇ ਅੰਬਾਂ ਦੇ ਬਾਂਗਾਂ ਨਾਲ ਭਰਪੂਰ ਕਾਲਾ ਬਾਂਗ਼ ਵਿਚ ਸ਼ਨੀਵਾਰ ਨੂੰ ਲਾਇਆ ਗਿਆ ਆਪਣੀ ਕਿਸਮ ਦਾ ਪਹਿਲਾ ਅਤੇ ਅਨੋਖਾ ਅੰਬ-ਚੂਪ ਮੇਲਾ ਰਵਾਇਤੀ ਪੰਜਾਬੀ ਭਾਈਚਾਰੇ ਅਤੇ ਰੁੱਖ ਸਭਿਆਚਾਰ ਨੂੰ ਮੁੜ-ਸੁਰਜੀਤ ਕਰਨ ਅਤੇ ਉਤਸ਼ਾਹਿਤ ਕਰਨ ਦੇ ਸੁਨੇਹੇ ਨਾਲ ਸਿਰੇ ਚੜ੍ਹਿਆ . ਮੇਲੇ ਵਿਚ ਜਿੱਥੇ ਬਾਲਟੀਆਂ ਅਤੇ ਟੱਬਾਂ ਵਿਚ ਪਾਈਆਂ ਦੇਸੀ ਅੰਬੀਆਂ ਨੂੰ ਮਿਲ ਬੈਠ ਚੂਪ ਕੇ , ਪੁਰਾਣੀਆਂ ਟੱਬਰ -ਰਵਾਇਤਾਂ ਦੀ ਯਾਦ ਕੀਤੀ ਗਈ , ਲੋਕ-ਗੀਤ-ਸੰਗੀਤ ਸਾਂਝਾ ਕੀਤਾ ਗਿਆ ਉੱਥੇ ਦੇਸੀ ਰੁੱਖ-ਲਾਊ ਅਤੇ ਰੁੱਖ ਬਚਾਊ ਸਭਿਆਚਾਰ ਦੇ ਡਾ ਰੰਧਾਵਾ ਦੇ ਯੋਗ ਦਾਨ ਤੋਂ ਪ੍ਰੇਰਨਾ ਲੈਣ ਤੇ ਉਨ੍ਹਾਂ ਦੇ ਪੂਰਨਿਆਂ ਤੇ ਚੱਲਣ ਦਾ ਅਹਿਦ ਵੀ ਕੀਤਾ ਗਿਆ ਅਤੇ ਸੱਦਾ ਵੀ ਦਿੱਤਾ ਗਿਆ .
ਇਸ ਨਵੇਕਲੇ ਉੱਦਮ ਲਈ ਸਾਂਝੀ ਪਹਿਲਕਦਮੀ ਕੀਤੀ ਪੰਜਾਬੀ ਲੋਕ ਵਿਰਾਸਤ ਅਕੈਡਮੀ ਤੇ ਵੈੱਬ ਨਿਊਜ਼ ਚੈਨਲ ਬਾਬੂਸ਼ਾਹੀ ਡਾਟ ਕਾਮ ਨੇ
ਇਸ ਉੱਦਮ ਨੂੰ ਸਿਰੇ ਚੜ੍ਹਾਇਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਾਗ਼ਬਾਨੀ ਵਿਗਿਆਨੀਆਂ ਤੇ ਬਾਗ਼ਬਾਨਾਂ ਦੇ ਸਹਿਯੋਗ ਨਾਲ ਡਾ: ਅਵਤਾਰ ਸਿੰਘ ਓਠੀ ਨੇ .
ਇਸ ਅੰਬ-ਰਸ ਮੇਲੇ 'ਚ ਲਿਖਾਰੀਆਂ,ਖਿਡਾਰੀਆਂ,ਗਾਇਕਾਂ, ਵਿਗਿਆਨੀਆਂ ਤੇ ਕਿਸਾਨਾਂ ਨੇ ਭਰਵੀਂ ਹਾਜ਼ਰੀ ਲੁਆਈ।
ਸਵਰਗੀ ਡਾ. ਐਮ.ਐਸ ਰੰਧਾਵਾ
ਮੇਲੇ ਦਾ ਮਨੋਰਥ ਦੱਸਦਿਆਂ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਡਾ: ਰੰਧਾਵਾ ਹਰ ਸਾਲ ਆਪਣੇ ਪਿੰਡ ਬੋਦਲਾਂ(ਗਰਨਾ ਸਾਹਿਬ) ਹੁਸ਼ਿਆਰਪੁਰ ਵਿਖੇ ਇੱਕ ਹਫ਼ਤਾ ਰਹਿ ਕੇ ਆਪਣੇ ਯਾਰ ਬੇਲੀਆਂ ਨਾਲ ਰਲ ਕੇ ਅੰਬ ਚੂਪਣ ਦੀ ਰੀਤ ਨਿਭਾਉਂਦੇ ਸਨ। ਇਸ ਦਾ ਮਨੋਰਥ ਕੁਦਰਤ ਦੇ ਨੇੜੇ ਰਹਿ ਕੇ ਭਾਈਚਾਰਕ ਸ਼ਕਤੀ ਪਰਪੱਕ ਕਰਨਾ ਸੀ। ਇਸ ਹਫ਼ਤੇ ਚ ਸ਼ਾਮਲ ਹੋਣ ਵਾਲੇ ਸਾਰੇ ਸੱਜਣ ਸਨੇਹੀ ਰੁਤਬਿਆਂ ਮਰਾਤਬਿਆਂ ਦੀ ਕਲਗ਼ੀਆਂ, ਜੁਰਾਬਾਂ, ਕਾਲੀਆਂ ਐਨਕਾਂ ਤੇ ਦਸਤਾਨੇ ਉਤਾਰ ਕੇ ਆਉਂਦੇ ਸਨ।
ਇਸ ਗੱਲ ਦੀ ਹੁਣ ਵੀ ਸਖ਼ਤ ਲੋੜ ਹੈ ਕਿ ਭਾਈਚਾਰਕ ਸ਼ਕਤੀ ਨੂੰ ਮੁੜ ਜੋੜਿਆ ਜਾਵੇ ਅਤੇ ਸਮਾਜ ਦੀਆਂ ਹਾਂ-ਪੱਖੀ ਸ਼ਕਤੀਆਂ ਦਾ ਤਾਣਾ-ਪੇਟਾ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਇਹ ਵੀ ਸੰਕੇਤ ਦਿੱਤੇ ਕਿ ਇਸ ਮੇਲੇ ਦੀ ਰਵਾਇਤ ਨੂੰ ਕਾਇਮ ਰੱਖਿਆ ਜਾਵੇਗਾ .
ਇਸ ਸਮਾਗਮ ਚ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ, ਅਰਜੁਨਾ ਐਵਾਰਡ ਜੇਤੂ ਭਾਰਤੀ ਬਾਸਕਟਬਾਲ ਟੀਮ ਦੇ ਸਾਬਕਾ ਕਪਤਾਨ ਸੱਜਣ ਸਿੰਘ ਚੀਮਾ, ਜੀਵਨ ਸਾਥਣ ਸਮੇਤ ਜਨਰਲ ਜਸਬੀਰ ਸਿੰਘ ਢਿੱਲੋਂ, ਹਾਸ਼ਮ ਸ਼ਾਹ ਯਾਦਗਾਰੀ ਮੇਲਾ ਜਗਦੇਵ ਕਲਾਂ (ਅੰਮ੍ਰਿਤਸਰ) ਦੇ ਬਾਨੀ ਕੁਲਦੀਪ ਸਿੰਘ ਧਾਲੀਵਾਲ, ਰੁੜਕੀ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ: ਗੁਰਸ਼ਰਨ ਸਿੰਘ ਰੰਧਾਵਾ, ਪੰਜਾਬੀ ਲੇਖਕ ਜਸਬੀਰ ਸਿੰਘ ਧੀਮਾਨ(ਕੁਵੈਤ) ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਫ਼ੋਟੋ ਕਲਾਕਾਰ ਤੇਜਪ੍ਰਤਾਪ ਸਿੰਘ ਸੰਧੂ, ਸਭਿਆਚਾਰਕ ਸੱਥ ਦੇ ਬਾਨੀ ਚੇਅਰਮੈਨ ਜਸਮੇਰ ਸਿੰਘ ਢੱਟ, ਤਰਨਜੀਤ ਸਿੰਘ ਕਿੰਨੜਾ ਮੁੱਖ ਸੰਪਾਦਕ ਸੰਗੀਤ ਦਰਪਣ ਮਾਸਿਕ ਪੱਤਰ ਫਗਵਾੜਾ, ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਹਰਪ੍ਰੀਤ ਸਿੰਧ ਸੰਧੂ, ਕੁਲਦੀਪ ਸਿੰਘ ਰੇਡੀਉ ਸੁਰ ਸੰਗਮ ਕੈਲਗਰੀ, ਨਵਜੋਤ ਸਿੰਘ ਜਰਗ ਤੇ ਸਾਥੀ ਢਾਡੀ ਰਾਗ ਕਲਾਕਾਰ, ਜਗਦੀਸ਼ ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ (ਲੁਧਿਆਣਾ) ਗ਼ਜ਼ਲ ਗਾਇਕ ਗੁਰਦੀਪ ਸਿੰਘ ਸ਼ੇਰਗੜ੍ਹ(ਹੁਸ਼ਿਆਰਪੁਰ)ਡਾ: ਗੁਰਕੰਵਲ ਸਿੰਘ ਸਹੋਤਾ ਸਾਬਕਾ ਡਾਇਰੈਕਟਰ ਬਾਗ਼ਬਾਨੀ ਪੰਜਾਬ, ਡਾ:,ਚਮਨ ਲਾਲ ਵਸ਼ਿਸ਼ਟ ਡਾਇਰੈਕਟਰ ਫੈਪਰੋ, ਦੀਦਾਰ ਸਿੰਘ ਗੁਰਨਾ ਫ਼ਤਿਹਗੜ੍ਹ ਸਾਹਿਬ, ਗੁਰਜੀਤ ਸਿੰਘ ਧਨੋਆ, ਸਰਬਜੀਤ ਸਿੰਘ ਲੁਬਾਣਾ ਫਗਵਾੜਾ, ਪਰਮਿੰਦਰ ਸਿੰਘ ਬਰਿਆਨਾ, ਸਤੀਸ਼ ਜੌੜਾ ਪ੍ਰਧਾਨ ਪਰੈੱਸ ਕਲੱਬ ਟਾਂਡਾ ਤੇ ਇਲਾਕੇ ਦੇ ਪ੍ਰਮੁੱਖ ਬਾਗ਼ਬਾਨ ਸ਼ਾਮਿਲ ਸਨ।
ਇਸ ਮੌਕੇ ਬੋਲਦਿਆਂ ਬਾਬੂਸ਼ਾਹੀ ਡਾਟ ਕਾਮ ਦੇ ਸੰਪਾਦਕ ਬਲਜੀਤ ਬੱਲੀ ਨੇ ਡਾ: ਰੰਧਾਵਾ ਦੀ ਧੜੱਲੇਦਾਰ ਸ਼ਖ਼ਸੀਅਤ ਨੂੰ ਚੇਤੇ ਕਰਦਿਆਂ 1972 ਚ ਹੋਏ ਮੋਗਾ ਗੋਲੀ ਕਾਂਡ ਦੇ ਵਿਰੋਧ 'ਚ ਪੰਜਾਬ ਚੱਲੇ ਵਿਦਿਆਰਥੀ ਅੰਦੋਲਨ ਦੌਰਾਨ ,ਪੀ ਏ ਯੂ ਦੇ ਸਟੂਡੈਂਟ ਨੇਤਾ ਛੁਡਵਾਉਣ ਪੀ ਏ ਯੂ ਦੀ ਵਾਈਸਚਾਂਸਲਰਸ਼ਿਪ ਤੋਂ ਅਸਤੀਫ਼ਾ ਦੇਣ ਦੀ ਘਟਨਾ ਵੀ ਸੁਣਾਈ।
ਪੰਜਾਬੀ ਪੱਤਰਕਾਰੀ ਨੂੰ ਪੰਜਾਬੀ ਟ੍ਰਿਬਿਊਨ ਵਰਗੇ ਅਖ਼ਬਾਰ ਦਾ ਤੋਹਫ਼ਾ ਵੀ ਉਨ੍ਹਾਂ ਦੀ ਹੀ ਦੇਣ ਸੀ। ਚੰਡੀਗੜ੍ਹ 'ਚ ਪੰਜਾਬ ਕਲਾ ਭਵਨ ਅਤੇ ਰੰਗ-ਬਰੰਗੇ ਰੁੱਖਾਂ ਦਾ ਹਾਰ -ਸ਼ਿੰਗਾਰ ਡਾ ਰੰਧਾਵਾ ਦੀ ਕੁਦਰਤ ਪੱਖੀ ਲੰਮੀ ਸੋਚ ਦਾ ਹੀ ਨਤੀਜਾ ਸੀ .
ਪੰਜਾਬ ਦੇ ਸਰਬਪੱਖੀ ਵਿਕਾਸ ਦੇ ਹਵਾਲੇ ਨਾਲ ਬਲਜੀਤ ਬੱਲੀ ਨੇ ਦੱਸਿਆ ਕਿ ਦੇਸ਼ ਵੰਡ ਵੇਲੇ ਉਹ ਦਿੱਲੀ ਦੇ ਡਿਪਟੀ ਕਮਿਸ਼ਨਰ ਸਨ ਅਤੇ ਮਗਰੋਂ ਡਿਪਟੀ ਡਾਇਰੈਕਟਰ ਜਨਰਲ ਮੁੜ ਵਸੇਬਾ ਬਣੇ। 1947 ਚ ਪਾਕਿਸਤਾਨ ਬਣਨ ਉਪਰੰਤ ਰਾਵੀ ਪਾਰੋਂ ਉੱਜੜ ਕੇ ਆਏ ਲੋਕਾਂ ਨੂੰ ਥਾਂ ਸਿਰ ਵਸਾਉਣਾ ਸੌਖੀ ਗੱਲ ਨਹੀਂ ਸੀ। ਪੰਜਾਬ ਚ ਮੁਰੱਬੇਬੰਦੀ, ਗਾਰਡਨ ਕਾਲੋਨੀਆਂ ਦਾ ਵਿਕਾਸ, ਨਵੀਆਂ ਮੰਡੀ ਟਾਊਨਸ਼ਿਪ, ਸ਼ਿੰਗਾਰ ਰੁੱਖਾਂ ਦੀ ਪੰਜਾਬ ਚ ਆਮਦ, ਪੇਂਡੂ ਖੇਤਰਾਂ ਚ ਸਿੱਖਿਆ ਅਦਾਰੇ ਤੇ ਲਾਇਬਰੇਰੀ ਲਹਿਰ ਉਨ੍ਹਾਂ ਦੀ ਹੀ ਸੋਚ ਸਦਕਾ ਸੀ।
ਸ: ਕੁਲਦੀਪ ਸਿੰਘ ਸੁਰ ਸੰਗਮ ਰੇਡੀਉ ਨੇ ਕਿਹਾ ਕਿ ਬੋਦਲਾਂ ਸਥਿਤ ਡਾ: ਮ ਸ ਰੰਧਾਵਾ ਦਾ ਘਰ ਕੌਮੀ ਯਾਦਗਾਰ ਵਜੋਂ ਸੰਭਾਲਣ ਲਈ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੀਦੀ ਹੈ। ਕੰਢੀ ਦੇ ਬਾਗ਼ਬਾਨੀ ਵਿਕਾਸ ਲਈ ਕੁਦਰਤੀ ਵਹਿਣ ਰੋਕਣੇ ਵੀ ਸੰਕਟ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਸਾਰੀ ਉਮਰ ਸੋਚਣ ਵਾਲਿਆਂ ਲਈ ਸਾਨੂੰ ਸੋਚਣਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਵਿਕਾਸ ਮੁਖੀ ਨਾਇਕ ਸਾਨੂੰ ਰੌਸ਼ਨੀ ਦੇ ਸਕਣ। ਉਨ੍ਹਾਂ ਇਹ ਵੀ ਸੰਕੇਤ ਦਿੱਤੇ ਕਿ ਇਸ ਪਦਮਸ਼੍ਰੀ ਕਰਤਾਰ ਸਿੰਘ ਪਹਿਲਵਾਨ ਨੇ ਕਿਹਾ ਕਿ ਖੇਡ ਦੇ ਮੈਦਾਨ ਚ ਜਦ ਵੀ ਕਦੇ ਮੈਂ ਜ਼ਖ਼ਮੀ ਹੋ ਜਾਂਦਾ ਸੀ ਤਾਂ ਬਾਬਾ ਦੀਪ ਸਿੰਘ ਜੀ ਦੀ ਸੀਸ ਤਲੀ ਤੇ ਧਰਕੇ ਲੜਨ ਦੀ ਕੁਰਬਾਨੀ ਚੇਤੇ ਆਉਣ ਨਾਲ ਮੇਰੀ ਸ਼ਕਤੀ ਵਧ ਜਾਂਦੀ ਸੀ। ਅੱਜ ਸਾਡੇ ਹੀਰੋ ਫ਼ਿਲਮੀ ਹਨ,ਜ਼ਿੰਦਗੀ ਦੀ ਰਣਭੂਮੀ ਚੋਂ ਨਹੀਂ। ਸਾਨੂੰ ਡਾ: ਮ ਸ ਰੰਧਾਵਾ ਵਰਗੇ ਹੀਰੋ ਚੇਤੇ ਕਰਕੇ ਪੰਜਾਬ ਦੇ ਪੇਂਡੂ ਵਿਕਾਸ ਨੂੰ ਮੁੜ ਉਸਾਰਨਾ ਪਵੇਗਾ।
ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਰਹੇ ਸ: ਸੱਜਣ ਸਿੰਘ ਚੀਮਾ ਨੇ ਕਿਹਾ ਕਿ ਮੈਂ ਆਪਣੇ ਜੀਵਨ ਕਾਲ ਚ 42 ਬਾਸਕਟਬਾਲ ਗਰਾਊਂਡ ਤਿਆਰ ਕਰਨ ਚ ਪ੍ਰੇਰਕ ਰਿਹਾ ਹਾਂ ਅਤੇ ਗਰੇਟ ਖਲੀ ਸਿੰਘ, ਅੰਤਰ ਰਾਸ਼ਟਰੀ ਬਾਸਕਟਬਾਲ ਪਰਮਿੰਦਰ ਸਿੰਘ ਭੰਡਾਰ ਸਮੇਤ ਅਨੇਕਾਂ ਖਿਡਾਰੀ ਮੈਦਾਨ ਚ ਉਤਾਰੇ ਹਨ। ਉਨ੍ਹਾਂ ਕਿਹਾ ਕਿ ਆਪਣੇ ਪਿੰਡ ਦਬੂਲੀਆਂ(ਕਪੂਰਥਲਾ) ਚ ਜਿਹੜੀ ਬਾਸਕਟਬਾਲ ਅਕੈਡਮੀ ਉਹ ਚਲਾ ਰਹੇ ਹਨ ਉਸ ਦਾ ਫੋਕਸ ਖੇਡਾਂ ਦੇ ਨਾਲ ਨਾਲ ਮਿਆਰੀ ਸਿੱਖਿਆ ਵੀ ਹੈ।
ਇਹੀ ਡਾ: ਮ ਸ ਰੰਧਾਵਾ ਜੀ ਦਾ ਉਪਦੇਸ਼ ਸੀ।
ਸ: ਨਵਜੋਤ ਸਿੰਘ ਜਰਗ ਤੇ ਗੁਰਦੀਪ ਸਿੰਘ ਗ਼ਜ਼ਲ ਗਾਇਕ ਨੇ ਸੁਰਾਂ ਦੀ ਛਹਿਬਰ ਲਾਈ। ਨਵਕੰਵਰ ਸਿੰਘ ਜਰਗ ਨੇ ਜਿੰਦ ਮਾਹੀ ਗੀਤ ਗਾ ਕੇ ਸਭ ਨੂੰ ਝੂਮਣ ਲਾ ਦਿੱਤਾ। ਢੱਡ ਸਾਰੰਗੀ ਨੇ ਅੰਬਾਂ ਦੇ ਝੁੰਡ ਵਿੱਚ ਮੋਰਾਂ ਨੂੰ ਪੈਲਾਂ ਪਾਉਣ ਲਾ ਦਿੱਤਾ।
ਲੁਧਿਆਣਾ ਤੋਂ ਗਏ ਹਰਪ੍ਰੀਤ ਸਿੰਘ ਐਡਵੋਕੇਟ ਨੇ 21 ਮਹੱਤਵਪੂਰਨ ਸ਼ਖ਼ਸੀਅਤਾਂ ਤੇ ਸੰਸਥਾਵਾਂ ਨੂੰ ਪਿੱਪਲ ਦੇ 21 ਬੂਟੇ ਵੰਡੇ।
ਲੈਫ਼ਟੀਨੈਂਟ ਜਨਰਲ ਜਸਬੀਰ ਸਿੰਘ ਢਿੱਲੋਂ ਨੇ ਭੂਆ ਦੇ ਪਿੰਡ ਚੂਪੇ ਅੰਬਾਂ ਤੋਂ ਲੈ ਕੇ ਕਲਕੱਤੇ ਚ ਜਰਨੈਲੀ ਕਰਦਿਆਂ ਅੰਬਾਂ ਦੀ ਵਾਰਤਾ ਸੁਣਾਈ।
ਡਾ: ਗੁਰਕੰਵਲ ਸਿੰਘ ਸਹੋਤਾ ਨੇ ਡਾ: ਰੰਧਾਵਾ ਵੱਲੋਂ ਇਸ ਇਲਾਕੇ ਚ ਖੁਲ੍ਹਵਾਏ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਹਵਾਲੇ ਨਾਲ ਦੱਸਿਆ ਕਿ ਉਹ ਸਮਦ੍ਰਿ਼ਸ਼ਟੀਵੇਤਾ ਇਨਸਾਨ ਸਨ।
ਕੰਡੀ ਵਿਕਾਸ ਦੇ ਨਾਮ ਤੇ ਬਣੇ ਡੈਮਾਂ ਨਾਲ ਇਸ ਇਲਾਕੇ ਨੂੰ ਦਰਪੇਸ਼ ਸਮੱਸਿਆਵਾਂ ਤੇ ਵੀ ਉਨ੍ਹਾਂ ਚਾਨਣਾ ਪਾਇਆ ਤੇ ਕਿਹਾ ਕਿ ਪਾਣੀ ਪੱਧਰ ਨੀਵਾਂ ਜਾਣ ਨਾਲ ਅੰਬਾਂ ਦੇ ਬਾਗ ਸੁੱਕ ਮੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਵੱਡਾ ਕਾਰਨ ਚੈੱਕ ਡੈਮਾਂ ਨਾਲ ਪਾਣੀ ਦੇ ਵਹਾਅ ਦਾ ਬੰਦ ਹੋਣਾ ਹੈ . ਤੁਰੰਤ ਧਿਆਨ ਲਈ ਡਾ: ਕਾਹਨ ਸਿੰਘ ਪੰਨੂ ਨਾਲ ਮੁਲਾਕਾਤ ਕੀਤੀ ਗਈ ਹੈ ਕਿ ਇਨ੍ਹਾਂ ਡੈਮਾਂ ਤੋਂ ਸਾਲ ਵਿਚ ਕੁਝ ਇੱਕ ਵਾਰ ਪਾਣੀ ਛੱਡਿਆ ਵੀ ਜਾਇਆ ਕਰੇ ਡਾ: ਚਮਨ ਲਾਲ ਵਸ਼ਿਸ਼ਟ ਨੇ ਵੀ ਫੈਪਰੋ ਨਾਲ ਚੰਗੇ ਕਿਸਾਨ ਸਿਖਲਾਈ ਲਈ ਜੋੜਨ ਦੀ ਅਪੀਲ ਕੀਤੀ।
ਮੁੱਖ ਮੇਜ਼ਬਾਨ ਡਾ: ਅਵਤਾਰ ਸਿੰਘ ਓਠੀ ਨੇ ਮੇਲੇ ਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।