ਕੁਆਲਾਲੰਪੁਰ, 10 ਜੁਲਾਈ 2019 - ਮਲੇਸ਼ੀਆ 'ਚ ਬੀਤੇ ਦਿਨੀਂ ਇੱਕ ਪੰਜਾਬੀ ਸਣੇ ਚਾਰ ਵਿਦੇਸ਼ੀਆਂ ਨੂੰ ਦਹਿਸ਼ਤਗਰਦੀ ਗਰੁੱਪਾਂ ਨਾਲ ਤਾਲਮੇਲ ਦੇ ਜ਼ੁਰਮ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਜੂਨ 14 ਤੋਂ 3 ਜੁਲਾਈ ਵਿਚਕਾਰ ਕੇਦਾਹ ਅਤੇ ਸੇਲਾਂਗੌਰ ਤੋਂ ਇੰਨ੍ਹਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ।
ਜਾਣਕਾਰੀ ਮੁਤਾਬਕ 21 ਜੂਨ ਨੂੰ ਮਲੇਸ਼ੀਆ ਦੇ ਸ਼ਹਿਰ ਅੰਪੰਗ ਤੋਂ ੨੪ ਸਾਲਾ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਲਿਫਟ ਮੇਂਟੇਨੈਂਸ ਵਰਕਰ ਵਜੋਂ ਕੰਮ ਕਰਦਾ ਸੀ। ਉਕਤ ਨੌਜਵਾਨ ਦੇ ਬੱਬਰ ਖਾਲਸਾ ਗਰੁੱਪ ਨਾਲ ਤਾਲੁਕਾਤ ਦੱਸੇ ਜਾ ਰਹੇ ਨੇ।ਉਕਤ ਨੌਜਵਾਨ 'ਤੇ ਦੱਖਣੀ ਪੂਰਬੀ ਏਸ਼ੀਆ 'ਚ ਦਹਿਸ਼ਤਗਰਦੀ ਫੈਲਾਉਣ ਦੇ ਮਕਸਦ ਨਾਲ ਵੱਖ ਵੱਖ ਗਰੁੱਪਾਂ ਨੂੰ 7 ਹਜ਼ਾਰ ਮਲੇਸ਼ੀਅਨ ਰਿੰਗਟ ਭੇਜਣ ਦੇ ਦੋਸ਼ ਹਨ।
ਫੜਿਆ ਗਿਆ ਪੰਜਾਬੀ ਨੌਜਵਾਨ ਤਰਨਬੀਰ ਸਿੰਘ ਪੁੱਤਰ ਅਰਵਿੰਦਰ ਸਿੰਘ ਪੰਜਾਬ ਦੇ ਅੰਮ੍ਰਿਤਸਰ ਦਾ ਦੱਸਿਆ ਜਾ ਰਿਹਾ ਹੈ। ਤਰਨਬੀਰ ਨੇ ਪੁਲੀਸ ਕੋਲ ਮੰਨਿਆ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਉਸਦਾ ਅੰਕਲ ਹੈ, ਜੋ ਕਿ ਕੰਬੋਡੀਆ ਰਹਿੰਦਾ ਹੈ ਪਰ ਫਿਲਹਾਲ ੳਸਦਾ ਖਾਨਪੁਰੀਆ ਨਾਲ ਕੋਈ ਵੀ ਸੰਪਰਕ ਨਹੀਂ ਹੋਇਆ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮੀਡੀਆ ਰਿਪੋਰਟਾਂ ਮੁਤਾਬਕ ਬੱਬਰ ਖਾਲਸਾ ਨਾਲ ਸਬੰਧ ਰੱਖਣ ਵਾਲਾ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਇਸੇ ਸਾਲ ਜਨਵਰੀ ਮਹੀਨੇ ਮਲੇਸ਼ੀਆ 'ਚ ਚਲਾ ਗਿਆ ਸੀ ਅਤੇ ਉਹ ਦਹਿਸ਼ਤਗਰਦਾਂ ਨੂੰ ਫੰਡ ਸਪਲਾਈ ਕਰਦਾ ਹੈ।
ਪੁਲੀਸ ਮੁਤਾਬਕ ਉਕਤ ਨੌਜਵਾਨ ਅਤੇ ਹੋਰਨਾਂ ਨੂੰ ਦਹਿਸ਼ਤਗਰਦੀ ਗਤੀਵਿਧੀਆਂ ਘੜਨ ਦੇ ਜ਼ੁਰਮ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਤਰਨਬੀਰ ਸਿੰਘ ਦੀ ਫਾਈਲ ਫੋਟੋ