ਸਰਕਾਰੀ ਸਕੂਲ ਭੱਦੀ ਵਿਖੇ ਬਲਾਚੌਰ ਤਹਿਸੀਲ ਦੇ ਹਾਈ ਸਕੂਲ ਦੇ ਹੈੱਡਮਾਸਟਰਾਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਜਿੱਲਾ ਸਿੱਖਿਆ ਅਫਸਰ ਹਰਚਰਨ ਸਿੰਘ ਅਤੇ ਹੋਰ ਅਧਿਕਾਰੀ।
ਭੱਦੀ 10 ਜੁਲਾਈ 2019: ਬਲਾਚੌਰ ਤਹਿਸੀਲ ਦੇ ਸਾਰੇ ਹਾਈ ਸਕੂਲਾਂ ਨੂੰ ਡਿਜ਼ਿਟਲ ਬਣਾਉਣ ਦੇ ਮੰਤਵ ਨਾਲ ਸ਼੍ਰੀ ਤਰਸੇਮ ਲਾਲ ਖੇਪੜ ਅਤੇ ਸ੍ਰੀ ਲੱਕੀ ਖੇਪੜ ਵਾਸੀ ਅਮਰੀਕਾ ਵਲੋਂ ਇਲਾਕੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਕਰਨ ਅਤੇ ਸਮਾਰਟ ਕਲਾਸ ਰੂਮ ਬਣਾਉਂਣ ਲਈ ਸ਼ਲਾਘਾਯੋਗ ਉੁਪਰਾਲੇ ਕਰ ਰਹੀ ਖਵਾਹਿਸ਼ ਸੇਵਾ ਸੁਸਾਇਟੀ ਟਕਾਰਲਾ ਨੂੰ ੫ ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਇਸੇ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਦੀ ਵਿਖੇ ਸ੍ਰੀ ਹਰਚਰਨ ਸਿੰਘ ਜਿਲਾ੍ਹ ਸਿੱਖਿਆ ਅਫਸਰ (ਸੈ.ਸਿੱ:) ਦੀ ਅਗਵਾਈ ਹੇਠ ਬਲਾਚੌਰ ਤਹਿਸੀਲ ਦੇ ਹਾਈ ਸਕੂਲਾਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ 'ਚ ਵੱਖ ਵੱਖ ਸਕੂਲਾਂ ਦੇ ਮੁੱਖੀਆਂ ਸਮੇਤ ਸਕੂਲ ਮੈਨੇਜ਼ਮੈਂਟ ਕਮੇਟੀ ਦੇ ਮੈਂਬਰ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਜਿਲਾ੍ਹ ਸਿੱਖਿਆ ਅਫਸਰ ਸ. ਹਰਚਰਨ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਂਣ ਲਈ ਸਮਾਰਟ ਕਲਾਸ ਰੂਮ ਵਰਦਾਨ ਸਾਬਤ ਹੋ ਰਹੇ ਹਨ। ਉਹਨਾਂ ਦੱਸਿਆ ਕਿ ਸਮਾਜ ਅਤੇ ਐਨ.ਆਰ.ਆਈਜ਼ ਦੀ ਸਹਾਇਤਾ ਨਾਲ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸਕੂਲ ਪ੍ਰਾਵੀਵੇਟ ਸਕੂਲ ਨਾਲੋ ਹਰੇਕ ਪੱਖ ਤੋਂ ਅੱਗੇ ਵੱਧ ਰਹੇ ਹਨ। ਉਹਨਾਂ ਸਕੂਲਾਂ ਲਈ ਆਰਥਿਕ ਸਹਿਯੋਗ ਦੇਣ ਵਾਲੇ ਖੇਪੜ ਪਰਿਵਾਰ ਅਤੇ ਖਵਾਹਿਸ਼ ਸੇਵਾ ਸੁਸਾਇਟੀ ਟਕਾਰਲਾ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਅਰੁਣਾ ਪਾਠਕ, ਸਿੱਖਿਆ ਸੁਧਾਰ ਟੀਮ ਦੇ ਸ਼੍ਰੀ ਪ੍ਰਮੋਦ ਭਾਰਤੀ, ਸਮਾਰਟ ਸਕੂਲ ਪ੍ਰੋਜੈਕਟ ਦੇ ਡੀ.ਐੱਸ.ਐੱਮ. ਰਜਨੀਸ਼ ਕੁਮਾਰ, ਕੋਆਰਡੀਨਟਰ ਰਵਿੰਦਰ ਸੂਰਾਪੁਰੀ, ਬਲਜਿੰਦਰ ਸਿੰਘ ਵਿਰਕ ਅਤੇ ਮਾ ਰਾਜ ਭਾਟੀਆ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਬਲਾਚੌਰ ਤਹਿਸੀਲ ਵਿੱਚ ਸਰਕਾਰੀ ਹਾਈ ਸਕੂਲ ਮੁੱਤੋਂ, ਪਨਿਆਲੀ ਕਲਾਂ, ਸਿੰਬਲ ਮਜਾਰਾ, ਗੜੀ ਕਾਨੂੰਗੋ, ਗਰਲੋਂ ਬੇਟ, ਮਹਿਤਪੁਰ, ਉਲੱਦਣੀ, ਚਾਂਦਪੁਰ ਰੁੜਕੀ, ਛਦੌੜੀ, ਕੌਲ ਗੜ੍ਹ, ਕੁੱਕੜਸੂਹਾ, ਪੋਜੇਵਾਲ, ਚੰਦਿਆਣੀ ਖੁਰਦ, ਰੱਕੜਾਂ ਢਾਹਾਂ ਸਕੂਲਾਂ 'ਚ ਸਮਾਰਟ ਕਲਾਸ ਰੂਮ ਤਿਆਰ ਕੀਤਾ ਜਾਵੇਗਾ ਅਤੇ ਬੱਚਿਆਂ ਦੇ ਬੈਠਣ ਲਈ ਕੁਰਸੀਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੇ ਖਰਚ ਹੋਣ ਵਾਲੀ ਕੁੱਲ ਰਾਸ਼ੀ ਦਾ ਅੱਧਾ ਹਿੱਸਾ ਖੇਪੜ ਪਰਿਵਾਰ ਵਲੋਂ ਖਵਾਹਿਸ਼ ਸੇਵਾ ਸੁਸਾਇਟੀ ਰਾਹੀਂ ਦਿੱਤਾ ਗਿਆ ਹੈ ਅਤੇ ਬਾਕੀ ਦਾ ਅੱਧਾ ਹਿੱਸਾ ਸਬੰਧਿਤ ਸਕੂਲ ਸਟਾਫ ਵਲੋਂ ਪਿੰਡ ਵਾਸੀਆਂ ਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਖਰਚ ਕੀਤਾ ਜਾਵੇਗਾ। ਇਸ ਮੌਕੇ ਪ੍ਰਿੰਸੀਪਲ ਅਰੁਣਾ ਪਾਠਕ ਅਤੇ ਮਾ: ਰਾਜ ਭਾਟੀਆ ਨੇ ਜਿਲਾ੍ਹ ਸਿੱਖਿਆ ਅਫਸਰ , ਅਧਿਕਾਰੀਆਂ , ਸਕੂਲ ਮੁਖੀਆਂ ਤੇ ਪੱਤਵੰਤਿਆ ਦਾ ਧੰਨਵਾਦ ਕੀਤਾ।