ਵਧੀਕ ਸਕੱਤਰ ਭਾਰਤ ਸਰਕਾਰ ਨੇ ਮਾਨਸਾ ਤੇ ਬੁਢਲਾਡਾ ਸਬ-ਡਵੀਜ਼ਨ ਦੇ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ
ਮਾਨਸਾ, 10 ਜੁਲਾਈ 2019: ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਮੇਂ ਦੇ ਹਾਣੀ ਬਣਨ ਦੀ ਲੋੜ ਹੈ ਅਤੇ ਕਿਸਾਨਾਂ ਨੂੰ ਖੇਤੀ ਦੇ ਨਵੇਂ ਢੰਗਾਂ ਨੂੰ ਅਪਣਾ ਕੇ ਪਾਣੀ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਸਕੱਤਰ ਸਹਿਕਾਰਤਾ ਵਿਭਾਗ ਭਾਰਤ ਸਰਕਾਰ ਸ਼੍ਰੀਮਤੀ ਅੰਜਲੀ ਭਾਵੜਾ ਨੇ ਅੱਜ ਮਾਨਸਾ ਤੇ ਬੁਢਲਾਡਾ ਸਬ-ਡਵੀਜ਼ਨ ਦੇ ਪਿੰਡਾਂ ਦਾ ਦੌਰਾ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਸਾਨੂੰ ਸਾਰਿਆਂ ਨੂੰ ਪਾਣੀ ਦੇ ਘੱਟ ਰਹੇ ਪੱਧਰ ਨੂੰ ਉੱਚਾ ਚੁੱਕਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸ਼੍ਰੀਮਤੀ ਅੰਜਲੀ ਭਾਵੜਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਤੀ ਦੀਆਂ ਨਵੀਆਂ ਤਕਨੀਕਾਂ ਅਤੇ ਮਾਹਿਰਾਂ ਦੀ ਸਲਾਹਾਂ ਨਾਲ ਅਸੀਂ ਪਾਣੀ ਦੀ ਬਚਤ ਕਰਦੇ ਹੋਏ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਅਤੇ ਤੁਪਕਾ ਸਿੰਚਾਈ ਪਾਣੀ ਬਚਾਉਣ ਦੇ ਵਧੀਆ ਬਦਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਕਨੀਕਾਂ ਨਾਲ ਖੇਤਾਂ ਵਿੱਚ ਫਸਲ ਨੂੰ ਉਨ੍ਹਾਂ ਹੀ ਪਾਣੀ ਪ੍ਰਾਪਤ ਹੁੰਦਾ ਹੈ, ਜਿਨ੍ਹੇ ਪਾਣੀ ਦੀ ਉਸ ਨੂੰ ਜ਼ਰੂਰਤ ਹੁੰਦੀ ਹੈ।
ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿਖੇ ਲਗਾਏ ਪਾਣੀ ਬਚਾਓ ਕੈਂਪ ਦੌਰਾਨ ਸੰਬੋਧਨ ਕਰਦਿਆਂ ਸ਼੍ਰੀਮਤੀ ਅੰਜਲੀ ਭਾਵੜਾ ਨੇ ਕਿਹਾ ਕਿ ਅਸੀਂ ਘਰਾਂ ਵਿੱਚ ਵੀ ਛੋਟੇ-ਛੋਟੇ ਉਪਰਾਲੇ ਕਰਕੇ ਪਾਣੀ ਦੀ ਵੱਡੇ ਪੱਧਰ 'ਤੇ ਬੱਚਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕਈ ਵਾਰ ਵੇਖਣ ਵਿੱਚ ਆਉਂਦਾ ਹੈ ਕਿ ਜਦੋਂ ਬੱਚੇ ਹੱਥ ਧੋ ਰਹੇ ਹੁੰਦੇ ਹਨ ਜਾਂ ਮੰਜਨ ਆਦਿ ਕਰ ਰਹੇ ਹੁੰਦੇ ਹਨ, ਤਾਂ ਪਾਣੀ ਦੀ ਟੁਟੀ ਨੂੰ ਖੁਲ੍ਹਾ ਹੀ ਛੱਡ ਦਿੰਦੇ ਹਨ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਪਾਣੀ ਦੀ ਕਦਰ ਨਹੀਂ ਕਰਾਂਗੇ, ਤਾਂ ਕਿਸੇ ਸਮੇਂ ਸਾਡੇ ਕੋਲ ਪੀਣ ਲਈ ਵੀ ਪਾਣੀ ਨਹੀਂ ਬਚੇਗਾ।
ਭਾਰਤ ਸਰਕਾਰ ਵੱਲੋਂ ਆਈ ਟੀਮ ਵੱਲੋਂ ਅੱਜ ਪਿੰਡ ਰੱਲਾ, ਖੀਵਾ ਖੁਰਦ, ਗੁਰਨੇ ਕਲਾਂ, ਚੱਕ ਭਾਈਕੇ ਅਤੇ ਦੋਦੜਾ ਵਿਖੇ ਆਪਣੇ ਦੌਰੇ ਦੌਰਾਨ ਮਗਨਰੇਗਾ ਤਹਿਤ ਬਣੇ ਰੀਚਾਰਜ ਬੋਰ, ਸੋਕ ਪਿੱਟ, ਨਰਸਰੀ, ਛੱਪੜਾਂ ਦੀ ਸਫਾਈ ਅਤੇ ਪੌਦੇ ਲਗਾਉਣ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਜ਼ਿਲ੍ਹੇ ਵਿੱਚ ਚੱਲ ਰਹੇ ਇਨ੍ਹਾਂ ਕੰਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਿਪਟੀ ਸਕੱਤਰ ਸਮਾਜਿਕ ਨਿਆਂ ਮੰਤਰਾਲਾ ਸ੍ਰੀ ਕੇ.ਕੇ. ਝੈਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਅਤੇ ਕੋਆਰਡੀਨੇਟਰ ਮਗਨਰੇਗਾ ਸ਼੍ਰੀ ਮਨਦੀਪ ਸਿੰਘ ਤੋਂ ਇਲਾਵਾ ਹੋਰ ਵੀ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।