ਪਟਿਆਲਾ, 10 ਜੁਲਾਈ - ਖੇਡਾਂ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ਉੱਤੇ ਨਾਮਣਾ ਖੱਟਣ ਵਾਲੇ ਪੰਜਾਬ ਦੇ ਦਿੱਗਜ਼ ਖਿਡਾਰੀਆਂ ਨੂੰ ਪਹਿਲੀ ਵਾਰ ਸੂਬੇ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਪੰਜਾਬ ਦੀ ਸ਼ਾਨ ਬਣੇ 18 ਦਿੱਗਜ਼ ਖਿਡਾਰੀਆਂ ਸਣੇ ਕੁੱਲ 99 ਖਿਡਾਰੀਆਂ ਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਅਵਾਰਡ ਨੂੰ ਹਾਸਲ ਕਰਨ ਵਾਲੇ ਰਾਜਪੁਰਾ ਰੇਲਵੇ ਵਿਭਾਗ ਦੇ ਅਧਿਕਾਰੀ ਜਗਦੀਪ ਸਿੰਘ ਕਾਹਲੋਂ ਰਾਜਪੁਰਾ ਰੇਲਵੇ ਸਟੇਸ਼ਨ ਪਹੁੰਚਣ ਤੇ ਨਾਰਦਨ ਰੇਲਵੇ ਮੈਨਸ ਯੂਨੀਅਨ, ਰੇਲਵੇ ਵਿਭਾਗ ਦੇ ਮੁਖੀਆਂ , ਕਰਮਚਾਰੀਆਂ ਨੇ ਢੋਲ ਵਜਾ ਕੇ ਤੇ ਫੱੁਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਜਗਦੀਪ ਸਿੰਘ ਕਾਹਲੋਂ ਨੇ ਸਾਈਕਲਿੰਗ ਖੇਡ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜਗਦੀਪ ਸਿੰਘ ਨੇ 2002 ਤੋ 2009 ਤੱਕ ਲਗਾਤਾਰ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਕੌਮੀ ਪੱਧਰ ਤੇ ਸੋਨ ਤਗਮੇ ਜਿੱਤੇ। 2006 ਤੇ 2009 ਵਿੱਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਚੈਂਪੀਅਨ ਬਣ ਕੇ ਨਵਾਂ ਕਿਰਤੀਮਾਨ ਰਚਿਆ। 2007 ਵਿੱਚ ਨੈਸ਼ਨਲ ਗੇਮਾਂ ਵਿੱਚ ਵੀ ਜਗਦੀਪ ਸਿੰਘ ਨੇ ਪੰਜਾਬ ਲਈ ਸੋਨ ਤਗਮਾ ਜਿੱਤਿਆ ਅਤੇ ਨਾਲ ਹੀ 2007 ਵਿੱਚ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਰਾਸ਼ਟਰੀ ਰਿਕਾਰਡ ਵੀ ਸਥਾਪਿਤ ਕੀਤਾ। ਅੰਤਰਰਾਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ ਨੇ ਰਾਸ਼ਟਰੀ ਪੱਧਰ ਤੇ ਪੰਜਾਬ ਲਈ 12 ਸੋਨ ਤਗਮੇ ਸਮੇਤ ਕੁੱਲ 23 ਤਗਮੇ ਜਿੱਤੇ।ਇਨਾਂ ਸਾਰੀਆਂ ਖੇਡ ਪ੍ਰਾਪਤੀਆਂ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ ਕੀਤਾ ਹੈ।ਜਗਦੀਪ ਸਿੰਘ ਕਾਹਲੋਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਾਈਕਲਿੰਗ ਟੀਮ ਦੀ ਕਪਤਾਨੀ ਵੀ ਕੀਤੀ।ਇੱਥੇ ਇਹ ਵੀ ਦੱਸਣਯੋਗ ਹੈ ਕਿ ਜਗਦੀਪ ਸਿੰਘ ਕਈ ਅਹਿਮ ਖੇਡਾਂ ਨਾਲ ਸੰਬੰਧਿਤ ਅਹੁਦਿਆ ਤੇ ਕੰਮ ਕਰ ਰਹੇ ਹਨ, ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਤੇ ਜਰਖੜ੍ਹ ਹਾਕੀ ਅਕੈਡਮੀ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਕੰਮ ਕਰ ਰਹੇ ਹਨ।ਜਗਦੀਪ ਸਿੰਘ ਭਾਰਤ ਸਰਕਾਰ ਦੀ ਖੇਲੋ ਇੰਡੀਆ ਸਕੀਮ ਦੇ ਟੀ.ਸੀ.ਐੱਸ ਕਮੇਟੀ ਦੇ ਮੈਂਬਰ ਵੀ ਹਨ।ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਨਾਲ ਲੰਮੇ ਸਮੇਂ ਤੋਂ ਜੁੜੇ ਹੋਣ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਤਕਨੀਕੀ ਅਧਿਕਾਰੀ ਵਜੋਂ ਕੰਮ ਕਰ ਚੁੱਕੇ ਹਨ।ਏਸ਼ੀਅਨ ਸਾਈਕਲਿੰਗ ਚੈਂਪੀਅਨਸ਼ਿਪ, ਸਾਈਕਲਿੰਗ ਏਸ਼ੀਆ ਕੱਪ ਅਤੇ ਹੋਰ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਤਾਵਾਂ ਵਿੱਚ ਤਕਨੀਕੀ ਅਧਿਕਾਰੀ ਦੇ ਤੌਰ ਤੇ ਕੰਮ ਕਰ ਚੱਕੇ ਹਨ ।ਇਸ ਮੋਕੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਭਾਰਤੀ ਰੇਲਵੇ ਨੇ ਮੈਨੂੰ ਬਹੁਤ ਸਤਿਕਾਰ ਦਿੱਤਾ ਹੈ।ਮੈ ਭਾਰਤੀ ਰੇਲਵੇ ਅਤੇ ਪੰਜਾਬ ਦੀ ਸੇਵਾ ਕਰਦਾ ਰਹਾਂਗਾ। ਇਸ ਮੌਕੇ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਪ੍ਰਧਾਨ ਜਸਮੇਰ ਸਿੰਘ,ਐਸ.ਐਸ .ਈ ਸੰਜੀਵ ਕਪੂਰ, ਏ.ਐੱਸ.ਆਈ ਜੀਆਰਪੀ ਨਿਰਮਲ ਸਿੰਘ ,ਮਹਿੰਦਰ ਪਾਸਵਾਨ, ਅੋਸ਼ਕ ਆਰਿਆ ,ਰਿਸ਼ੀਪਾਲ,ਰਾਮ ਸਲੇਸ਼ ਮਾਂਝੀ, ਸੱਤ ਨਾਰਾਇਣ, ਮਧੂਕਰ ਸਿੰਘ ,ਜਸਪਾਲ ਸਿੰਘ, ਰੁਪਿੰਦਰ ਕੌਰ ਕਾਹਲੋਂ,ਗਰਜੰਟ ਸਿੰਘ ਕਾਹਲੋਂ ਤੇ ਸਮੂਹ ਰੇਲਵੇ ਸਟਾਫ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ।