ਫਾਜ਼ਿਲਕਾ, 10 ਜੁਲਾਈ 2019 ( ਇੰਦਰਜੀਤ ਸਿੰਘ) - ਸੰਸਦ ਵਿੱਚ ਜਿੱਥੇ ਪਾਣੀ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ ਕਿ ਪੰਜਾਬ ਦਾ ਪਾਣੀ ਪਾਕਿਸਤਾਨ ਅਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਜਿਲ੍ਹਾ ਫਾਜ਼ਿਲਕਾ ਦੇ ਪਿੰਡ ਖੁਈ ਖੇੜਾ ਵਿੱਚ ਪੀਣ ਤੱਕ ਨੂੰ ਪਾਣੀ ਨਹੀਂ ਮਿਲ ਰਿਹਾ। ਫਾਜ਼ਿਲਕਾ ਦੇ ਪਿੰਡ ਦੀ ਕਰੀਬ 3000 ਤੋਂ ਦੀ ਆਬਾਦੀ ਹੈ ਪਰ ਉਨ੍ਹਾਂ ਨੂੰ ਪੀਣ ਦਾ ਇੱਕ ਬੂੰਦ ਪਾਣੀ ਵੀ ਨਸੀਬ ਨਹੀਂ ਹੋ ਰਿਹਾ ਅਤੇ ਸਾਰੇ ਪਿੰਡ ਨਿਵਾਸੀ ਖਾਣ ਪੀਣ ਅਤੇ ਨਹਾਉਣ ਲਈ ਬੂੰਦ-ਬੂੰਦ ਨੂੰ ਪਿਛਲੇ ਕਈ ਸਾਲਾਂ ਤੋਂ ਤਰਸਦੇ ਆ ਰਹੇ ਹਨ। ਪਰ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਪਿੰਡ ਦਾ ਜ਼ਮੀਨੀ ਪਾਣੀ ਖਾਰਾ ਹੋਣ ਦੇ ਕਾਰਨ ਪੀਣ ਲਾਇਕ ਨਹੀਂ ਹੈ ਅਤੇ ਪਿੰਡ ਵਿੱਚ ਪਾਣੀ ਦੀ ਟੈਂਕੀ ਤਾਂ ਹੈ ਪਰ ਉਹ ਵੀ ਕਿਸੇ ਕੰਮ ਦੀ ਨਹੀਂ ਕਿਉਂਕਿ ਵਾਟਰ ਵਰਕ ਦੀ ਇਸ ਟੰਕੀ ਵਿੱਚ ਵੀ ਖਾਰਾ ਪਾਣੀ ਭਰਿਆ ਜਾਂਦਾ ਹੈ ਅਤੇ ਕਈ ਕਈ ਦਿਨ ਇਹ ਪਾਣੀ ਵੀ ਲੋਕਾਂ ਨੂੰ ਨਸੀਬ ਨਹੀਂ ਹੁੰਦਾ। ਇੱਕ ਸੇਮ ਨਾਲੇ 'ਚ ਗੰਗ ਕੈਨਾਲ ਤੋਂ ਫਾਜ਼ਿਲਕਾ ਨੂੰ ਨਹਿਰੀ ਪਾਣੀ ਲਈ ਦਿੱਤਾ ਜਾ ਰਿਹਾ ਹੈ ਉਸ ਵਿੱਚ ਜੋ ਪਾਣੀ ਰਿਸਦਾ ਜਾਂ ਲੀਕ ਹੁੰਦਾ ਹੈ ਉਹ ਹੀ ਇਸ ਪਿੰਡ ਨਿਵਾਸੀਆਂ ਲਈ ਸਹਾਰਾ ਬਣਿਆ ਹੋਇਆ ਹੈ। ਪਰ ਇਹ ਪਾਣੀ ਵੀ ਮੈਲਾ ਹੈ ਹਾਲਾਤ ਇਹ ਹਨ ਕਿ ਉਸ ਨੂੰ ਵੇਖ ਵੀ ਪੀਤਾ ਨਹੀਂ ਜਾ ਸਕਦਾ ਪਰ ਸਿਰਫ ਮਿੱਠਾ ਹੋਣ ਦੇ ਕਾਰਨ ਹੀ ਲੋਕ ਇੱਥੋਂ ਆਪਣੀ ਰੋਜ਼ ਦੀ ਲੋੜ ਨੂੰ ਪੂਰਾ ਕਰਨ ਲਈ ਪਾਣੀ ਭਰਨੇ ਆਉਂਦੇ ਹਨ।
ਉੱਥੇ ਹੀ ਪਾਣੀ ਭਰਨ ਆਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀਆਂ ਜਮੀਨਾਂ ਦਾ ਪਾਣੀ ਖਾਰਾ ਹੈ ਅਤੇ ਉਹ ਇਸ ਨਹਿਰੀ ਪਾਣੀ ਜੋ ਇਸ ਪਾਇਪ ਵਿਚੋਂ ਲੀਕ ਹੋ ਰਿਹਾ ਹੈ ਉਸ ਤੋਂ ਹੀ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਥੋਂ ਹੀ ਉਹ ਆਪਣੇ ਪੀਣ ਲਈ ਅਤੇ ਖਾਣਾ ਬਣਾਉਣ ਲਈ ਪਾਣੀ ਲੈ ਜਾਂਦੇ ਹਨ ਅਤੇ ਪਿੰਡ ਭਰ ਵਿੱਚ ਲੋਕਾਂ ਨੇ ਆਪਣੇ ਘਰਾਂ ਵਿੱਚ ਅੰਡਰ ਗਰਾਉਂਡ ਟੈਂਕੀਆ ਬਣਾ ਕੇ ਰੱਖੀਆ ਹਨ ਜਿਸ ਵਿੱਚ ਟੈਂਕਰ ਤੋਂ ਇਹ ਪਾਣੀ 300 ਰੁਪਏ ਵਿੱਚ ਖਰੀਦਕੇ ਸਟੋਰ ਕੀਤਾ ਜਾਂਦਾ ਹੈ। ਇਹ ਟੈਂਕਰ ਵਾਲੇ ਨਹਿਰ ਤੋਂ ਪਾਣੀ ਭਰ ਕੇ ਲਿਆਂਦੇ ਹਨ ਪਿੰਡ ਨਿਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਸਰਕਾਰ ਉਨ੍ਹਾਂ ਨੂੰ ਪੀਣ ਦਾ ਸਹੀ ਪਾਣੀ ਉਪਲੱਬਧ ਕਰਾਏ। ਕਿਉਂਕਿ ਉਨ੍ਹਾਂ ਦਾ ਸਾਰਾ ਦਿਨ ਪਾਣੀ ਲੱਭਣ ਅਤੇ ਖਰੀਦਣ ਵਿੱਚ ਹੀ ਨਿਕਲ ਜਾਂਦਾ ਹੈ ਪਰ ਗਰੀਬ ਲੋਕ ਕਿੱਥੋ ਪਾਣੀ ਖਰੀਦਣ।
ਇਸ ਬਾਰੇ ਗੱਲਬਾਤ ਕਰਦੇ ਹੋਏ ਟੈਂਕਰ ਚਾਲਕ ਨੇ ਦੱਸਿਆ ਕਿ ਉਹ ਦਿਨ ਵਿੱਚ ਘੱਟ ਤੋਂ ਘੱਟ 10 ਟੈਂਕਰ ਨਹਿਰ ਤੋਂ ਭਰ ਕੇ ਪਿੰਡ ਦੇ ਘਰਾਂ ਵਿੱਚ ਬਣੀਆ ਟੈਂਕੀਆਂ ਵਾਲਿਆਂ ਨੂੰ ਵੇਚਦਾ ਹੈ। ਉੱਥੇ ਹੀ ਦੂਜੇ ਪਾਸੇ ਪਿੰਡ ਦੇ ਇੱਕ ਨਲਕੇ ਤੋਂ ਪਾਣੀ ਭਰਨ ਆਏ ਲੋਕਾਂ ਨੇ ਦੱਸਿਆ ਕਿ ਇਸ ਨਲਕੇ ਤੋਂ ਵੀ ਲੋਕ ਪਾਣੀ ਭਰਦੇ ਹਨ ਕਿਉਂਕਿ ਇਸਦਾ ਪਾਣੀ ਥੋੜ੍ਹਾ ਮਿੱਠਾ ਹੈ ਪਰ ਇਹ ਵੀ ਗੰਦਾ ਹੋਣ ਦੇ ਬਾਵਜੂਦ ਮਜ਼ਬੂਰੀ ਵਿੱਚ ਸਾਨੂੰ ਇਹ ਪਾਣੀ ਪੀਣਾ ਪੈ ਰਿਹਾ ਹੈ। ਜਿਸਦੇ ਨਾਲ ਬੀਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਾ ਹੋਇਆ ਹੈ ਅਤੇ ਕਈ ਵਾਰ ਬੱਚੇ ਬਿਮਾਰ ਵੀ ਹੋ ਚੁੱਕੇ ਹਨ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਇਹੀ ਚੱਲਦਾ ਆ ਰਿਹਾ ਹੈ ਪਰ ਪ੍ਰਸ਼ਾਸਨ ਜਾਂ ਸਰਕਾਰ ਨੇ ਇਸ ਵੱਲ ਕਦੇ ਧਿਆਨ ਨਹੀਂ ਦਿੱਤਾ।
ਉੱਥੇ ਹੀ ਇਸ ਬਾਰੇ ਜਦੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਾਜ਼ਿਲਕਾ ਜਿਲ੍ਹੇ ਦੇ 10 ਪਿੰਡਾਂ ਦੇ ਪੀਣ ਦੇ ਪਾਣੀ ਲਈ ਮੁੱਖ ਮੰਤਰੀ ਵੱਲੋਂ ਇੱਕ ਪ੍ਰੋਜੈਕਟ ਨੂੰ ਹਰੀ ਝੰਡੀ ਮਿਲੀ ਹੈ। ਜਿਸ ਵਿੱਚ 1352 ਲੱਖ ਰੁਪਏ ਮਨਜ਼ੂਰ ਹੋ ਚੁੱਕੇ ਹਨ। ਜਿਸ ਨਾਲ ਇਨ੍ਹਾਂ ਪਿੰਡਾਂ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਹੁਣ ਵੇਖਣਾ ਹੋਵੇਗੇ ਕਿ ਸਿਹਤ ਮੰਤਰੀ ਵੱਲੋਂ ਦੱਸਿਆ ਜਾ ਰਿਹਾ ਪਾਣੀ ਦਾ ਪ੍ਰੋਜੈਕਟ ਕਦੋਂ ਤੱਕ ਸ਼ੁਰੂ ਹੋਵੇਗਾ ਜਾਂ ਇੰਝ ਹੀ ਲੋਕਾਂ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪਵੇਗਾ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।