16 ਈ.ਸੀ.ਜੀ, 45 ਐਕਸਰੇ, 747 ਲੈਬ ਟੈਸਟ ਅਤੇ 11 ਗਰਭਵਤੀ ਔਰਤਾਂ ਦਾ ਕੀਤਾ ਚੈਕਅੱਪ - ਗੁਰਜੀਤ ਸਿੰਘ
ਜੁਲਾਈ ਮਹੀਨੇ ਦੌਰਾਨ ਜ਼ਿਲ੍ਹੇ ਦੇ 45 ਪਿੰਡਾਂ ਦਾ ਕੀਤਾ ਜਾਵੇਗਾ ਦੌਰਾ - ਸਿਵਲ ਸਰਜਨ
ਦਿਹਾਤੀ ਖੇਤਰ ਦੇ ਲੋਕਾਂ ਵਰਦਾਨ ਸਾਬਿਤ ਹੋ ਰਹੀ ਮੋਬਾਈਲ ਮੈਡੀਕਲ ਯੂਨਿਟ
ਦੇਵਾਂ ਨੰਦ ਸ਼ਰਮਾ
ਫਰੀਦਕੋਟ 9 ਜੁਲਾਈ 2019 - ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਫਰੀਦਕੋਟ ਵੱਲੋਂ ਚਲਾਈ ਜਾ ਰਹੀ ਮੈਡੀਕਲ ਮੋਬਾਈਲ ਯੂਨਿਟ ਇਲਾਜ ਕਰਵਾਉਣ ਵਾਲੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਇਹ ਸਹੂਲਤ ਲੋਕਾਂ ਨੂੰ ਨਿਰੰਤਰ ਉਪਲਬਧ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ. ਗੁਰਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਇਸ ਉਦੇਸ਼ ਦੀ ਪੂਰਤੀ ਲਈ ਸਿਹਤ ਵਿਭਾਗ ਵੱਲੋਂ ਫਰੀਦਕੋਟ ਜ਼ਿਲ੍ਹੇ 'ਚ ਮੋਬਾਈਲ ਮੈਡੀਕਲ ਬੱਸ ਚਲਾਈ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹੇ ਦੇ ਦਿਹਾਤੀ ਵਸਨੀਕਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਫਰੀਦਕੋਟ ਦੇ ਮੋਬਾਈਲ ਮੈਡੀਕਲ ਯੂਨਿਟ ਵੱਲੋਂ ਬੀਤੇ ਮਹੀਨੇ ਜੂਨ , 2019 ਦੌਰਾਨ ਜ਼ਿਲ੍ਹੇ ਦੇ 43 ਪਿੰਡਾਂ ਦਾ ਦੌਰਾ ਕਰ ਕੇ 1146 ਮਰੀਜ਼ਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ। ਜਿਨ੍ਹਾਂ 'ਚੋ 584 ਮਰਦ ਅਤੇ 562 ਔਰਤਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੌਰਾਨ 747 ਲੋਕਾਂ ਦੇ ਲੈਬ ਟੈੱਸਟ ਅਤੇ 16 ਲੋੜਵੰਦਾਂ ਦੀ ਈ.ਸੀ.ਜੀ 45 ਦੇ ਐਕਸਰੇ ਅਤੇ 11ਗਰਭਵਤੀ ਔਰਤਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਮੋਬਾਈਲ ਮੈਡੀਕਲ ਬੱਸ ਲੋੜਵੰਦਾਂ ਤੱਕ ਪਹੁੰਚ ਕਰ ਕੇ ਸਿਹਤ ਸੇਵਾਵਾਂ ਦੇਣ ਨਾਲ ਜ਼ਿਲ੍ਹੇ ਦੇ ਦੂਰ-ਦੁਰਾਡੇ ਖੇਤਰ ਦੇ ਲੋਕਾਂ ਨੂੰ ਵੱਡਾ ਲਾਭ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿਚ ਰਹਿੰਦੇ ਬਜ਼ੁਰਗ, ਅਪਾਹਜ, ਬੱਚੇ ਅਤੇ ਹੋਰ ਲੋੜਵੰਦ ਵਿਅਕਤੀ ਜਿਹੜੇ ਇਲਾਜ ਲਈ ਹਸਪਤਾਲਾਂ ਤੱਕ ਇਲਾਜ ਲਈ ਨਹੀਂ ਪਹੁੰਚ ਸਕਦੇ, ਅਜਿਹੇ ਮਰੀਜ਼ਾਂ ਨੂੰ ਇਲਾਜ,ਦਵਾਈ ਪਹੁੰਚਾਉਣ ਲਈ ਇਹ ਮੋਬਾਈਲ ਬੱਸ ਸੇਵਾ ਲੋਕਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਹੀ ਹੈ।
ਇਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਇਸ ਮੋਬਾਈਲ ਮੈਡੀਕਲ ਯੂਨਿਟ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਰੋਜ਼ਾਨਾ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੱਖ-ਵੱਖ ਪਿੰਡਾਂ ਤੇ ਸਲੱਮ ਬਸਤੀਆਂ ਵਿਚ ਜਾ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੋਬਾਈਲ ਮੈਡੀਕਲ ਯੂਨਿਟ ਵਿਚ ਇੱਕ ਮਰਦ ਮੈਡੀਕਲ ਅਫ਼ਸਰ, ਸਟਾਫ਼ ਨਰਸ, ਰੇਡਿਓਗਰਾਫਰ, ਡਰਾਈਵਰ ਅਤੇ ਹੈਲਪਰ ਦੀ ਤਾਇਨਾਤੀ ਕੀਤੀ ਗਈ ਹੈ। ਇਸ ਯੂਨਿਟ ਵੱਲੋਂ ਰੋਜ਼ਾਨਾ ਲਗਭਗ ਦੋ ਪਿੰਡਾਂ ਦੇ ਮਰੀਜ਼ ਚੈੱਕ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਹੀਨਾ ਜੁਲਾਈ, 2019 ਦੌਰਾਨ ਇਸ ਮੈਡੀਕਲ ਮੋਬਾਈਲ ਯੂਨਿਟ ਵੱਲੋਂ 45 ਦੇ ਕਰੀਬ ਪਿੰਡਾਂ ਦਾ ਦੌਰਾ ਕਰਦੇ ਹੋਏ ਪੇਂਡੂ ਖੇਤਰ ਦੇ ਵਸਨੀਕਾਂ ਦਾ ਚੈੱਕਅਪ ਕੀਤਾ ਜਾਵੇਗਾ। ਇਸ ਮੌਕੇ ਮੋਬਾਈਲ ਮੈਡੀਕਲ ਯੂਨਿਟ ਫਰੀਦਕੋਟ ਦੇ ਜ਼ਿਲ੍ਹਾਂ ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ ਤੇ ਡੀ.ਪੀ.ਐਮ ਸੂਰਜ ਪ੍ਰਕਾਸ਼ ਵੀ ਮੌਜੂਦ ਸਨ।