ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਮੋਹਣ ਸਿੰਘ ਭੇਡਪੁਰਾ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਇਕ ਅਖਬਾਰ ਵਿੱਚ ਇਕ ਪਟਵਾਰੀ ਵੱਲੋਂ ਰੱਖੇ ਹੋਏ 16 ਕਰਿੰਦਿਆਂ ਸਬੰਧੀ ਖਬਰ ਲੱਗੀ ਹੈ। ਜਿਸ ਵਿੱਚ ਪਟਵਾਰ ਯੂਨੀਅਨ ਦਾ ਪੱਖ ਇਹ ਕਹਿਕੇ ਲਿਖਿਆ ਗਿਆ ਕਿ ਪਟਵਾਰ ਯੂਨੀਅਨ ਮੰਗ ਕਰਦੀ ਹੈ ਕਿ ਇਨ੍ਹਾਂ ਕਰਿੰਦਿਆ ਨੂੰ ਠੇਕੇ ਦੇ ਅਧਾਰ ’ਤੇ ਰੱਖ ਲਿਆ ਜਾਵੇ, ਜੋ ਕਿ ਸਰਾਸਰ ਝੂਠਾ ਪੱਖ ਹੈ। ਕਿਉਕਿ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਹਮੇਸ਼ਾਂ ਹੀ ਦਫ਼ਤਰਾਂ ਵਿੱਚ ਵਿਅਕਤੀ ਰੱਖਣ ਦੇ ਖਿਲਾਫ ਹੈ। ਜੇਕਰ ਕਿਸੇ ਪਟਵਾਰੀ ਨੇ ਆਪਣੇ ਪੱਧਰ ’ਤੇ ਕੋਈ ਪ੍ਰਾਈਵੇਟ ਵਿਅਕਤੀ ਆਪਣੇ ਦਫ਼ਤਰ ਵਿਚ ਰੱਖਿਆ ਹੋਇਆ ਹੈ ਤਾਂ ਉਹ ਖੁਦ ਉਸਦਾ ਜਿੰਮੇਵਾਰ ਹੈ। ਅੱਜ ਜਿਹੜੇ ਪਟਵਾਰੀ ਦੇ 16 ਕਰਿੰਦੇ ਰੱਖਣ ਦੀ ਖਬਰ ਪ੍ਰਕਾਸ਼ਿਤ ਹੋਈ ਹੈ, ਮੈਂ ਉਸ ਪਟਵਾਰੀ ਨਾਲੋਂ ਉੱਥੋਂ ਦੇ ਪ੍ਰਸ਼ਾਸ਼ਨ ਨੂੰ ਦੋਸ਼ੀ ਮੰਨਦਾ ਹਾਂ। ਇਕ ਪਾਸੇ ਉਹ ਪਟਵਾਰੀਆਂ ਨੂੰ 5-5 ਸਰਕਲ ਦੇ ਕੇ ਕੰਮ ਕਰਵਾ ਰਹੇ ਹਨ ਅਤੇ ਪ੍ਰਾਈਵੇਟ ਵਿਅਕਤੀ ਰੱਖਣ ਦੀ ਆਗਿਆ ਦੇ ਰਹੇ ਹਨ। ਕਿਉਕਿ ਪਟਵਾਰੀ ਇਕ ਪਟਵਾਰ ਸਰਕਲ ਤੋਂ ਵੱਧ ਕੰਮ ਨਹੀਂ ਕਰ ਸਕਦਾ। ਜਿਹੜੇ ਅਧਿਕਾਰੀ ਇੰਨੇ-ਇੰਨੇ ਸਰਕਲ ਦੇ ਰਹੇ ਹਨ, ਉਨ੍ਹਾਂ ਨੂੰ ਵੀ ਪਤਾ ਹੈ ਕਿ ਪਟਵਾਰੀਆਂ ਨੇ ਪ੍ਰਾਈਵੇਟ ਵਿਅਕਤੀ ਰੱਖੇ ਹਨ। ਜਦੋਂ ਸਰਕਾਰ ਇਸ ਸਬੰਧੀ ਕੋਈ ਰਿਪੋਰਟ ਮੰਗਦੀ ਹੈ ਤਾਂ ਉਹ ਝੂਠੀ ਰਿਪੋਰਟ ਭੇਜਦੇ ਹਨ ਕਿ ਕਿਸੇ ਪਟਵਾਰੀ ਨੇ ਕੋਈ ਵਿਅਕਤੀ ਨਹੀਂ ਰੱਖਿਆ ਹੈ। ਪ੍ਰਾਈਵੇਟ ਵਿਅਕਤੀ ਰੱਖਣ ਦਾ ਇਕੱਲਾ ਪਟਵਾਰੀ ਹੀ ਨਹੀਂ ਰੱਖ ਰਿਹਾ, ਸਗੋਂ ਹੋਰ ਬਹੁਤ ਸਾਰੇ ਵਿਭਾਗਾਂ ਵਿੱਚ ਵੀ ਅਫ਼ਸਰਾਂ ਵਲੋਂ ਆਪਣੇ ਤੌਰ ’ਤੇ ਹੀ ਕੰਮਾਕਾਰਾ ਲਈ ਪ੍ਰਾਈਵੇਟ ਵਿਅਕਤੀ ਰੱਖੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਸਾਰੇ ਵਿਭਾਗਾਂ ਵਿਚ ਭਰਤੀ ਕੀਤੀ ਜਾਵੇ ਤਾਂ ਜੋ ਕਿਸੇ ਵੀ ਵਿਭਾਗ ਨੂੰ ਕਰਿੰਦਾ ਰੱਖਣ ਦੀ ਲੋੜ ਹੀ ਨਾ ਪਵੇ। ਉਨ੍ਹਾਂ ਕਿਹਾ ਕਿ ਸ਼ਹਿਰੀ ਸਰਕਲ ਦੇ ਪਟਵਾਰੀਆਂ ਦਾ ਕੰਮ ਬਹੁਤ ਜਿਆਦਾ ਵਧਿਆ ਹੋਇਆ ਹੈ ਇਸ ਲਈ ਸਰਕਾਰ ਉਨ੍ਹਾਂ ਨੂੰ ਸਹਾਇਕ ਪਟਵਾਰੀ ਦਿੱਤੇ ਜਾਣ ਤਾਂ ਜੋ ਉਨ੍ਹਾਂ ਨੂੰ ਕੋਈ ਕਰਿੰਦਾ ਰੱਖਕੇ ਕੰਮ ਨਾ ਕਰਵਾਉਣਾ ਪਵੇ।
ਪ੍ਰਧਾਨ ਭੇਡਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਯੋਜਨਾ ਰਾਹੀਂ ਕਿਸਾਨਾਂ ਨੂੰ ਜੋ 6 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ ਉਸ ਵਿੱਚ ਜਮੀਨ ਦੀ ਹੱਦ ਚੱਕ ਦਿੱਤੀ ਗਈ ਹੈ। ਖੇਤੀਬਾੜੀ ਵਿਭਾਗ ਦੇ ਸਕੱਤਰ ਸ. ਕਾਹਨ ਸਿੰਘ ਪਨੂੰ ਵਲੋਂ ਦੱਸਿਆ ਗਿਆ ਹੈ ਕਿ ਲਗਭਗ 23 ਲੱਖ ਫਾਰਮ ਕਿਸਾਨਾਂ ਵੱਲੋਂ ਭਰਿਆ ਜਾ ਚੁੱਕਾ ਹੈ ਜਿਸਦੀ ਵੈਰੀਫੀਕੇਸ਼ਨ ਪਟਵਾਰੀਆਂ ਵਲੋਂ ਕੀਤੀ ਜਾਣੀ ਹੈ। ਪ੍ਰਧਾਨ ਭੇਡਪੁਰਾ ਨੇ ਦੱਸਿਆ ਕਿ ਫਾਰਮ ਲਈ ਘੱਟੋ ਘੱਟ ਕਿੰਨੀ ਜਮੀਨ ਹੋਣੀ ਚਾਹੀਦੀ ਹੈ ਇਸਦੀਆਂ ਕੋਈ ਹਦਾਇਤਾਂ ਨਹੀਂ ਹਨ। ਹੁਣ ਵੇਖਣ ਵਿਚ ਆਇਆ ਕਿ ਪਿੰਡਾਂ ਵਿਚ ਲੋਕਾਂ ਨੇ ਜਿਨ੍ਹਾਂ ਕੋਲ 2-2 ਮਰਲੇ ਜਮੀਨ ਹੈ ਉਸ ਵਿਚ ਸਬਜੀ ਬੀਜੀ ਹੋਈ ਹੈ ਉਹ ਵੀ ਇਹ ਫਾਰਮ ਭਰ ਰਹੇ ਹਨ, ਪ੍ਰੰਤੂ ਪਰਿਵਾਰ ਦੇ ਜਿੰਨੇ ਵੀ ਮੈਂਬਰ ਹਨ ਸਾਰਿਆਂ ਵੱਲੋਂ ਹੀ ਫਾਰਮ ਭਰੇ ਜਾ ਰਹੇ ਹਨ। ਇਸ ਤਰ੍ਹਾਂ ਨਾਲ ਪੰਜਾਬ ਵਿਚ ਇਹ ਫਾਰਮ ਲਗਭਗ 50 ਲੱਖ ਤੋਂ ਵਧੇਰੇ ਹੋ ਜਾਣਗੇ ਜਿਸਦੀ ਪੜਤਾਲ ਕਰਨ ਲਈ ਪਟਵਾਰੀਆਂ ਕੋਲ ਕੋਈ ਅਜਿਹਾ ਯੰਤਰ ਨਹੀਂ ਹੈ ਜਿਸ ਨਾਲ ਉਹ ਹਜ਼ਾਰਾਂ ਫਾਰਮਾਂ ਦੀ ਸ਼ਨਾਖਤ ਕਰ ਸਕਣ। ਪੰਜਾਬ ਵਿੱਚ ਪਟਵਾਰੀਆਂ ਦੀਆਂ 4716 ਪੋਸਟਾਂ ਵਿਚੋਂ ਲਗਭਗ 2600 ਪੋਸਟਾਂ ਭਰੀਆਂ ਹਨ, ਜਦੋਂ ਕਿ 2100 ਦੇ ਕਰੀਬ ਪੋਸਟਾਂ ਖਾਲੀ ਹਨ। ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਇਨ੍ਹਾਂ ਫਾਰਮਾਂ ਦੀ ਪੜਤਾਲ ਲਈ ਅਸਮਰੱਥਾ ਪ੍ਰਗਟਾਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 3500 ਪਟਵਾਰੀ ਤੁਰੰਤ ਰੈਗੂਲਰ ਭਰਤੀ ਕੀਤੇ ਜਾਣ।