← ਪਿਛੇ ਪਰਤੋ
ਚੰਡੀਗੜ੍ਹ, 10 ਜੁਲਾਈ 2019 - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਕਾਰਨ ਸਿੱਖ ਫਾਰ ਜਸਟਿਸ ਉੱਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਜਾਰੀ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਇਹ ਤਾਂ ਜੱਗ ਜ਼ਾਹਿਰ ਹੈ ਕਿ ਸਿੱਖ ਫਾਰ ਜਸਟਿਸ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਦੇ ਇਸ਼ਾਰਿਆਂ ਤੇ ਕੰਮ ਕਰਦਿਆਂ ਭਾਰਤ ਵਿੱਚ ਅਸਥਿਰਤਾ ਫੈਲਾਉਣ ਦੇ ਇਰਾਦੇ ਰੱਖਦੀ ਹੈ। ਉਨ੍ਹਾਂ ਕਿਹਾ ਕਿ ਐੱਸ ਜੇ ਐੱਫ ਅਤੇ ਉਸ ਦੀਆ ਹੋਰ ਸਹਿਯੋਗੀ ਸੰਸਥਾਵਾਂ ਭਾਰਤ ਅਤੇ ਖਾਸ ਕਰਕੇ ਪੰਜਾਬ ਸੂਬੇ ਵਿੱਚ ਗਲਤ ਅਨਸਰਾਂ ਰਾਹੀਂ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਅਰੋੜਾ ਨੇ ਕਿਹਾ ਕਿ ਪਿਛਲੇ ਕੁਝ ਸਮਿਆਂ ਵਿੱਚ ਐੱਸ ਐੱਫ ਜੇ ਪੰਜਾਬ ਦੇ ਨੌਜਵਾਨਾਂ ਨੂੰ ਪੈਸੇ ਅਤੇ ਪੰਜਾਬ ਸੂਬੇ ਤੋਂ ਆਜ਼ਾਦੀ ਦੇ ਨਾਂ ਤੇ ਰਿਫਰੈਂਡਮ 2020 ਦੇ ਬੈਨਰ ਹੇਠ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਇਸ ਦਾ ਭਾਰੀ ਖ਼ਦਸ਼ਾ ਸੀ ਕਿ ਪੰਜਾਬ ਦਾ ਬੇਰੁਜ਼ਗਾਰ ਨੌਜਵਾਨ ਐੱਸ ਐੱਫ ਜੇ ਦੀਆਂ ਪੰਜਾਬ ਵਿਰੋਧੀ ਚਾਲਾਂ ਵਿੱਚ ਆ ਕੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਅੰਜਾਮ ਦੇ ਸਕਦਾ ਸੀ। ਪੰਜਾਬ ਦੇ ਨੌਜਵਾਨਾਂ ਦੇ ਸਨਮੁੱਖ ਹੁੰਦਿਆਂ ਅਰੋੜਾ ਨੇ ਕਿਹਾ ਕਿ ਉਹ ਭਾਰਤ ਵਿਰੋਧੀ ਅਜਿਹੀਆਂ ਤਾਕਤਾਂ ਤੋਂ ਦੂਰ ਰਹਿਣ ਕਿਉਂਕਿ ਪੰਜਾਬ 90 ਦੇ ਦਸ਼ਕ ਵਰਗਾ ਮਾੜਾ ਹਾਲਾਤ ਦੁਬਾਰਾ ਫੀਰ ਨਹੀਂ ਬਰਦਾਸ਼ਤ ਕਰ ਸਕਦਾ। ਕੇਂਦਰ ਅਤੇ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਉਹ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤਾਂ ਜੋ ਉਨ੍ਹਾਂ ਦੀ ਤਾਕਤ ਨੂੰ ਸਹੀ ਤਰੀਕੇ ਨਾਲ ਵਰਤਿਆ ਜਾ ਸਕੇ।
Total Responses : 936