ਹੁਸ਼ਿਆਰਪੁਰ, 10 ਜੁਲਾਈ 2019 - ਚੱਬੇਵਾਲ ਹਲਕੇ ਤੋਂ ਵਿਆਹੁਤਾ ਵਿਅਕਤੀ ਵੱਲੋਂ ਤੀਜਾ ਵਿਆਹ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸੈਦੋ ਪੱਟੀ ਵਿੱਚ ਗਰੀਬ ਦਿਹਾੜੀਦਾਰ ਦੀ ਕੁੜੀ ਨਾਲ ਤੀਜਾ ਵਿਆਹ ਕਰਨ ਆਏ ਪਰਮਿੰਦਰ ਸਿੰਘ ਨੂੰ ਉਸ ਦੀ ਦੂਜੀ ਪਤਨੀ ਨੇ ਪੁਲਿਸ ਦੀ ਮਦਦ ਲਾਵਾਂ ਵੇਲੇ ਕਾਬੂ ਕੀਤਾ।
ਪਰਮਿੰਦਰ ਦਾ ਦੂਸਰਾ ਵਿਆਹ ਸੁਖਵਿੰਦਰ ਕੌਰ ਨਾਲ ਹੋਇਆ ਸੀ ਜੋ ਕਿ ਪਿੰਡ ਪਚਰੰਗਾ ਦੀ ਰਹਿਣ ਵਾਲੀ ਸੀ। ਵਿਆਹ ਤੋਂ ਬਾਅਦ ਪਰਮਿੰਦਰ ਆਪਣੀ ਪਤਨੀ ਨਾਲ ਅਕਸਰ ਕੁੱਟਮਾਰ ਕਰਨ ਲੱਗਾ। ਜਿਸ ਤੋਂ ਤੰਗ ਆਕੇ ਸੁਖਵਿੰਦਰ ਦੇ ਘਰ ਵਾਲਿਆਂ ਨੇ ਉਹਨੂੰ ਪੇਕੇ ਘਰ ਵਾਪਿਸ ਲਿਆਂਦਾ ਅਤੇ ਤਲਾਕ ਲਈ ਕੋਰਟ 'ਚ ਕੇਸ ਲਾ ਦਿੱਤਾ।
ਅਜੇ ਕੋਰਟ ਦਾ ਇਸ ਕੇਸ 'ਤੇ ਕੋਈ ਫੈਸਲਾ ਨਹੀਂ ਹੋਇਆ ਸੀ ਕੇ ਸੁਖਵਿੰਦਰ ਕੌਰ ਨੂੰ ਪਤਾ ਲੱਗਿਆ ਕਿ ਉਸ ਦਾ ਪਤੀ ਪਰਮਿੰਦਰ ਜੋ ਕਿ 8 ਦਿਨ ਪਹਿਲਾਂ ਦੁਬਈ ਤੋਂ ਵਾਪਿਸ ਆਇਆ ਹੈ ਤੀਸਰਾ ਵਿਆਹ ਕਰ ਰਿਹਾ ਹੈ। ਇਸ ਤੋਂ ਬਾਅਦ ਅੱਜ ਸੁਖਵਿੰਦਰ ਕੌਰ ਤੇ ਉਸ ਦੇ ਪਰਿਵਾਰ ਨੇ ਪੁਲਿਸ ਦੀ ਮਦਦ ਨਾਲ ਪਰਮਿੰਦਰ ਨੂੰ ਉਸ ਦੇ ਤੀਜੇ ਵਿਆਹ ਦੀ ਦੂਜੀ ਲਾਂਵ 'ਤੇ ਰੋਕ ਲਿਆ। ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਮੇਰੇ ਨਾਲ ਤਲਾਕ ਲਏ ਬਿਨਾਂ ਸੁਖਵਿੰਦਰ ਹੋਰ ਵਿਆਹ ਨਹੀ ਕਰ ਸਕਦਾ।
ਦੂਸਰੇ ਪਾਸੇ ਠੱਗੀ ਦਾ ਸ਼ਿਕਾਰ ਹੋਈ ਕੁੜੀ ਜਿਸ ਦਾ ਵਿਆਹ ਹੋ ਰਿਹਾ ਸੀ ਉਸ ਦੇ ਪਿਤਾ ਦਾ ਇਹ ਹਾਲ ਹੈ ਕਿ ਪਿੰਡ ਵਾਲੇ ਪੈਸੇ ਜੋੜ ਕੇ ਉਸ ਦਾ ਵਿਆਹ ਕਰਵਾ ਰਹੇ ਸਨ। ਉਹ ਇੱਕ ਦਿਹਾੜੀਦਾਰ ਹੈ। ਜਦੋਂ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾੜੇ ਅਤੇ ਉਸ ਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ।