ਨਵੀਂ ਦਿੱਲੀ, 11 ਜੁਲਾਈ 2019 - ਪੰਜਾਬ ਤੋਂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਚੁਣ ਕੇ ਪਾਰਲੀਮੈਂਟ ਵਿਚ ਪਹੁੰਚੇ ਕਾਂਗਰਸੀ ਐਮਪੀ ਮੁਹੰਮਦ ਸਦੀਕ ਨੇ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਪੀਚ ਕਰ ਕੇ ਹੋਰਨਾਂ ਮੈਂਬਰ ਪਾਰਲੀਮੈਂਟਾਂ ਲਈ ਮਿਸਾਲ ਪੈਦਾ ਕਰ ਦਿੱਤੀ। ਹਾਲਾਂਕਿ ਸਦੀਕ ਵੱਲੋਂ ਪੰਜਾਬੀ ਬੋਲਣ ਉੱਤੇ ਸੰਸਦ ਵਿਚ ਖ਼ੂਬ ਹਾਸਾ ਵੀ ਪਿਆ। ਸਪੀਕਰ ਦੇ ਵਾਰ ਵਾਰ ਕਹਿਣ 'ਤੇ ਕਿ ਸਦੀਕ ਨੇ ਪੰਜਾਬੀ 'ਚ ਭਾਸ਼ਣ ਲਈ ਪਹਿਲਾਂ ਨੋਟਿਸ ਨਹੀਂ ਦਿੱਤਾ, ਤਾਂ ਵੀ ਮੁਹੰਮਦ ਸਦੀਕ ਪੰਜਾਬੀ 'ਚ ਆਪਣੀ ਸਪੀਚ ਨੂੰ ਕਾਗਜ਼ ਤੋਂ ਦਬਾ ਦਬ ਪੜ੍ਹ ਕੇ ਸੁਣਾਉਣ 'ਚ ਮਸ਼ਰੂਫ ਰਹੇ।
ਸਪੀਕਰ ਵਾਰ ਵਾਰ ਸਦੀਕ ਨੂੰ ਅਪੀਲ ਕਰਦੇ ਰਹੇ ਕਿ ਕਈ ਮੈਂਬਰ ਨੂੰ ਤਕਲੀਫ਼ ਹੋ ਰਹੀ ਹੈ। ਇਸ ਲਈ ਹਿੰਦੀ ਵਿਚ ਬੋਲੋ ਪਰ ਸਦੀਕ ਨਾ ਟਲੇ। ਇਸ ਤੋਂ ਇਲਾਵਾ ਸਦੀਕ ਦੀ ਬੋਲਣ ਸ਼ੈਲੀ ਉੱਤੇ ਵੀ ਖ਼ੂਬ ਹਾਸਾ ਪਿਆ ਪਰ ਸਦੀਕ ਆਪਣੇ ਅੰਦਾਜ਼ ਵਿਚ ਡਟੇ ਰਹੇ। ਕਈ ਵਾਰ ਸਦੀਕ ਨੇ ਮਾਣਯੋਗ ਸਪੀਕਰ ਓਮ ਬਿਰਲਾ ਨੂੰ ਮੈਡਮ ਕਹਿ ਕੇ ਵੀ ਸੰਬੋਧਤ ਕਰ ਦਿੱਤਾ ਜਿਸ 'ਤੇ ਸਦਨ 'ਚ ਬੈਠੇ ਮੈਂਬਰ ਪਾਰਲੀਮੈਂਟਾਂ ਨੇ ਖੂਬ ਹਾਸੇ ਪਾਏ।