ਪਟਿਆਲਾ,11 ਜੁਲਾਈ 2019 - ਪੀ.ਪੀ.ਸੀ.ਬੀ. ਦੇ ਚੇਅਰਮੈਨ ਪ੍ਰੋ. ਐੱਸ.ਐੱਸ.ਮਰਵਾਹਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬੋਰਡ ਦੀਆਂ 35 ਟੀਮਾਂ ਨੇ ਪੰਜਾਬ ਭਰ ਵਿੱਚ 170 ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਛਾਪੇਮਾਰੀ ਕੀਤੀ ਜਿਹਨਾਂ ਵਿੱਚੋਂ ਸਿਰਫ਼ 78 ਹਸਪਤਾਲ ਬਾਇਓ-ਮੈਡੀਕਲ ਵੇਸਟ ਪ੍ਰਬੰਧਨ ਨਿਯਮ, 2016 ਦੀ ਪਾਲਣਾ ਕਰਦੇ ਹੋਏ ਪਾਏ ਗਏ ਜਦਕਿ ਬਾਕੀ ਹਸਪਤਾਲ ਵਿੱਚ ਛੋਟੀਆਂ ਤੋਂ ਲੈ ਕੇ ਕਈ ਵੱਡੀਆਂ ਊਣਤਾਂਈਆਂ ਪਾਈਆਂ ਗਈਆਂ।
ਇਸ ਬਾਰੇ ਗੱਲਬਾਤ ਕਰਦਿਆਂ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਭਰ ਦੇ 8400 ਹਸਪਤਾਲਾਂ ਅਤੇ ਪ੍ਰਯੋਗਸ਼ਾਲਾਵਾਂ ਦਾ ਬਾਇਓ-ਮੈਡੀਕਲ ਵੇਸਟ ਦਾ ਵਿਗਿਆਨਕ ਨਿਪਟਾਰਾ ਕਰਨ ਲਈ ਪੰਜ ਬਾਇਓ-ਮੈਡੀਕਲ ਵੇਸਟ ਟਰੀਟਮੈਂਟ ਸੁਵਿਧਾਵਾਂ ਮੁਹਾਲੀ, ਲੁਧਿਆਣਾ, ਅੰਮ੍ਰਿਤਸਰ, ਮੁਕਤਸਰ ਅਤੇ ਪਠਾਨਕੋਟ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਹਨ ਜੋ ਇਹਨਾਂ ਹਸਪਤਾਲਾਂ ਦਾ ਸਾਰਾ ਵੇਸਟ ਜਿਹੜਾ, 15 ਤੋਂ 16 ਟਨ ਪ੍ਰਤੀਦਿਨ ਦੇ ਹਿਸਾਬ ਨਾਲ ਪੈਦਾ ਹੋ ਰਿਹਾ ਹੈ, ਨੂੰ ਵਿਗਿਆਨਕ ਤਰੀਕੇ ਨਾਲ ਸੋਧਣ ਦੇ ਸਮਰੱਥ ਹਨ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਹਸਪਤਾਲਾਂ ਤੋਂ ਇਹ ਕੂੜਾ-ਕਰਕਟ ਜੀ.ਪੀ.ਐੱਸ. ਆਧਾਰਿਤ ਗੱਡੀਆਂ ਰਾਹੀਂ ਟਰੀਟਮੈਂਟ ਸੁਵਿਧਾ ਤੱਕ ਲੈ ਕੇ ਜਾਣ ਦੀ ਜਿੰਮੇਵਾਰੀ ਵੀ ਇਹਨਾਂ ਟਰੀਟਮੈਂਟ ਸੁਵਿਧਾਵਾਂ ਦੀ ਹੀ ਹੈ।
ਉਹਨਾਂ ਅੱਗੇ ਦੱਸਿਆ ਕਿ ਉਕਤ ਛਾਪੇਮਾਰੀ ਦੌਰਾਨ ਲੁਧਿਆਣਾ ਜ਼ਿਲ੍ਹੇ ਵਿੱਚ 25 ਹਸਪਤਾਲ, ਬਠਿੰਡਾ ਅਤੇ ਅਮ੍ਰਿੰਤਸਰ ਜ਼ਿਲ੍ਹੇ ਵਿੱਚ 7-7 ਹਸਪਤਾਲ, ਮੁਹਾਲੀ ਅਤੇ ਕਪੂਰਥਲਾ ਜ਼ਿਲ੍ਹੇ ਵਿੱਚ 6-6 ਹਸਪਤਾਲ, ਸੰਗਰੂਰ ਅਤੇ ਮਾਨਸਾ ਜ਼ਿਲ੍ਹੇ ਵਿੱਚ 5-5 ਹਸਪਤਾਲ, ਜਲੰਧਰ ਜ਼ਿਲ੍ਹੇ ਵਿੱਚ 3, ਰੋਪੜ ਫਰੀਦਕੋਟ, ਫਿਰੋਜ਼ਪੁਰ ਹੁਸ਼ਿਆਰਪੁਰ ਜ਼ਿਲਿਆਂ ਵਿੱਚ 4-4 ਹਸਪਤਾਲ, ਫਤਿਹਗੜ, ਪਟਿਆਲਾ ਤੇ ਮੁਕਤਸਰ ਜ਼ਿਲ੍ਹਿਆਂ ਵਿੱਚ 2-2 ਹਸਪਤਾਲ, ਤਰਨਤਾਰਨ, ਮੋਗਾ ਅਤੇ ਨਵਾਂ ਸ਼ਹਿਰ ਜ਼ਿਲਿਆਂ ਵਿੱਚ 1-1 ਹਸਪਤਾਲ ਬਾਇਓ-ਮੈਡੀਕਲ ਵੇਸਟ ਪ੍ਰਬੰਧਨ ਨਿਯਮ, 2016 ਦੀ ਉਲੰਘਣਾ ਕਰਦੇ ਪਾਏ ਗਏ। ਇਹਨਾ ਹਸਪਤਾਲਾਂ ਵਿੱਚ ਬਾਇਓ-ਮੈਡੀਕਲ ਵੇਸਟ ਦੀ ਉਤਪਤੀ, ਨਿਪਟਾਰੇ ਅਤੇ ਇਸ ਵੇਸਟ ਨੂੰ ਵੱਖ-ਵੱਖ ਰੰਗ ਦੀਆਂ ਬਾਲਟੀਆਂ ਵਿੱਚ ਸਾਂਭਣ ਦੀ ਸੁਵਿਧਾ ਮੌਜੂਦ ਨਹੀਂ ਸੀ। ਇਹਨਾਂ ਹਸਪਤਾਲਾਂ ਖਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਬੋਰਡ ਦੇ ਚੇਅਰਮੈਨ ਪ੍ਰੋ. ਐੱਸ.ਐੱਸ.ਮਰਵਾਹਾ ਨੇ ਇਹਨਾਂ ਊਣਤਾਂਈਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੈਡੀਕਲ ਕਿੱਤੇ ਨਾਲ ਜੁੜੇ ਸਮੂਹ ਡਾਕਟਰ ਸਾਹਿਬਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਇਓ-ਮੈਡੀਕਲ ਵੇਸਟ ਆਪਣੇ ਆਪ ਵਿੱਚ ਸਮੁੱਚੇ ਵਾਤਾਵਰਣ, ਕੁਦਰਤ, ਕਾਇਨਾਤ ਅਤੇ ਮਨੁੱਖਤਾ ਲਈ ਇੱਕ ਗੰਭੀਰ ਖ਼ਤਰਾ ਹੈ। ਡਾਕਟਰ ਸਾਹਿਬਾਨ ਇਸ ਦੀ ਮੈਡੀਕਲ ਗੰਭੀਰਤਾ ਨੂੰ ਸਮਝਦੇ ਹੋਏ ਇਸ ਵੇਸਟ ਦੇ ਵਿਗਿਆਨਕ ਨਿਪਟਾਰੇ ਲਈ ਆਪਣਾ ਨੈਤਿਕ ਅਤੇ ਸਮਾਜਿਕ ਫਰਜ਼ ਨਿਭਾਉਣ।