ਬਰੇਲੀ, 11 ਜੁਲਾਈ 2019 - ਬਰੇਲੀ ਦੇ ਬਿਥਰੀ ਚੈਨਪੁਰ ਤੋਂ ਵਿਧਾਇਕ ਰਾਜੇਸ਼ ਮੁਸ਼ਰਾ ਦੀ ਲੜਕੀ ਸਾਕਸ਼ੀ ਮਿਸ਼ਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡਿਓ ਪਾਈ ਹੈ ਜਿਸ 'ਚ ਉਸ ਨੇ ਆਪਣੇ ਪਿਤਾ ਤੋਂ ਉਸ ਦੀ ਅਤੇ ਉਸ ਦੇ ਘਰਵਾਲੇ ਦੀ ਜਾਨ ਨੂੰ ਖਤਰਾ ਦੱਸਿਆ ਹੈ ਅਤੇ ਪੁਲਿਸ ਕੋਲੋ ਸੁਰੱਖਿਆ ਦੀ ਮੰਗ ਕੀਤੀ ਹੈ। ਵੀਡੀਓ ਰਾਹੀਂ ਭਾਜਪਾ ਵਿਧਾਇਕ ਦੀ ਲੜਕੀ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਤੇ ਉਸ ਦੇ ਪਤੀ ਨੂੰ ਆਪਣੇ ਵਿਧਾਇਕ ਪਿਤਾ ਤੋਂ ਜਾਨ ਦਾ ਖ਼ਤਰਾ ਹੈ ਕਿਉਂਕਿ ਉਸ ਨੇ ਇਕ ਦਲਿਤ ਲੜਕੇ ਨਾਲ ਵਿਆਹ ਕੀਤਾ ਹੈ। ਵੀਡੀਓ 'ਚ ਸਾਕਸ਼ੀ ਮਿਸ਼ਰਾ ਨੇ ਕਿਹਾ ਹੈ ਕਿ ਜੇ ਉਸ ਨੂੰ ਤੇ ਉਸ ਦੇ ਪਤੀ ਨੂੰ ਕੁੱਝ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਉਸ ਦੇ ਪਿਤਾ ਹੋਣਗੇ।
ਜਦੋਂ ਵਿਧਾਇਕ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਉਸ ਦੀ ਬੇਟੀ ਬਾਲਗ ਹੈ ਤੇ ਉਹ ਆਪਣੇ ਫ਼ੈਸਲੇ ਖ਼ੁਦ ਲੈ ਸਕਦੀ ਹੈ। ਵਿਧਾਇਕ ਨੇ ਕਿਹਾ ਕਿ ਉਸ ਦੀ ਬੇਟੀ ਨੂੰ ਉਸ ਕੋਲੋਂ, ਪਰਿਵਾਰ ਜਾਂ ਉਸ (ਵਿਧਾਇਕ) ਨਾਲ ਜੁੜੇ ਕਿਸੇ ਸ਼ਖ਼ਸ ਤੋਂ ਧਮਕੀ ਨਹੀਂ ਦਿੱਤੀ ਗਈ।
ਇਸ ਮਾਮਲੇ 'ਤੇ ਡੀਆਈਜੀ ਆਰ.ਕੇ. ਪਾਂਡੇ ਨੇ ਕਿਹਾ ਹੈ ਕਿ ਉਸ ਨੂੰ ਇਸ ਵੀਡੀਓ ਬਾਰੇ ਜਾਣਕਾਰੀ ਮਿਲੀ ਹੈ ਅਤੇ ਉਨ੍ਹਾਂ ਨੇ ਐੱਸਐੱਸਪੀ ਨੂੰ ਉਨ੍ਹਾਂ ਨੂੰ ਸੁਰੱਖਿਆ ਦੇਣ ਲਈ ਕਿਹਾ ਹੈ। ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਵਿਧਾਇਕ ਦੀ ਲੜਕੀ ਅਤੇ ਉਸ ਦਾ ਪਤੀ ਕਿੱਥੇ ਹਨ ਅਤੇ ਕਿੱਥੇ ਉਨ੍ਹਾਂ ਨੂੰ ਸੁਰੱਖਿਆ ਮੁਹੱਇਆ ਕਰਵਾਈ ਜਾਵੇ।