← ਪਿਛੇ ਪਰਤੋ
ਮਮਦੋਟ ,11 ਜੁਲਾਈ 2019 (ਨਿਰਵੈਰ ਸਿੰਘ ਸਿੰਧੀ) - ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਕੋਈ ਖਾਸ ਪ੍ਰਾਪਤੀ ਮਿਲਦੀ ਨਜਰ ਨਹੀਂ ਆ ਰਹੀ ਹੈ, ਨਸ਼ੇ ਦੇ ਸੋਦਾਗਰਾਂ ਦੇ ਹੌਂਸਲੇ ਅੱਜ ਵੀ ਬੁਲੰਦ ਜਾਪ ਰਹੇ ਹਨ। ਪੰਜਾਬ ਦਿਨੋ ਦਿਨ ਨਸ਼ੇ ਦੇ ਇਸ ਦਰਿਆ ਵਿੱਚ ਵਹਿੰਦਾ ਜਾ ਰਿਹਾ ਹੈ। ਇਸ ਘਿਨੌਣੀ ਤਬਾਹੀ ਵਿੱਚ ਅੱਜ ਫੇਰ ਇੱਕ ਨੌਜਵਾਨ ਰੁੜ ਜਾਣ ਦਾ ਬਹੁਤ ਹੀ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੋਨੂੰ (27) ਵਾਸੀ ਮਮਦੋਟ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ ਅਤੇ ਅੱਜ ਵੀ ਉਸਨੇ ਕਥਿਤ ਚਿੱਟੇ ਦਾ ਨਸ਼ਾ ਕੀਤਾ ਜਿਸ ਕਰਕੇ ਉਸਦੀ ਮੌਤ ਹੋ ਗਈ। ਓਹਨਾਂ ਦੱਸਿਆ ਕਿ ਮ੍ਰਿਤਕ ਪਿੱਛੇ ਤਿੰਨ ਛੋਟੇ-ਛੋਟੇ ਬੱਚੇ ਅਤੇ ਪਤਨੀ ਛੱਡ ਗਿਆ ਹੈ। ਓਹਨਾਂ ਦੱਸਿਆ ਕਿ ਸੋਨੂੰ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਸੀ। ਇਸ ਘਟਨਾ ਬਾਰੇ ਪਤਾ ਚਲਦਿਆਂ ਹੀ ਡੀ ਐੱਸ ਪੀ ਸਤਨਾਮ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ਉੱਪਰ ਪਹੁੰਚੇ ਹੋਏ ਸਨ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਬਲਾਕ ਮਮਦੋਟ ਅਧੀਨ ਆਉਂਦੇ ਪਿੰਡ ਟਿੱਬੀ ਕਲਾਂ ਵਿਖੇ ਵੀ ਇੱਕ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਰਕੇ ਹੋ ਚੁੱਕੀ ਹੈ। ਮ੍ਰਿਤਕ ਸੋਨੂੰ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਪੰਜਾਬ ਅੰਦਰੋਂ ਨਸ਼ਾ ਖਤਮ ਕਰਨ ਵਾਸਤੇ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਅਤੇ ਸਰਕਾਰ ਕੋਲੋਂ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ।
Total Responses : 188