ਡਾਕਟਰ ਚੀਮਾ ਨੇ ਕਿਹਾ - ਸਿੱਖਾਂ ਲਈ ਖ਼ਾਲਿਸਤਾਨ ਕੋਈ ਮੁੱਦਾ ਨਹੀਂ ਹੈ
ਖ਼ਾਲਿਸਤਾਨ ਦੇ ਮੁੱਦੇ ਤੇ ਅਕਾਲੀ ਦਲ ਨੇ ਕੈਪਟਨ ਨੂੰ ਕਿਹਾ ਦੋਗਲਾ ਪਰ ਐਸ ਐਫ ਜੇ ਤੇ ਪਾਬੰਦੀ ਦੇ ਮੁੱਦੇ ਤੇ ਧਾਰੀ ਚੁੱਪ
ਚੰਡੀਗੜ੍ਹ ,11 ਜੁਲਾਈ, 2019 :
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖ਼ਾਲਿਸਤਾਨ ਅਤੇ ਅਖੌਤੀ ਰਾਏ-ਸ਼ੁਮਾਰੀ 2020 ਦੇ ਮੁੱਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਦੋਗਲੀ ਰਾਜਕੁਮਾਰੀ ਖੇਡਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕੈਪਟਨ ਪੰਜਾਬ ਅੰਦਰ ਵੱਖਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਅਨਸਰਾਂ ਬਾਰੇ ਆਪਣੇ ਸਟੈਂਡ ਨੂੰ ਸਪਸ਼ਟ ਕਰੇ ਪਰ ਨਾਲ ਹੀ ਮੋਦੀ ਸਰਕਾਰ ਵੱਲੋਂ ਖ਼ਾਲਿਸਤਾਨ ਪੱਖੀ ਜਥੇਬੰਦੀ ਸਿੱਖਾਂ ਫ਼ਾਰ ਜਸਟਿਸ ਤੇ ਮੋਦੀ ਸਰਕਾਰ ਵੱਲੋਂ ਲਈ ਪਾਬੰਦੀ ਬਾਰੇ ਭੇਦ ਭਰੀ ਚੁੱਪ ਵੀ ਧਾਰ ਲਈ ਹੈ .
ਪਾਬੰਦੀ ਤੋਂ ਬਾਅਦ ਪਾਰਟੀ ਵੱਲੋਂ ਦਿੱਤੇ ਪਹਿਲੇ ਬਿਆਨ ਵਿਚ ਆਪਣੀ ਹੀ ਕੁਲੀਸ਼ਨ ਸਰਕਾਰ ਦੇ ਫ਼ੈਸਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ .
ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੀ ਕਿਰਪਾ ਕਰਕੇ ਅਸਲੀ ਅਮਰਿੰਦਰ ਸਾਹਮਣੇ ਆਵੇਗਾ, ਜਿਸਦਾ ਇਸ ਮੁੱਦੇ ਉੱਤੇ ਇੱਕ ਸਟੈਂਡ ਹੋਵੇ?
ਉਨ੍ਹਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਖ਼ਾਲਿਸਤਾਨ ਦਾ ਸ਼ਰੇਆਮ ਸਮਰਥਨ ਕਰਨ ਵਾਲੇ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ ਵਰਗਿਆਂ ਨਾਲ ਖਾਂਦਾ-ਪੀਂਦਾ ਅਤੇ ਉੱਠਦਾ-ਬੈਠਦਾ ਹੈ ਅਤੇ ਇੱਥੋਂ ਤਕ ਕਿ ਵਿਦੇਸ਼ਾਂ ਵਿਚ ਡਿਕਸੀ ਵਰਗੇ ਖ਼ਾਲਿਸਤਾਨ ਗੜ੍ਹ ਵਾਲੇ ਇਲਾਕਿਆਂ 'ਚ ਜਾਂਦਾ ਹੈ ਅਤੇ ਦੂਜੇ ਪਾਸੇ ਦੇਸ਼-ਭਗਤ ਹੋਣ ਦਾ ਵੀ ਢਕਵੰਜ ਕਰਦਾ ਹੈ।
ਡਾਕਟਰ ਚੀਮਾ ਨੇ ਦੇਸ਼ ਅੰਦਰ ਸੰਘੀ ਢਾਂਚੇ ਦੇ ਹੱਕ ਵਿਚ ਪਾਰਟੀ ਦਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਸੂਬਿਆਂ ਕੋਲ ਵੱਧ ਤੋਂ ਵੱਧ ਅਧਿਕਾਰ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਦੇਸ਼ ਭਗਤ, ਅਣਖੀ ਅਤੇ ਬਹਾਦਰ ਸਿੱਖ ਕੌਮ ਦਾ ਸਨਮਾਨ ਬਹਾਲ ਕਰਨ ਅਤੇ ਉਨ੍ਹਾਂ ਦੀਆਂ ਜਾਇਜ਼ ਸ਼ਿਕਾਇਤਾਂ ਦੂਰ ਕਰਨ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇਸ ਦੇਸ਼ ਦੀ ਰਾਖੀ ਕਰਨ ਵਾਲੀ ਬਾਂਹ ਹਾਂ ਅਤੇ ਅਸੀਂ ਸਿਰਫ਼ ਇਹੋ ਚਾਹੁੰਦੇ ਹਾਂ ਕਿ ਸਾਡਾ ਸਨਮਾਨ ਬਹਾਲ ਕੀਤਾ ਜਾਵੇ ਅਤੇ ਸਾਡੇ ਹੱਕਾਂ ਦੀ ਰਾਖੀ ਹੋਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬੀਆਂ ਅਤੇ ਸਿੱਖਾਂ ਦੇ ਹੱਕਾਂ ਲਈ ਸ਼ਾਂਤਮਈ ਅਤੇ ਜਮਹੂਰੀ ਢੰਗ ਨਾਲ ਮੋਰਚੇ ਲਾਏ ਹਨ। ਖ਼ਾਲਿਸਤਾਨ ਸਿੱਖਾਂ ਲਈ ਕੋਈ ਮੁੱਦਾ ਨਹੀਂ ਹੈ।
ਡਾਕਟਰ ਚੀਮਾ ਨੇ ਕਿਹਾ ਕਿ 'ਸਿੱਖਸ ਫ਼ਾਰ ਜਸਟਿਸ' ਉੱਤੇ ਪਾਬੰਦੀ ਲਾਉਣ ਦੇ ਮੁੱਦੇ ਉੱਤੇ ਅਮਰਿੰਦਰ ਦਾ ਪਾਖੰਡੀ ਸਟੈਂਡ ਅਤੇ ਸ਼ਰੇਆਮ ਖ਼ਾਲਿਸਤਾਨ ਦੀ ਹਮਾਇਤ ਕਰਨ ਵਾਲੇ ਅਨਸਰਾਂ ਨਾਲ ਉਸ ਦਾ ਮੇਲ-ਜੋਲ ਇਸ ਗੱਲ ਦੀ ਉੱਘੜਵੀਂ ਮਿਸਾਲ ਹੈ ਕਿ ਉਹ ਇਸ ਮੁੱਦੇ ਉੱਤੇ ਦੋਗਲੀ ਬਾਜ਼ੀ ਖੇਡ ਰਿਹਾ ਹੈ। ਇੱਕ ਬੋਲੀ ਉਹ ਦਿੱਲੀ ਵਾਸਤੇ ਬੋਲਦਾ ਹੈ ਅਤੇ ਦੂਜੀ ਉਨ੍ਹਾਂ ਵਾਸਤੇ ਬੋਲਦਾ ਹੈ, ਜਿਨ੍ਹਾਂ ਨੂੰ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਅਤੇ ਸਿੱਖਾਂ ਵਿਚ ਵੰਡੀਆਂ ਪਾਉਣ ਲਈ ਇਸਤੇਮਾਲ ਕਰਦਾ ਹੈ। ਰਾਸ਼ਟਰਵਾਦ ਦੇ ਨਾਅਰੇ ਲਗਾਉਣਾ ਅਤੇ ਸਿੱਖਾਂ ਦੇ ਗੁਰਧਾਮਾਂ ਉੱਤੇ ਕਬਜ਼ਾ ਕਰਨ ਲਈ ਅੰਦਰਖਾਤੇ ਅਕਾਲੀ ਦਲ-ਵਿਰੋਧੀ ਗਰਮਖਿਆਲੀਆਂ ਨਾਲ ਸਾਂਝਾ ਪਾਉਣਾ ਕਾਂਗਰਸੀ ਦਾ ਇੱਕ ਪੁਰਾਣਾ ਹੱਥਕੰਡਾ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਸਿੱਖਾਂ ਵਿਚ ਵੰਡੀਆਂ ਪਾਉਣ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਭੜਕਾਊ ਨਾਅਰਿਆਂ ਰਾਹੀਂ ਕਾਂਗਰਸ ਸਰਕਾਰਾਂ ਦੀ ਸਿੱਖ ਗੁਰਧਾਮਾਂ ਅਤੇ ਐਸਜੀਪੀਸੀ ਵਰਗੀਆਂ ਸੰਸਥਾਵਾਂ ਉੱਤੇ ਕਬਜ਼ੇ ਕਰਨ ਦੀ ਲਾਲਸਾ ਨੇ ਪੰਜਾਬ ਅੰਦਰ ਖਾੜਕੂਵਾਦ ਨੂੰ ਜਨਮ ਦਿੱਤਾ ਸੀ। ਉਹਨਾਂ ਕਿਹਾ ਕਿ ਅਮਰਿੰਦਰ ਉਹਨਾਂ ਸਾਰੀਆਂ ਸਾਜ਼ਿਸ਼ਾਂ ਦਾ ਇੱਕ ਅਹਿਮ ਹਿੱਸਾ ਸੀ। ਉਹ ਉਹਨਾਂ ਕਾਂਗਰਸੀ ਆਗੂਆਂ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜਿਹੜੇ ਲੋਕਾਂ ਨੂੰ ਗੁਮਰਾਹ ਕਰਨ ਦਾ ਸਿੱਖੀ ਦਾ ਮਖੌਟਾ ਪਾ ਲੈਂਦੇ ਹਨ ਜਦਕਿ ਉਹ ਅੰਦਰੋਂ ਸਿੱਖ ਪੰਥ ਨੂੰ ਮੁਖੌਟੇ ਕਰਨ ਵਾਲੀਆਂ ਸਾਜ਼ਿਸ਼ਾਂ ਦਾ ਹਿੱਸਾ ਹੁੰਦੇ ਹਨ। ਅਜਿਹੇ ਆਗੂ ਆਪਣੇ ਆਕਾਵਾਂ ਦੀ ਨਜ਼ਰ ਵਿਚ ਸੱਚੇ ਰਹਿਣ ਲਈ ਇਕਦਮ ਰਾਸ਼ਟਰਵਾਦੀ ਬਣ ਜਾਂਦੇ ਹਨ।