ਪਟਿਆਲਾ, 12 ਜੁਲਾਈ 2019 - ਵਿਸ਼ਵ ਆਬਾਦੀ ਦਿਵਸ ਮੌਕੇ 4 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਵੱਲੋਂ ਸਰਕਾਰੀ ਕਾਲਜ ਲੜਕੀਆਂ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕੀ ਅਫ਼ਸਰ ਮੇਜਰ ਅਨੀਤਾ ਜੇਥੀ ਨੇ ਐਨ.ਸੀ.ਸੀ ਕੈਡਿਟਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਧਦੀ ਆਬਾਦੀ ਇਕ ਅਹਿਮ ਮਸਲਾ ਹੈ, ਜੋ ਦੇਸ਼ ਦੇ ਵਿਕਾਸ ਨੂੰ ਪ੍ਰਭਾਵਤ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਕ ਸਿਹਤਮੰਦ ਸਮਾਜ ਦੇ ਲਈ ਆਬਾਦੀ ਦਾ ਸਥਿਰ ਹੋਣਾ ਬਹੁਤ ਜਰੂਰੀ ਹੈ ਤੇ ਜਿਨੀ ਤੇਜੀ ਨਾਲ ਸਾਡੀ ਆਬਾਦੀ ਵਧੇਗੀ ਉਨ੍ਹੇ ਹੀ ਸਾਡੇ ਕੁਦਰਤੀ ਸੋਮੇ ਘੱਟਦੇ ਜਾਣਗੇ ਤੇ ਸਾਨੂੰ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਕੈਡਿਟ ਆਬਾਦੀ ਦੇ ਵਾਧੇ ਸਬੰਧੀ ਜਾਗਰੂਕਤਾ ਪੈਦਾ ਕਰਕੇ ਅਹਿਮ ਰੋਲ ਅਦਾ ਕਰ ਸਕਦੇ ਹਨ।
ਮੇਜਰ ਅਨੀਤਾ ਜੇਥੀ ਨੇ ਕਿਹਾ ਕਿ ਵਧਦੀ ਆਬਾਦੀ ਨਾਲ ਦੇਸ਼ ਵਿਚ ਕਈ ਹੋਰ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ ਜੋ ਦੇਸ਼ ਦੀ ਤਰੱਕੀ ਵਿਚ ਰੁਕਾਵਟ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਆਬਾਦੀ ਦੇ ਵਾਧੇ ਨਾਲ ਹੀ ਇਕ ਹੋਰ ਸਮੱਸਿਆ ਦੂਸ਼ਿਤ ਵਾਤਾਵਰਣ ਦੀ ਹੈ ਜਿਸ ਨਾਲ ਕਈ ਭਿਆਨਕ ਬਿਮਾਰੀਆਂ ਜਨਮ ਲੈ ਰਹੀਆਂ ਹਨ ਇਨ੍ਹਾਂ ਸਭ ਮੁਸ਼ਕਲਾਂ ਦਾ ਹੱਲ ਜਾਗਰੂਕਤਾ ਨਾਲ ਹੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਐਨ.ਐਨ.ਸੀ. ਕੈਡਿਟਾਂ ਦੀ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਅਹਿਮ ਭੂਮਿਕਾ ਹੋ ਸਕਦੀ ਹੈ। ਉਨ੍ਹਾਂ ਕੈਡਿਟਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਨ.ਸੀ.ਸੀ. ਕੈਡਿਟਾਂ ਵੱਲੋਂ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਰਹਿਣਯੋਗ ਬਣਾਉਣ ਦੀ ਸਹੁੰ ਖਾਂਦੀ ਗਈ।