← ਪਿਛੇ ਪਰਤੋ
ਮਾਨਸਾ, 12 ਜੁਲਾਈ 2019: ਜ਼ਿਲ੍ਹੇ ਲਈ ਬਣੇ ਹੀ ਮਾਣ ਵਾਲੀ ਗੱਲ ਹੈ ਕਿ ਸਿਹਤ ਵਿਭਾਗ ਮਾਨਸਾ ਨੂੰ ਔਰਤਾਂ ਦੀ ਲੈਪਰੋਸਕੋਪਿਕ ਸਰਜ਼ਰੀ ਦੇ ਬਿਹਤਰ ਨਤੀਜ਼ਿਆਂ ਲਈ ਪੰਜਾਬ ਭਰ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਹੋਇਆ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ਼੍ਰੀ ਬਲਬੀਰ ਸਿੰਘ ਸਿੱਧੂ ਨੇ ਇਹ ਅਵਾਰਡ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਅਤੇ ਸਰਜਨ ਡਾ. ਹਰਦੀਪ ਸ਼ਰਮਾ ਨੂੰ ਸਾਲ 2018-19 'ਚ ਜ਼ਿਲ੍ਹਾ ਮਾਨਸਾ ਵਿੱਚ 1100 ਦੇ ਕਰੀਬ ਦੂਰਬੀਨ ਰਾਹੀਂ ਔਰਤਾਂ ਦੇ ਨਸਬੰਦੀ ਆਪਰੇਸ਼ਨ ਕਰਨ ਲਈ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਰਜਨ ਡਾ. ਹਰਦੀਪ ਸ਼ਰਮਾ ਨੂੰ ਸਭ ਤੋਂ ਵੱਧ ਦੂਰਬੀਨ ਰਾਹੀਂ ਨਸਬੰਦੀ ਆਪਰੇਸ਼ਨ ਕਰਨ ਲਈ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਜ਼ਿਲ੍ਹਾ ਮਾਨਸਾ ਦੀ ਆਸ਼ਾ ਵਰਕਰ ਅਤੇ ਏ.ਐਨ.ਐਮ. ਨੂੰ ਵੀ ਪਰਿਵਾਰ ਨਿਯੋਜਨ ਉਤੇ ਸ਼ਲਾਘਾਯੋਗ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ। ਠੂਠਿਆਂ ਵਾਲੀ ਤੋਂ ਆਸ਼ਾ ਵਰਕਰ ਸਤਪਾਲ ਕੌਰ ਨੂੰ 31 ਔਰਤਾਂ ਨੂੰ ਬੱਚਾ ਪੈਦਾ ਹੋਣ ਤੋਂ ਬਾਅਦ ਪਰਿਵਾਰ ਨਿਯੋਜਨ ਤਕਨੀਕ ਅਪਣਾਉਣ ਲਈ ਪ੍ਰੇਰਿਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਜੋਗਾ ਤੋਂ ਏ.ਐਨ.ਐਮ. ਹਰਪ੍ਰੀਤ ਕੌਰ ਨੂੰ 42 ਔਰਤਾਂ ਨੂੰ ਪ੍ਰੇਰਿਤ ਕਰਕੇ ਪਰਿਵਾਰ ਨਿਯੋਜਨ ਆਪ੍ਰੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਨ ਸਦਕਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਮਾਨਸਾ ਦੇ ਸਿਹਤ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਜਦ ਜਨਸੰਖਿਆ ਬਹੁਤ ਜ਼ਿਆਦਾ ਹੋਣ ਕਾਰਨ ਕੁਦਰਤੀ ਵਸੀਲਿਆਂ ਦੀ ਘਾਟ ਹੋ ਗਈ ਹੈ, ਉਥੇ ਪਰਿਵਾਰ ਨਿਯੋਜਨ ਦੇ ਖੇਤਰ 'ਚ ਸ਼ਲਾਘਾਯੋਗ ਕੰਮ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਾਨਸਾ ਸਿਹਤ ਅਧਿਕਾਰੀਆਂ ਨੇ ਸਮੇਂ ਦਾ ਹਾਣੀ ਬਣਦਿਆਂ ਜਿੰਮੇਵਾਰੀਆਂ ਤਨਦੇਹੀ ਨਾਲ ਨਿਭਾਈਆਂ ਹਨ ਅਤੇ ਆਂਉਣ ਵਾਲੇ ਸਮੇਂ ਵਿੱਚ ਵੀ ਉਹ ਇਸ ਤਰ੍ਹਾਂ ਦਾ ਕੰਮ ਜ਼ਾਰੀ ਰੱਖਣਗੇ।
Total Responses : 935