ਪਟਿਆਲਾ, 12 ਜੁਲਾਈ 2019 : ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟਰੇਨਿੰਗ ਵਿਭਾਗ (ਡੀ.ਓ.ਪੀ.ਟੀ.) ਵੱਲੋਂ ਸਪਾਂਸਰ ਸਟਰੈਸ ਮੈਨੇਜਮੈਂਟ ਵਿਸ਼ੇ 'ਤੇ ਤਿੰਨ ਦਿਨ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ।
ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸ਼੍ਰੀ ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੁਆਰਡੀਨੇਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਸਿਖਲਾਈ ਪ੍ਰੋਗਰਾਮ ਦੇ ਸ਼ਡਿਊਲ, ਉਦੇਸ਼ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਸਿਖਲਾਈ ਪ੍ਰੋਗਰਾਮ ਵਿੱਚ ਵਿਸ਼ਾ-ਮਾਹਿਰ ਡਾ. ਆਗਿਆਜੀਤ ਸਿੰਘ, ਮਨੋਵਿਗਿਆਨ ਵਿਭਾਗ ਮੁਖੀ (ਰਿਟਾ.), ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋ. ਕਮਲੇਸ਼ ਮੋਹਿਦਰੁ, ਮਨੋਵਿਗਿਆਨ ਵਿਭਾਗ ਮੁਖੀ (ਰਿਟਾ.), ਸਰਕਾਰੀ ਕਾਲਜ (ਲੜਕੀਆਂ) ਪਟਿਆਲਾ, ਇੰਜ. ਹਰਜੀਤ ਸਿੰਘ, ਜਨਰਲ ਮੈਨੇਜਰ (ਰਿਟਾ.) ਐਮ.ਐਨ.ਸੀ. ਅਤੇ ਮਨੋਵਿਗਿਆਨਕ ਸਲਾਹਕਾਰ ਅਤੇ ਸ਼੍ਰੀ ਯਸ਼ਪਾਲ ਮਾਨਵੀਂ, ਸਹਾਇਕ ਡਾਇਰੈਕਟਰ (ਰਿਟਾ.), ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਤਣਾਅ ਦੀਆਂ ਕਿਸਮਾਂ ਅਤੇ ਤਣਾਆ ਨੂੰ ਮਾਪਣਾ, ਤਣਾਅ ਦੇ ਕਾਰਨ ਅਤੇ ਲੱਛਣ, ਤਣਾਅ ਨੂੰ ਘਟਾਉਣ ਦੇ ਨੁਕਤੇ, ਆਪਣੇ ਕੰਮ ਨੂੰ ਤਰਜੀਹਾਂ ਦੇ ਆਧਾਰ ਤੇ ਵੰਡਣਾ, ਤਣਾਅ ਅਤੇ ਮਾਨਸਿਕਤਾ, ਤਣਾਅ ਨੂੰ ਘਟਾਉਣ ਲਈ ਜਿੰਦਗੀ ਦੀਆਂ ਮੁਹਾਰਤਾਂ, ਮਾਨਸਿਕ ਤਣਾਅ ਨੂੰ ਘਟਾਉਣ ਲਈ ਅਭਿਆਸ, ਗੁੱਸੇ ਦਾ ਅੰਦਾਜ਼ਾ ਲਾਉਣਾ, ਮਨੋਵਿਗਿਆਨਕ ਕੌਸਲਿੰਗ ਦਾ ਤਣਾਅ ਘਟਾਉਣ ਵਿੱਚ ਯੋਗਦਾਨ, ਤਣਾਅ ਦੇ ਵੱਖ-ਵੱਖ ਸਰੋਤ ਪਛਾਨਣਾ ਅਤੇ ਤਨਾਅ ਘਟਾਉਣ ਦੀ ਯੋਜਨਾ ਬਣਾਉਣਾ, ਸਮਾਂ ਪ੍ਰਬੰਧਨ ਅਤੇ ਸਵਾਲ-ਜਵਾਬ ਅਤੇ ਕਿਰਿਆਵਾਂ, ਵਿਦਿਆਰਥੀਆਂ ਵਿੱਚ ਤਣਾਅ ਦੇ ਕਾਰਨ ਅਤੇ ਉਸਦਾ ਇਲਾਜ ਵਿਸ਼ੇ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਤੇ ਭਰਪੂਰ ਜਾਣਕਾਰੀ ਦਿੱਤੀ ਗਈ।
ਇਸ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਸ਼੍ਰੀ ਐੱਮ.ਐੱਲ. ਸ਼ਰਮਾ, ਪੀ.ਸੀ.ਐੱਸ. (ਰਿਟਾ.), ਖੇਤਰੀ ਪ੍ਰੋਜੈਕਟ ਡਾਇਰੈਕਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਅਤੇ ਉਨਾਂ ਵੱਲੋਂ ਭਾਗੀਦਾਰਾਂ ਤੋਂ ਇਸ ਤਿੰਨ ਦਿਨ ਦੇ ਸਿਖਲਾਈ ਪ੍ਰੋਗਰਾਮ ਸਬੰਧੀ ਫੀਡਬੈਕ ਲਈ ਗਈ। ਉਨਾਂ ਭਾਗੀਦਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਨਾਂ ਨੂੰ ਦਫ਼ਤਰੀ ਕੰਮਕਾਜ ਬਿਨਾਂ ਕਿਸੇ ਤਨਾਅ ਦੇ ਪੂਰੀ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਕਰਨਾ ਚਾਹੀਦਾ ਹੈ, ਇਸ ਨਾਲ ਨਾ ਕੇਵਲ ਦਫ਼ਤਰੀ ਕੰਮਕਾਜ ਵਿੱਚ ਨਿਪੁੰਨਤਾ ਆਵੇਗੀ, ਬਲਕਿ ਉਨਾਂ ਨੂੰ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਲਾਭ ਹੋਵੇਗਾ। ਭਾਗੀਦਾਰਾਂ ਵੱਲੋਂ ਵੀ ਇਸ ਪ੍ਰੋਗਰਾਮ ਵਿੱਚ ਮਿਲੀ ਜਾਣਕਾਰੀ ਤੇ ਸੰਤੁਸ਼ਟੀ ਜਤਾਈ ਗਈ ਅਤੇ ਉਨਾਂ ਕਿਹਾ ਕਿ ਇਸ ਤਿੰਨ ਦਿਨ ਦਾ ਪ੍ਰੋਗਰਾਮ ਉਨਾਂ ਦੇ ਨਿੱਜੀ ਜਿੰਦਗੀ ਅਤੇ ਦਫ਼ਤਰੀ ਜੀਵਨ ਵਿੱਚ ਬਿਨਾਂ ਤਣਾਅ ਜਾਂ ਬਿਨਾਂ ਕਿਸੇ ਬੋਝ ਦੇ ਕੰਮ ਕਰਨ ਵਿੱਚ ਬਹੁਤ ਵੱਡਾ ਰੋਲ ਅਦਾ ਕਰੇਗਾ।
ਸ਼੍ਰੀ ਐੱਮ.ਐੱਲ. ਸ਼ਰਮਾ, ਪੀ.ਸੀ.ਐੱਸ. (ਰਿਟਾ.), ਖੇਤਰੀ ਪ੍ਰੋਜੈਕਟ ਡਾਇਰੈਕਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਗੀਦਾਰਾਂ ਨੂੰ ਪਾਰਟੀਸ਼ੀਪੇਸ਼ਨ ਸਰਟੀਫੀਕੇਟ ਅਤੇ ਕੋਰਸ ਸਮੱਗਰੀ ਦੀਆਂ ਸੀਡੀਆਂ ਵੀ ਦਿੱਤੀਆਂ ਗਈਆ।